ਪੰਜਾਬ ਦੇ ਮੁੱਖ ਮੰਤਰੀ ਵਲੋਂ ਨਸ਼ਿਆਂ ਵਿਰੁੱਧ ਆਈ ਪੀ ਐਸ ਅਧਿਕਾਰੀ ਦੀ ਨਵੀਂ ਫਿਲਮ ਰਿਲੀਜ਼

ਚੰਡੀਗੜ੍ਹ, 19 ਜੁਲਾਈ-(ਪੱਤਰ ਪਰੇਰਕ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਸਮੱਸਿਆ ਦੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਵਾਸਤੇ ਸੀਨੀਅਰ ਆਈ ਪੀ ਐਸ ਅਧਿਕਾਰੀ ਵਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਫਿਲਮ ‘ ਜਾਗੋ ਤਬ ਸਵੇਰਾ’ ਰਿਲੀਜ਼ ਕੀਤੀ ਹੈ।ਏ ਡੀ ਜੀ ਪੀ (ਐਸ.ਓ.ਜੀ ਟ੍ਰੇਨਿੰਗ) ਡਾ. ਜਤਿੰਦਰ ਜੈਨ ਵਲੋਂ ਤਿਆਰ ਕੀਤੀ ਇਸ ਫਿਲਮ ਵਿੱਚ ਨਸ਼ਿਆਂ ਦੀ ਵਰਤੋਂ ਨਾਲ ਨਸ਼ੇ ਪੀੜਤ ਵਿਅਕਤੀ ਦੀ ਪਰਿਵਾਰਕ ਜ਼ਿੰਦਗੀ, ਸਿਹਤ ਅਤੇ ਵਿੱਤੀ ਸਥਿਤੀ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਉਜਾਗਰ ਕੀਤਾ ਗਿਆ ਹੈ ਅਤੇ ਇਸ ਦੇ ਕਾਰਨ ਪੈਦਾ ਹੋਣ ਵਾਲੀਆਂ ਦੁੱਖ-ਤਕਲੀਫ਼ਾਂ ਅਤੇ ਦਰਦਾਂ ਨੂੰ ਬਿਆਨਿਆ ਗਿਆ ਹੈ। ਇਸ ਫਿਲਮ ਦੇ ਨਾਲ ਨਸ਼ਿਆਂ ਦੇ ਵਿਰੁੱਧ ਸਖਤ ਸੰਦੇਸ਼ ਦਿੱਤਾ ਗਿਆ ਹੈ। ਇਸ ਦੇ ਵਿੱਚ ਡਾ. ਜੈਨ ਵਲੋਂ ਲਿਖੇ ਭਾਵਨਾਤਮਕ ਗੀਤ ਪੇਸ਼  ਕੀਤੇ ਗਏ ਹਨ।  ਆਈ.ਪੀ.ਐਸ ਅਧਿਕਾਰੀ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਸੂਬੇ ਵਿਚੋਂ ਨਸ਼ਿਆਂ ਦੀ ਸੱਮਸਿਆ ਦੇ ਖਾਤਮੇ ਲਈ ਮਹੱਤਵਪੂਰਨ ਯੋਗਦਾਨ ਦੇ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸੋਸ਼ਲ ਮੀਡੀਆ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਨਸ਼ੇ ਨੌਜਵਾਨਾਂ ਅਤੇ ਪੰਜਾਬ ਦੇ ਭਵਿੱਖ ਨੂੰ ਤਬਾਹ ਕਰ ਰਹੇ ਹਨ। ਡਾ. ਜੈਨ ਨੇ ਨਸ਼ਿਆਂ ਦੇ ਵਿਰੁੱਧ 10 ਤੋਂ ਵੱਧ ਫਿਲਮਾਂ ਬਣਾਈਆਂ ਹਨ ਅਤੇ ਉਨ੍ਹਾਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਵਾਸਤੇ ਕੁਝ ਕਿਤਾਬਾਂ ਵੀ ਲਿਖਿਆਂ ਹਨ। ਉਨ੍ਹਾਂ ਵਲੋਂ ਹਾਲ ਹੀ ਵਿੱਚ ਤਿਆਰ ਕੀਤੀਆਂ ਫਿਲਮਾਂ ਵਿੱਚ ਕਿਕ, ਰੇਵ, ਡੋਂਟ ਗੇਟ ਹਾਈ ਟੂ ਡਾਈ, ਸ਼ਨ ਦਾ ਫਨ, ਚਿਲ ਮੇ ਕਿਲ ਸ਼ਾਮਲ ਹਨ। ਉਨ੍ਹਾਂ ਨੇ ਇਸ ਤੋਂ ਪਹਿਲਾਂ ਜਿੰਦਗੀ ਕੀ ਤਲਾਸ਼ (2006), ਆਈਡੀਆ (2008), ਡ੍ਰੀਮਜ਼ ਅਨ ਲਿਮਿਟਡ (2015) ਅਤੇ ਵੇਕ ਅੱਪ (2017) ਬਣਾਈਆਂ ਹਨ। ਇਹ ਸਾਰੀਆਂ ਫਿਲਮਾਂ ਨਸ਼ਿਆਂ ਦੀ ਵਰਤੋਂ ਦੇ ਵਿਰੁੱਧ ਹਨ।