ਗੋਲਡ ਮੈਡਲਿਸਟ ਹਿਮਾ ਦਾਸ ਨੂੰ ਸਨਮਾਨਿਤ ਕਰਨ ਤੋਂ ਬਾਅਦ ਚਰਚਾ ‘ਚ ਆਇਆ ਫਿਨਲੈਂਡ ਦਾ ਚਰਨਜੀਤ ਸ਼ਰਮਾ

ਮੋਗਾ 20 ਜੁਲਾਈ ( ਪੱਤਰ ਪਰੇਰਕ) : ਫਿਨਲੈਂਡ ਦੇ ਸ਼ਹਿਰ ਤਾਂਪਰੇ ਵਿੱਚ ਸੰਪੰਨ ਹੋਈ ਆਈ. ਏ. ਏ. ਐਫ. ਅੰਡਰ 20 ਵਿਸ਼ਵ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਹਾਸਿਲ ਕਰਕੇ ਭਾਰਤੀਆਂ ਦਾ ਸਿਰ ਮਾਣ ਨਾਲ ਉੱਚਾ ਕਰਨ ਵਾਲੀ ਲੜਕੀ ਹਿਮਾ ਦਾਸ ਦੀ ਪ੍ਾਪਤੀ ਤੇ ਫਿਨਲੈਂਡ ਵਾਸੀ ਭਾਰਤੀ ਭਾਈਚਾਰੇ ਵੱਲੋਂ ਉਸ ਨੂੰ ਇੱਕ ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਸਦੀ ਕੋਚ ਪੀ. ਟੀ. ਊਸ਼ਾ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਸਨਮਾਨ ਸਮਾਗਮ ਵਿੱਚ ਆਗੂ ਭੂਮਿਕਾ ਨਿਭਾਉਣ ਵਾਲੇ ਪਿੰਡ ਬੁੱਘੀਪੁਰਾ ਨਿਵਾਸੀ ਚਰਨਜੀਤ ਸ਼ਰਮਾ ਪਿੰਡ ਦੇ ਗਰੀਬ ਲੋਕਾਂ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ ਹਨ ਕਿਉਂਕਿ ਉਹ ਗਰੀਬ ਲੜਕੀਆਂ ਦੇ ਵਿਆਹ ਲਈ ਸ਼ਗਨ, ਨਰੇਗਾ ਮਜਦੂਰਾਂ ਨੂੰ ਹਰ ਸਾਲ ਲੋਹੜੀ ਅਤੇ ਦੀਵਾਲੀ ਤੇ ਨਕਦ ਸਹਾਇਤਾ, ਬਾਬਾ ਜੀਵਨ ਸਿੰਘ ਧਰਮਸ਼ਾਲਾ ਦੇ ਨਿਰਮਾਣ ਲਈ ਸਹਾਇਤਾ ਵਰਗੇ ਕੰਮ ਅਕਸਰ ਕਰਦੇ ਰਹਿੰਦੇ ਹਨ। ਪਿਛਲੇ ਦਿਨੀਂ ਰਾਮਦਾਸੀਆ ਸਿੱਖ ਰਾਜਾ ਸਿੰਘ ਨੂੰ ਮਕਾਨ ਬਨਾਉਣ ਲਈ 20 ਹਜ਼ਾਰ ਰੁਪਏ ਦੀ ਸਹਾਇਤਾ ਗੋਕਲ ਚੰਦ ਬੁੱਘੀਪੁਰਾ ਦੇ ਰਾਹੀਂ ਭੇਜੀ, ਜੋ ਉਹਨਾ ਨੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਪਰਿਵਾਰ ਨੂੰ ਭੇਂਟ ਕੀਤੀ।  ਪਿੰਡ ਵਿੱਚ 15 ਸੋਲਰ ਲਾਈਟਾਂ ਲਗਵਾਈਆਂ, ਪੰਛੀਆਂ ਲਈ ਆਲਣੇ ਲਗਵਾਏ, ਡੇਰਾ ਸੱਤੇਆਣਾ ਦਾ ਮੇਨ ਗੇਟ ਬਨਵਾਇਆ, ਪਿੰਡ ਵਿੱਚ ਬਾਬਾ ਗੁੱਦੜ ਜੀ ਦੀ ਜਗਾ ਤੇ ਵਾਟਰ ਕੂਲਰ ਲਗਵਾਇਆ ਜਿੱਥੋਂ ਸਕੂਲ ਦੇ ਬੱਚੇ ਪਾਣੀ ਪੀਂਦੇ ਹਨ,  