‘ਤੰਦਰੁਸਤ ਪੰਜਾਬ ਮਿਸ਼ਨ‘ ਤਹਿਤ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਲਈ ਸਵੇਰ ਦੀ ਸੈਰ ਤੇ ਕਸਰਤ ਕਰਵਾਈ ਸ਼ੁਰੂ

ਮੋਗਾ 20 ਜੁਲਾਈ:(ਜਸ਼ਨ): ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਵੇਰ ਦੀ ਸੈਰ ਦੀ ਮਹੱਤਤਾ ਬਾਰੇ ਪਿੰਡਾਂ ਦੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦਵਿੰਦਰ ਸਿੰਘ ਲੋਟੇ ਨੇ ਕਿਹਾ ਕਿ ਸਰੀਰ ਨੂੰ ਤੰਦਰੁਸਤ ਅਤੇ ਰਿਸ਼ਟ-ਪੁਸ਼ਟ ਰੱਖਣ ਲਈ ਸਵੇਰ ਦੀ ਸੈਰ ਅਤੀ ਜ਼ਰੂਰੀ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਗਠਿਤ ਯੁਵਕ ਸੇਵਾਵਾਂ ਕਲੱਬਾਂ ਦੇ ਅਹੁਦੇਦਾਰਾਂ ਵੱਲੋਂ ਲੋਕਾਂ ਨੂੰ ਸਵੇਰ ਦੀ ਸੈਰ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸ੍ਰੀ ਲੋਟੇ ਨੇ ਦੱਸਿਆ ਕਿ ਇਸੇ ਕੜੀ ਤਹਿਤ ਪਿੰਡ ਸੰਗਲਾ ਅਤੇ ਵਰੇ ਆਦਿ ਵਿਖੇ ਲੋਕਾਂ ਨੂੰ ਸਵੇਰ ਦੀ ਸੈਰ ਤੇ ਕਸਰਤ ਸ਼ੁਰੂ ਕਰਵਾਈ ਗਈ। ਪਿੰਡ ਸੰਗਲਾ ਵਿਖੇ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਹਰਦੇਵ ਸਿੰਘ ਨੇ ਪਿੰਡ ਵਾਸੀਆਂ ਨੂੰ ਹਮੇਸ਼ਾ ਤੰਦਰੁਸਤ ਰਹਿਣ ਲਈ ਸਵੇਰ ਦੀ ਸੈਰ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ।
ਇਸ ਦੌਰਾਨ ਉਨਾਂ ਨੌਜਵਾਨਾਂ ਨੂੰ ਕਸਰਤ ਤੇ ਯੋਗਾ ਵੀ ਕਰਵਾਇਆ ਗਿਆ ਅਤੇ ਇਸ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ। ਉਨਾਂ ਪਿੰਡ ਵਾਸੀਆਂ ਨੂੰ ਦੱਸਿਆ ਕਿ ਸਵੇਰ ਦੀ ਸੈਰ ਨਾਲ ਸਰੀਰ ’ਚ ਹਰ ਸਮੇਂ ਚੁਸਤੀ-ਫੁਰਤੀ ਰਹਿੰਦੀ ਹੈ ਤੇ ਮਾਨਸਿਕ ਤਨਾਅ ਤੋਂ ਵੀ ਮੁਕਤੀ ਮਿਲਦੀ ਹੈ। ਉਨਾਂ ਦੱਸਿਆ ਕਿ ਜਿਹੜਾ ਵਿਅਕਤੀ ਰੋਜ਼ਾਨਾ  ਸਵੇਰ ਦੀ ਸੈਰ ਕਰਦਾ ਹੈ, ਉਸਨੂੰ ਡਾਕਟਰਾਂ ਕੋਲ ਜਾਣ ਦੀ ਕਦੇ ਜ਼ਰੂਰਤ ਨਹੀਂ ਪੈਂਦੀ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਰੋਈ ਸਿਹਤ ਲਈ ਰੋਜ਼ਾਨਾ ਸੈਰ ਅਤੇ ਕਸਰਤ ਕਰਨੀ ਲਾਜ਼ਮੀ ਬਣਾਈ ਜਾਵੇ। ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਆਉਣ ਵਾਲੇ ਦਿਨਾਂ ’ਚ ਜ਼ਿਲੇ ਦੇ ਹੋਰਨਾਂ ਪਿੰਡਾਂ ਵਿੱਚ ਵੀ ਸਵੇਰ ਦੀ ਸੈਰ ਤੇ ਕਸਰਤ ਸ਼ੁਰੂ ਕਰਵਾਈ ਜਾਵੇਗੀ ਤੇ ਇਸ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨਾਂ ਇਹ ਵੀ ਦੱਸਿਆ ਕਿ ਯੁਵਕ ਕਲੱਬ ਵੱਲੋਂ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਪਿੰਡਾਂ ਵਿੱਚ ਪੌਦੇ ਲਗਾਏ ਜਾ ਰਹੇ ਹਨ ਅਤੇ ਜੇਕਰ ਕਿਸੇ ਵਿਅਕਤੀ ਨੂੰ ਨਿੱਜੀ ਤੌਰ ‘ਤੇ ਪੌਦੇ ਲੋੜੀਂਦੇ ਹੋਣ ਤਾਂ ਉਹ ਉਨਾਂ ਨਾਲ ਸੰਪਰਕ ਕਰ ਸਕਦਾ ਹੈ।ਇਸ ਤੋਂ ਇਲਾਵਾ ਪਿੰਡ ਵਰੇ ਵਿਖੇ ਯੁਵਕ ਕਲੱਬ ਵੱਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਵੀ ਜਾਗਰੂਕ ਕੀਤਾ ਗਿਆ।  ਇਸ ਮੌਕੇ ਯੁਵਕ ਕਲੱਬਾਂ ਦੇ ਅਹੁਦੇਦਾਰਾਂ ਤੋਂ ਇਲਾਵਾ ਪਿੰਡ ਦੇ ਨੌਜਵਾਨ ਹਾਜ਼ਰ ਸਨ।