‘ਤੰਦਰੁਸਤ ਪੰਜਾਬ ਮਿਸ਼ਨ‘ ਤਹਿਤ ਕਿਸਾਨ ਮਿੱਟੀ ਤੇ ਪਾਣੀ ਦੀ ਮੁਫ਼ਤ ਪਰਖ ਕਰਵਾ ਕੇ ਵਾਤਾਵਰਣ ਦੀ ਸੰਭਾਲ ’ਚ ਯੋਗਦਾਨ ਪਾਉਣ-ਡਾ. ਗੁਰਲਵਲੀਨ ਸਿੰਘ ਰਾਣਾ

ਮੋਗਾ 18 ਜੁਲਾਈ: (ਜਸ਼ਨ):ਕਿਸਾਨ ਵੀਰ ਆਪਣੇ ਖੇਤਾਂ ਦੀ ਮਿੱਟੀ ਅਤੇ ਪਾਣੀ ਦੀ ਮੁਫ਼ਤ ਪਰਖ ਕਰਵਾ ਕੇ ‘ਤੰਦਰੁਸਤ ਪੰਜਾਬ ਮਿਸ਼ਨ‘ ਤਹਿਤ ਵਾਤਾਵਰਣ ਦੀ ਸੰਭਾਲ ’ਚ ਯੋਗਦਾਨ ਪਾਉਣ।ਇਹ ਪ੍ਰੇਰਨਾ ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਲਵਲੀਨ ਸਿੰਘ ਰਾਣਾ ਨੇ ਪਿੰਡ ਕਮਾਲਕੇ ਵਿਖੇ ਕਿ੍ਰਸ਼ੀ ਕਲਿਆਣ ਅਭਿਆਨ ਤਹਿਤ ਲਗਾਏ ਗਏ ਕਿਸਾਨ ਸਿਖਲਾਈ ਕੈਪ ਦੌਰਾਨ ਕਿਸਾਨਾਂ ਨੂੰ ਦਿੱਤੀ। ਇਸ ਮੌਕੇ ਉਨਾਂ ਕਿਹਾ ਕਿ ਕਿਸਾਨਾਂ ਨੂੰ ਮਿੱਟੀ ਤੇ ਪਾਣੀ ਦੀ ਪਰਖ ਕਰਵਾਉਣ ਉਪਰੰਤ ਰਿਪੋਰਟ ਅਨੁਸਾਰ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਸਿਫ਼ਾਰਸ-ਸ਼ੁਦਾ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਜਿੱਥੇ ਕਿਸਾਨਾਂ ਦੇ ਪੈਸੇ ਦੀ ਬੱਚਤ ਹੁੰਦੀ ਹੈ, ਉੱਥੇ  ਰਸਾਇਣਕ ਖਾਦਾਂ ਦੀ ਵਰਤੋਂ ਨਾਲ ਵਾਤਾਵਰਣ ਦੇ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਅ ਹੁੰਦਾ ਹੈ। ਇਸ ਮੌਕੇ ਜ਼ਮੀਨ ਦੀ ਮਿੱਟੀ ਪਰਖ ਕਰਕੇ ਕਿਸਾਨਾਂ ਨੂੰ ਭੂਮੀ ਸਿਹਤ ਕਾਰਡ ਵੀ ਵੰਡੇ ਗਏ। ਉਨਾਂ ਦੱਸਿਆ ਕਿ ਖੇਤੀ ਹਮੇਸ਼ਾ ਹੀ ਉੱਤਮ ਸੀ, ਹੈ ਅਤੇ ਰਹੇਗੀ। ਇਸ ਲਈ ਕਿਸਾਨ ਵੀਰਾਂ ਨੂੰ ਇਹ ਨਹੀ ਸੋਚਣਾ ਚਾਹੀਦਾ ਕਿ ਖੇਤੀ ਇੱਕ ਘਾਟੇ ਦਾ ਸੌਦਾ ਹੈ। ਉਨਾਂ ਕਿਹਾ ਕਿ ਕਿਸਾਨਂਾਂ ਨੂੰ ਡੀਲਰਾਂ ਦੀ ਸਲਾਹ ਲੈਣ ਦੀ ਬਜਾਏ ਖੇਤੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ। ਇਸ ਮੌਕੇ ਪਸ਼ੂ ਪਾਲਣ ਅਫ਼ਸਰ ਡਾ. ਹਿਮਾਂਸ਼ੂ ਸਿਆਲ ਨੇ ਦੱਸਿਆ ਕਿ ਕਿ੍ਰਸ਼ੀ ਕਲਿਆਣ ਅਭਿਆਨ ਤਹਿਤ ਕਿਸਾਨਾਂ ਤੇ ਪਸ਼ੂਆਂ ਲਈ ਚੰਗੀ ਨਸਲ ਦੇ ਟੀਕੇ ਮੁਫ਼ਤ ਲਗਾਏ ਜਾ ਰਹੇ ਹਨ, ਤਾਂ ਜੋ ਪਸ਼ੂਆਂ ਦੀਆਂ ਆਉਣ ਵਾਲੀਆਂ ਨਸਲਾਂ ਵਿੱਚ ਸੁਧਾਰ ਹੋ ਸਕੇ। ਕੀਟ ਵਿਗਿਆਨੀ ਡਾ. ਅਰਸ਼ਦੀਪ ਕੌਰ ਨੇ ਦੱਸਿਆ ਕਿ ਕੀੜੇ ਮਕੌੜਿਆਂ ਤੋ ਬਿਮਾਰੀਆਂ ਦੀ ਰੋਕਥਾਮ ਲਈ ਪੀ.ਏ.ਯੂ. ਦੀਆਂ ਸਿਫਾਰਿਸ਼ ਕੀਤੀਆਂ ਦਵਾਈਆਂ ਹੀ ਵਰਤਣੀਆਂ ਚਾਹੀਦੀਆਂ ਹਨ। ਖੇਤੀ ਅਰਥਸ਼ਾਸ਼ਤਰੀ ਡਾ. ਹਰਸਿਮਰਨਜੀਤ ਕੌਰ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਖਰਚਿਆਂ ਦਾ ਹਿਸਾਬ-ਕਿਤਾਬ ਰੱਖਣਾ ਚਾਹੀਦਾ ਹੈ ਤਾਂ ਜੋ ਕੀ ਲਾਗਤ ਆਈ ਅਤੇ ਕੀ ਬਚਿਆ ਬਾਰੇ ਪਤਾ ਲੱਗ ਸਕੇ ਅਤੇ ਅਗਲੇ ਸਾਲ ਇਸ ਤਰੀਕੇ ਨਾਲ ਹੀ ਫ਼ਸਲਾਂ ਦੀ ਚੋਣ ਹੋਵੇ। ਡਾ. ਅਮਨਪ੍ਰੀਤ ਕੌਰ ਫ਼ਸਲ ਵਿਗਿਆਨੀ ਨੇ ਦੱਸਿਆ ਕਿ ਪੀ.ਏ.ਯੂ. ਵੱਲੋ ਸਿਫ਼ਾਰਿਸ਼ ਕੀਤੀਆਂ ਕਿਸਮਾਂ ਦੀ ਚੋਣ ਕਰਕੇ ਹੀ ਫ਼ਸਲਾਂ ਲਗਾਈਆਂ ਜਾਣ। ਕੁਲਵਿੰਦਰ ਸਿੰਘ ਬੀ.ਟੀ.ਐਮ. ਨੇ ਆਤਮਾ ਸਕੀਮ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਇਸ ਕੈਪ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵੱਖ-ਵੱਖ ਸਹਾਇਕ ਧੰਦਿਆਂ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਖੇਤੀਬਾੜੀ ਉੱਪ ਨਿਰੀਖਕ ਜਸਵੀਰ ਸਿੰਘ ਤੋ ਇਲਾਵਾ ਬਾਗਬਾਨੀ ਅਫ਼ਸਰ, ਪਸ਼ੂ ਪਾਲਣ ਅਫ਼ਸਰ, ਕਿ੍ਰਸ਼ੀ ਵਿਗਿਆਨ ਕੇਦਰ ਦੇ ਅਧਿਕਾਰੀ/ਕ੍ਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