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਈ ਦੋ ਲੱਖ ਰੁਪਏ ਅਤੇ ਸਰਕਾਰੀ ਪ੍ਾਇਮਰੀ ਸਕੂਲ ਦੀ ਉਸਾਰੀ ਲਈ ਇੱਕ ਲੱਖ ਰੁਪਏ ਦੀ ਸਹਾਇਤਾ ਕਰ ਚੁੱਕੇ ਹਨ । ਪਿੰਡ ਦੇ ਦੋਨਾਂ ਗੁਰਦੁਆਰਿਆਂ ਦੀ ਉਸਾਰੀ ਲਈ ਅਨੇਕਾਂ ਵਾਰ ਦਾਨ ਦੀ ਰਾਸ਼ੀ ਭੇਜ ਚੁੱਕੇ ਹਨ ਤੇ  ਪਿੰਡ ਦੇ ਹੋਰ ਵੀ ਸਾਂਝੇ ਕੰਮਾਂ ਲਈ ਅਕਸਰ ਕੁੱਝ ਨਾ ਕੁੱਝ ਦਾਨ ਕਰਦੇ ਰਹਿੰਦੇ ਹਨ । ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਦੇ ਸਰਪ੍ਸਤ ਗੋਕਲ ਚੰਦ ਬੁੱਘੀਪੁਰਾ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਰਨਜੀਤ ਸ਼ਰਮਾ, ਜਿਸਦਾ ਸਾਰਾ ਪਰਿਵਾਰ ਅਤੇ ਭੈਣ ਭਰਾ ਲਗਭਗ ਪਿਛਲੇ 25 ਸਾਲ ਤੋਂ ਫਿਨਲੈਂਡ ਵਿਖੇ ਰਹਿ ਰਹੇ ਹਨ ਪਰ ਉਹਨਾਂ ਦਾ ਦਿਲ ਹਾਲੇ ਵੀ ਆਪਣੇ ਪੰਜਾਬ ਅਤੇ ਆਪਣੇ ਪਿੰਡ ਲਈ ਧੜਕਦਾ ਹੈ ਤੇ ਪਿੰਡ ਦੀ ਭਲਾਈ ਲਈ ਅਕਸਰ ਮੇਰੇ ਨਾਲ ਹਰ ਰੋਜ਼ ਗੱਲਬਾਤ ਕਰਕੇ ਨਵੇਂ ਸਮਾਜ ਸੇਵੀ ਪ੍ੋਜੈਕਟਾਂ ਦੀਆਂ ਤਿਆਰੀਆਂ ਕਰ ਰਹੇ ਹਨ, ਜੋ ਆਉਣ ਵਾਲੇ ਸਮੇਂ ਵਿੱਚ ਪਿੰਡ ਵਿੱਚ ਲਾਗੂ ਕੀਤੇ ਜਾਣਗੇ । ਇਸ ਮੋਕੇ ਰੂਰਲ ਐਨ.ਜੀ.ਓ. ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਚਰਨਜੀਤ ਸ਼ਰਮਾ ਵੱਲੋਂ ਹਿਮਾ ਦਾਸ ਦਾ ਉਚੇਚਾ ਸਨਮਾਨ ਕਰਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਉਚਾ ਕਰਨ ਲਈ ਅਤੇ ਆਪਣੇ ਪਿੰਡ ਬੁੱਘੀਪੁਰਾ ਲਈ ਅਣਗਿਣਤ ਸਮਾਜ ਭਲਾਈ ਦੇ ਕੰਮ ਕਰਨ ਲਈ ਉਹਨਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਇਸ ਵਾਰ ਜਦ ਵੀ ਉਹ ਭਾਰਤ ਆਉਣਗੇ, ਉਹਨਾਂ ਦਾ ਉਚੇਚਾ ਸਨਮਾਨ ਕੀਤਾ ਜਾਵੇਗਾ । ਇਸ ਮੌਕੇ ਜਸਵਿੰਦਰ ਸਿੰਘ ਖੋਟਾ, ਸੇਵਕ ਸਿੰਘ ਫੌਜੀ, ਬਿਕਰਮ ਸਿੰਘ ਪੰਚ ਸਮੇਤ ਪਿੰਡ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ ।