ਮੇਰੀ ਇਮਾਨਦਾਰੀ ’ਤੇ ਉਂਗਲ ਉਠਾਉਣ ਅਤੇ ਪੁਲਿਸ ਦੇ ਮਨੋਬਲ ਨੂੰ ਢਾਹ ਲਾਉਣ ਦੀ ਸਾਜ਼ਿਸ਼ ਘੜਨ ਵਾਲਿਆਂ ਖ਼ਿਲਾਫ਼ ਅਖਤਿਆਰ ਕੀਤਾ ਜਾਵੇਗਾ ਹਰ ਸੰਭਵ ਕਾਨੂੰਨੀ ਰਾਹ: ਡੀ ਜੀ ਪੀ

ਚੰਡੀਗੜ, 19 ਜੁਲਾਈ:(ਪੱਤਰ ਪਰੇਰਕ): ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਆਪਣੇ ਸਵਾਰਥੀ ਹਿੱਤਾਂ ਖਾਤਿਰ ਉਨਾਂ ਅਤੇ ਹੋਰ ਉੁੱਚ ਅਧਿਕਾਰੀਆਂ ਖਿਲਾਫ ਨਿਰਆਧਾਰ  ਤੇ ਮੰਦਭਾਵਨਾ ਨਾਲ ਸ਼ੁਰੂ ਕੀਤੀ ਮੁਹਿੰਮ ਰਾਹੀਂ ਪੁਲਿਸ ਦੇ ਮਨੋਬਲ ਅਤੇ ਭਰੋਸੇਯੋਗਤਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨਾਂ ਕਿਹਾ ਕਿ ਉਹ ਇਸ ਸਾਜਿਸ਼ ਸ਼ਾਮਿਲ ਵਿਅਕਤੀਆਂ ਖਿਲਾਫ ਹਰ ਸੰਭਵ ਕਾਨੂੰਨੀ ਰਾਹ ਅਖਤਿਆਰ ਕਰਨਗੇ।ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਅਰੋੜਾ ਨੇ ਉਨਾਂ ਦੀ ਇਮਾਨਦਾਰੀ ਤੇ ਭਰੋਸੇਯੋਗਤਾ ਬਾਰੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਕੀਤੇ ਗਏ ਕੂੜ ਪ੍ਰਚਾਰ ਤੇ ਚੁੱਪ ਤੋੜਦਿਆਂ ਕਿਹਾ ਕਿ ਉਨਾਂ ਨੇ ਆਪਣੇ 36 ਸਾਲ ਦੇ ਕਾਰਜਕਾਲ ਦੌਰਾਨ ਭਿ੍ਰਸ਼ਟ ਅਤੇ ਅਪਰਾਧਕ ਗਤੀਵਿਧੀਆਂ ’ਚ ਸ਼ਾਮਿਲ ਕਿਸੇ ਵੀ ਪੁਲਿਸ ਅਧਿਕਾਰੀ ਦਾ ਕਦੇ ਵੀ ਸਮਰੱਥਣ ਨਹੀਂ ਕੀਤਾ।ਹਾਈ ਕੋਰਟ ਵਿੱਚ ਇੱਕ ਖ਼ਾਸ ਮਸਲੇ ’ਤੇ ਉਨਾਂ (ਸ੍ਰੀ ਅਰੋੜਾ) ਉੱਪਰ ਲੱਗੇ ਦੋਸ਼ਾਂ ਦੇ ਸਬੰਧ ਵਿੱਚ ਉਨਾਂ  ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨਾਂ ਨੂੰ ਕੁਝ ਮਸਲਿਆਂ ਉੱਤੇ ਇਸ ਕਰਕੇ ਬੋਲਣਾ ਪਿਆ ਹੈ ਕਿਉਂਕਿ ਉਨਾਂ ਦੇ ਕਿਰਦਾਰ ਅਤੇ ਸਰਕਾਰੀ ਕਾਰਵਿਵਹਾਰ ਤੇ ਉਂਗਲ ਉਠਾਉਣ ਨਾਲ ਪੁਲਿਸ ਦੇ ਮਨੋਬਲ ਨੂੰ ਢਾਹ ਲੱਗੀ ਹੈ। ਡੀ.ਜੀ.ਪੀ. ਨੇ ਕਿਹਾ ‘‘ ਕੁਝ ਲੋਕਾਂ ਨੇ ਆਪਣੇ ਨਿੱਜੀ ਮੁਫਾਦ ਅਤੇ ਮੰਦਭਾਵਨਾ ਨਾਲ ਮੇਰੀਆਂ 35 ਸਾਲ ਦੀਆਂ ਸੇਵਾਵਾਂ ਅਤੇ ਭਰੋਸੇਯੋਗਤਾ ਤੇ ਸਵਾਲ ਉਠਾਏ ਹਨ ਮੈਂ ਉਨਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਆਪਣੇ ਨਾਂ ਅਤੇ ਇੱਜ਼ਤ, ਜੋ ਪੁਲਿਸ ਫੋਰਸ ਨਾਲ ਜੁੜੀ ਹੋਈ ਹੈ, ਦੀ ਰੱਖਿਆ ਲਈ ਉਹ ਸਾਰਾ ਕੁਝ ਕਰਾਂਗਾ ਜੋ ਲੋੜੀਂਦਾ ਹੋਵੇਗਾ ਅਤੇ ਮੈਂ ਇਸ ਸਬੰਧੀ ਕਾਨੂੰਨੀ ਕਾਰਵਾਈ ਲਈ ਹਰ ਸੰਭਵ ਹਰਬਾ ਵਰਤਾਂਗਾ।’’ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਸੂਬਾ ਹੋਣ ਤੇ ਗੁਆਂਢੀ ਮੁਲਕ ਦੇ ਹਮੇਸ਼ਾ ਗੜਬੜ ਦੀ ਤਾਂਕ ’ਚ ਰਹਿਣ ਕਾਰਣ ਇਸ ਤਰਾਂ ਦੇ ਕੱਚ ਘੜੱਚ ਦੋਸ਼ ਪ੍ਰਕਾਸ਼ਿਤ ਅਤੇ ਉਭਾਰੇ ਜਾਣੇ ਹੋਰ ਵੀ ਗੰਭੀਰ ਮਸਲਾ ਬਣਾ ਜਾਂਦਾ ਹੈ। ਉਨਾਂ ਨੇ ਜੋਰ ਦੇ ਕੇ ਕਿਹਾ ਕਿ ਸੂਬੇ ਦੀ ਪੁਲਿਸ ਦਾ ਅਕਸ ਅਤੇ ਭਰੋਸੇਯੋਗਤਾ ਬਿਲਕੁਲ ਬੇਦਾਗ ਹੈ ਅਤੇ ਪੰਜਾਬ ਸਰਕਾਰ ਵੱਲੋਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਮੈਰਿਟ ਅਤੇ ਇਮਾਨਦਾਰੀ ਦੇ ਸਵਾਲ ਉੱਤੇ ਸਮਝੋਤਾ ਨਹੀਂ ਕੀਤਾ ਜਾ ਸਕਦਾ।  ਉਨਾਂ ਨੇ ਆਪਣੇ ਬੇਦਾਗ ਰਿਕਾਰਡ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨਾਂ ਨੇ ਆਪ੍ਰੇਸ਼ਨ ਬਲੈਕ ਥੰਡਰ ਸਮੇਤ ਪੰਜਾਬ ਕਾਲੇ ਦੌਰ ਦੌਰਾਨ ਐਸ ਐਸ ਪੀ ਵਜੋਂ ਕਈ ਜ਼ਿਲਿਆਂ ’ਚ ਸੇਵਾਵਾਂ ਨਿਭਾਈਆਂ ਹਨ। ਸ੍ਰੀ ਅਰੋੜਾ ਨੇ ਅੱਗੇ ਕਿਹਾ ਕਿ ਉਹ ਬਕਾਇਦਾ ਇਕ ਵਿਧੀਵਤ ਪ੍ਰਕਿਰਿਆ ਤਹਿਤ ਹੀ ਡਾਇਰੈਕਟਰ ਜਨਰਲ ਦੇ ਅਹੁਦੇ ਤੇ ਪਹੁੰਚੇ ਹਨ। ਡੀ.ਜੀ.ਪੀ. ਨੇ ਜ਼ੋਰ ਦਿੰਦਿਆਂ ਕਿਹਾ, ‘‘ਕਿਉਂ ਜੋ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ, ਤਾਂ ਅਸਪਸ਼ਟ ਅਤੇ ਨਿਰਆਧਾਰ ਦੋਸ਼ਾਂ ਤੋਂ ਅਧਿਕਾਰੀਆਂ ਦੀ ਸੁਰੱਖਿਆ ਅਤਿ ਜ਼ਰੂਰੀ ਹੈ। ਉਨਾਂ ਇਹ ਵੀ ਕਿਹਾ ਕਿ ਦੇਸ਼ ਅਤੇ ਵਿਦੇਸ਼ਾਂ ਵਿੱਚ ਵਸੇ ਅੱਤਵਾਦੀ ਸੰਗਠਨਾਂ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਦਰਪੇਸ਼ ਖ਼ਤਰਿਆਂ ਦੇ ਮੱਦੇਨਜ਼ਰ ਅਧਿਕਾਰੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਹਿਚਕਿਚਾ ਰਹੇ ਹਨ। ਇਹ ਬੋਲਦਿਆਂ ਕਿ ਸਰਹੱਦੀ ਸੂਬਾ ਹੋਣ ਦੇ ਨਾਲ ਨਾਲ ਅੱਤਵਾਦੀ ਗਤੀਵਿਧੀਆਂ ਵਿੱਚ ਲਿਪਤ ਗੁਆਂਢੀ ਮੁਲਕ ਨਾਲ ਮੱਥਾ ਲੱਗਣ ਕਰਕੇ ਪੰਜਾਬ ਗੰਭੀਰ ਸਥਿਤੀ ਸਥਿਤੀ ਨਾਲ ਨਜਿੱਠ ਰਿਹਾ ਹੈ ਡੀ.ਜੀ.ਪੀ. ਨੇ ਕਿਹਾ ਕਿ ਅੱਤਵਾਦ ਨਾਲ ਨਜਿੱਠਣ ਲਈ ਅੱਗੇ ਆਉਣ ਵਾਲੇ ਦਲੇਰ ਪੁਲੀਸ ਅਧਿਕਾਰੀਆਂ ਦੀ ਮੁਕੰਮਲ ਸੁਰੱਖਿਆ ਦਾ ਜਿੰਮਾ ਸੂਬੇ ਦਾ ਹੋਵੇਗਾ। ਉਨਾਂ ਕਿਹਾ,  ‘‘ਦੇਸ਼ ਦੀ ਕਾਨੂੰਨੀ ਪ੍ਰਣਾਲੀ ਤਹਿਤ ਸੁਰੱਖਿਆ ਕਾਰਜਾਂ ਵਿੱਚ ਯੋਗਦਾਨ ਪਾਉਣ ਵਾਲੇ ਕਿਸੇ ਵੀ ਪੁਲੀਸ ਅਧਿਕਾਰੀ ਨੂੰ ਯੋਗ ਸਨਮਾਨ ਦੇਣ ਤੋਂ ਇਨਕਾਰ ਕਰਨਾ ਮੇਰੇ ਪੱਖ ਤੋਂ ਸਹੀ ਨਹੀਂ ਹੋਵਗੇ।’’ ਮੋਗਾ ਦੇ ਸਾਬਕਾ ਐਸ.ਐਸ.ਪੀ. ਰਾਜਜੀਤ ਸਿੰਘ ਬਾਰੇ ਪੁੱਛੇ ਜਾਣ ’ਤੇ ਅਰੋੜਾ ਨੇ ਕਿਹਾ ਕਿ ਉਨਾਂ ਕਦੇ ਵੀ ਇਸ ਅਧਿਕਾਰੀ ਨਾਲ ਕੰਮ ਨਹੀਂ ਕੀਤਾ ਅਤੇ ਕਿਹਾ ਕਿ ਜਿੱਥੋਂ ਤੱਕ 2013 ਨਾਲ ਸਬੰਧਤ ਮੁੱਦੇ ਦੀ ਗੱਲ ਹੈ, ਉਹ ਉਸ ਵੇਲੇ ਡੀ.ਜੀ.ਪੀ. ਦੇ ਅਹੁਦੇ ’ਤੇ ਵੀ ਨਹੀਂ ਸਨ। ਉਨਾਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਰਾਜਜੀਤ ਉਨਾਂ ਦਾ ਚਹੇਤਾ ਸੀ ਅਤੇ ਸਪੱਸ਼ਟ ਕੀਤਾ ਕਿ ਜੇ ਉਹ ਕਿਸੇ ਵੀ ਅਪਰਾਧੀ ਕਾਰਵਾਈ ਵਿੱਚ ਲਿਪਤ ਪਾਇਆ ਜਾਂਦਾ ਹੈ ਤਾਂ ਕਾਨੂੰਨ ਅਨੁਸਾਰ ਨਤੀਜੇ ਭੁਗਤੇਗਾ। ਡੀ.ਜੀ.ਪੀ. ਨੇ ਇਹ ਵੀ ਸਪੱਸ਼ਟ ਕੀਤਾ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ  ਨਸ਼ਿਆਂ ਅਤੇ ਘਿਨੌਣੇ ਅਪਰਾਧਾਂ ਖਿਲਾਫ਼ ਕਿਸੇ ਵੀ ਕੀਮਤ ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ 80,000 ਨਫਰੀ ਵਾਲੀ ਮਜਬੂਤ ਫੋਰਸ ਵਿੱਚ ਕੋਈ ਕਾਲੀ ਭੇਡ ਨਹੀਂ ਹੈ। ਡੀ ਜੀ ਪੀ ਨੇ ਕਿਹਾ ਕਿ ਉਹ ਸੁਧਾਰ ਦੀ ਗੁੰਜਾਇਸ਼ ਵਾਲੇ ਖੇਤਰ ਵਿੱਚ ਸੁਧਾਰ ਕਰਨ ਅਤੇ ਜਿੱਥੇ ਕਿਤੇ ਲੋੜ ਹੋਵੇ ਮਿਸਾਲੀ ਕਦਮ ਚੁੱਕਣ ਲਈ ਪ੍ਰਤੀਬੱਧ ਹਨ।