ਨਵਜੋਤ ਸਿੰਘ ਸਿੱਧੂ ਵੱਲੋਂ ਵਿਰਾਸਤ-ਏ-ਖਾਲਸਾ ਨੂੰ ਸੈਰ ਸਪਾਟੇ ਦੇ ਗੜ੍ਹ ਵਜੋਂ ਵਿਕਸਤ ਕਰਨ ਦਾ ਵਿਸਥਾਰਤ ਖ਼ਾਕਾ ਪੇਸ਼

ਚੰਡੀਗੜ, 20 ਜੁਲਾਈ:(ਪੱਤਰ ਪਰੇਰਕ)-ਸੂਬੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਇੱਕ ਵਿਸਥਾਰਤ ਖ਼ਾਕਾ ਤਿਆਰ ਕੀਤਾ ਹੈ ਜਿਸ ਵਿੱਚ ਵਿਰਾਸਤ-ਏ-ਖਾਲਸਾ ਨੂੰ ਸੈਰ ਸਪਾਟੇ ਦੇ ਗੜ ਵਜੋਂ ਵਿਕਸਤ ਕਰਨ ਦੇ ਨਾਲ ਹੀ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਨੂੰ ਸ਼ਾਨਦਾਰ ਬੁਨਿਆਦੀ ਢਾਂਚੇ ਅਤੇ ਸ਼ਰਧਾਲੂਆਂ ਲਈ ਬਿਹਤਰ ਸਹੂਲਤਾਂ ਨਾਲ ਲੈਸ ਕਰਨਾ ਇੱਕ ਅਹਿਮ ਪੱਖ ਹੈ। ਆਨੰਦਪੁਰ ਸਾਹਿਬ ਫਾੳੂਂਡੇਸ਼ਨ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ. ਸਿੱਧੂ ਨੇ ਕਿਹਾ ਕਿ ਕਿਉਂਕਿ ਵਿਰਾਸਤ-ਏ-ਖਾਲਸਾ ਵਿਖੇ ਦੁਨੀਆਂ ਦੇ ਕੋਨੇ-ਕੋਨੇ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ ਇਸ ਲਈ ਹੁਣ ਢੁਕਵਾਂ ਸਮਾਂ ਹੈ ਕਿ ਇੱਥੇ ਬਜਟ ਹੋਟਲ, ਫੂਡ ਕੋਰਟ, ਯਾਦ ਚਿੰਨਾਂ ਨੂੰ ਵੇਚਣ ਵਾਲੀਆਂ ਦੁਕਾਨਾਂ ਅਤੇ ਆਰਜ਼ੀ ਟੈਂਟਾਂ ਦੀਆਂ ਰਿਹਾਇਸ਼ਾਂ ਵਰਗੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ। ਉਨਾਂ ਫਾੳੂਂਡੇਸ਼ਨ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਇਮਾਰਤਸਾਜ਼ਾਂ ਤੋਂ ਵਿਸਥਾਰਤ ਯੋਜਨਾ ਤਿਆਰ ਕਰਵਾ ਲਈ ਜਾਵੇ ਤਾਂ ਜੋ ਤਕਰੀਬਨ 60 ਏਕੜ ਦੀ ਬਾਕੀ ਬਚਦੀ ਥਾਂ ’ਤੇ ਇਹ ਸਹੂਲਤਾਂ ਵਿਕਸਤ ਕੀਤੀਆਂ ਜਾ ਸਕਣ। ਸ. ਸਿੱਧੂ ਨੇ ਇਸ ਸਬੰਧੀ ਵਿਸਥਾਰਤ ਪ੍ਰਜੈਂਟੇਸ਼ਨ ਬਣਾਉਣ ਦੀ ਜ਼ਿੰਮੇਵਾਰੀ ਫਾੳੂਂਡੇਸ਼ਨ ਨੂੰ ਸੌਂਪੀ ਤਾਂ ਜੋ ਇਸਦੇ ਮੁੱਢਲੇ ਡਿਜ਼ਾਈਨ ਅਤੇ ਢਾਂਚੇ ਨਾਲ ਛੇੜ-ਛਾੜ ਤੋਂ ਬਿਨਾਂ ਇਸ ਸ਼ਾਨਾਮੱਤੇ ਪ੍ਰਾਜੈਕਟ ਨੂੰ ਹੋਰ ਵਿਕਸਤ ਕਰਨ ਦਾ ਕੰਮ ਜਾਰੀ ਰੱਖਿਆ ਜਾ ਸਕੇ। ਉਨਾ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ‘ਸਵਦੇਸ਼ ਦਰਸ਼ਨ ਸਕੀਮ’ ਤਹਿਤ ਸੂਬੇ ਦੀਆਂ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੀਆਂ ਥਾਵਾਂ ਦੇ ਵਿਕਾਸ ਲਈ ਪਹਿਲਾਂ ਹੀ 99 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੋਈ ਹੈ ਜਿਸ ਵਿੱਚੋਂ 29 ਕਰੋੜ ਰੁਪਏ ਦੀ ਰਕਮ ਸਿਰਫ਼ ਸ੍ਰੀ ਆਨੰਦਪੁਰ ਸਾਹਿਬ ਦੇ ਸਰਵਪੱਖੀ ਵਿਕਾਸ ’ਤੇ ਖ਼ਰਚਾ ਜਾਵੇਗੀ। ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਸ੍ਰੀ ਨੈਣਾ ਦੇਵੀ ਨਾਲ ਰੋਪ ਵੇਅ ਰਾਹੀਂ ਜੋੜਨ ਦੀ ਤਜਵੀਜ਼ ਦਾ ਸਮਰਥਨ ਕਰਦੇ ਹੋਏ ਸ. ਸਿੱਧੂ ਨੇ ਕਿਹਾ ਕਿ ਉਹ ਇਸ ਬਾਰੇ ਹਿਮਾਚਲ ਪ੍ਰਦੇਸ਼ ਦੇ ਆਪਣੇ ਹਮਰੁਤਬਾ ਨਾਲ ਗੱਲ ਕਰਨਗੇ ਤਾਂ ਜੋ ਇਸ ਪ੍ਰਾਜੈਕਟ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਅਤੇ ਇਸ ਖੇਤਰ ਦੀ ਸੈਰ ਸਪਾਟੇ ਪੱਖੋਂ ਸਮਰੱਥਾ ਦਾ ਹੋਰ ਭਰਪੂਰ ਇਸਤੇਮਾਲ ਹੋ ਸਕੇ। ਸ੍ਰੀ ਅਨੰਦਪੁਰ ਸਾਹਿਬ ਨੂੰ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਦੀ ਹੈਰੀਟੇਜ਼ ਸਟਰੀਟ ਦੀ ਤਰਜ਼ ’ਤੇ ਵਿਕਸਿਤ ਕਰਨ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਸ. ਸਿੱਧੂ ਨੇ ਸੈਰ ਸਪਾਟਾ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੂੰ ਇੱਕ ਵਿਸਥਾਰਪੂਰਬਕ ਯੋਜਨਾ ਬਣਾਉਣ ਲਈ ਕਿਹਾ ਜੋ ਕਿ ਇਹ ਯਕੀਨੀ ਬਣਾਵੇ ਕਿ ਸਾਰੀਆਂ ਇਮਾਰਤਾਂ, ਦੁਕਾਨਾਂ ਤੇ ਢਾਂਚੇ ਇਕਸਾਰ ਤੇ ਇਕਸਮਾਨ ਹੋਣ। ਇਸ ’ਤੇ ਵਿਭਾਗ ਦੇ ਸਕੱਤਰ ਨੇ ਸ. ਸਿੱਧੂ ਨੂੰ ਜਾਣਕਾਰੀ ਦਿੱਤੀ ਕਿ ਵਿਭਾਗ ਵਲੋਂ ‘ਸਵਦੇਸ਼ ਦਰਸ਼ਨ’ ਪ੍ਰਾਜੈਕਟ ਤਹਿਤ ਪਹਿਲਾਂ ਹੀ ਇਸ ਤਰਜ਼ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਛੇਤੀ ਹੀ ਇਸ ਪ੍ਰਾਜੈਕਟ ਰਾਹੀਂ ਇਸ ਖੇਤਰ ਦੀ ਅਮੀਰ ਵਿਰਾਸਤ ਨੂੰ ਹੋਰ ਸ਼ਾਨਦਾਰ ਦਿੱਖ ਪ੍ਰਦਾਨ ਕੀਤੀ ਜਾਵੇਗੀ। ਸੈਰ ਸਪਾਟਾ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਅਤੇ ਇਸਦੇ ਨੇੜਲੇ ਖੇਤਰ ਵਿੱਚ ਜੰਗਲਾਤ ਹੇਠ ਰਕਬੇ ਨੂੰ ਵਧਾਉਣ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਇਹ ਖੇਤਰ ਕੁਦਰਤੀ ਸੁਹੱਪਣ ਨਾਲ ਭਰਪੂਰ ਹੈ ਅਤੇ ਵਾਤਾਵਰਣ ਵਿੱਚ ਸੰਤੁਲਨ ਬਣਾਈ ਰੱਖਣ ਪੱਖੋਂ ਇਸਦਾ ਅਹਿਮ ਸਥਾਨ ਹੈ। ਮੀਟਿੰਗ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਖਾਲਸਾ ਹੈਰੀਟੇਜ਼ ਪ੍ਰਾਜੈਕਟ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ਹੈ ਅਤੇ ਇੱਥੇ 92,60,564 ਸੈਲਾਨੀ ਆ ਚੁੱਕੇ ਹਨ ਜੋ ਕਿ 7 ਸਾਲਾਂ ਤੋਂ ਘੱਟ ਸਮੇਂ ਦੌਰਾਨ ਕਿਸੇ ਵੀ ਯਾਦਗਾਰੀ ਸਥਾਨ ’ਤੇ ਆਏ ਸੈਲਾਨੀਆਂ ਦੀ ਗਿਣਤੀ ਪੱਖੋਂ ਸਭ ਤੋਂ ਵੱਧ ਹੈ। ਇਸ ਮੌਕੇ ਸਹਿਕਾਰਤਾ ਤੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਵਧੀਕ ਮੁੱਖ ਸਕੱਤਰ ਮਾਲ ਸ੍ਰੀਮਤੀ ਵਿਨੀ ਮਹਾਜਨ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ, ਸੈਰ ਸਪਾਟਾ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ, ਲੋਕ ਨਿਰਮਾਣ ਵਿਭਾਗ ਦੇ ਸਕੱਤਰ ਸ੍ਰੀ ਹੁਸਨ ਲਾਲ ਅਤੇ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਡਾ. ਅਭਿਨਵ ਤਿ੍ਰਖਾ ਵੀ ਹਾਜ਼ਰ ਸਨ।