ਪੜੋ ਪੰਜਾਬ, ਪੜਾਓ ਪੰਜਾਬ ਤਕਨੀਕ ਦਾ ਪੰਜਾਬੀ ਸਿਖਾਉਣ ਲਈ ਮੁਹਾਰਨੀ ’ਤੇ ਜ਼ੋਰ

ਚੰਡੀਗੜ, 18 ਜੁਲਾਈ:(ਜਸ਼ਨ): ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਾਤ-ਭਾਸ਼ਾ ਦੇ ਸਹੀ ਅਤੇ ਸ਼ੁੱਧ ਉਚਾਰਣ ਲਈ ਸਿੱਖਿਆ ਵਿਭਾਗ ਵੱਲੋਂ ‘ਪੜੋ ਪੰਜਾਬ, ਪੜਾਓ ਪੰਜਾਬ’ ਤਹਿਤ ਇਕ ਖ਼ਾਸ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਚੰਡੀਗੜ ਵਿੱਚ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਲਈ ਇਕ ਖ਼ਾਸ ਸਿਖਲਾਈ ਵਰਕਸ਼ਾਪ ਰਾਹੀਂ ਉਨਾਂ ਨੂੰ ਮੁਹਾਰਨੀ ਸਿਖਾਈ ਗਈ ਤਾਂ ਜੋ ਉਹ ਸਕੂਲੀ ਬੱਚਿਆਂ ਨੂੰ ਟਕਸਾਲੀ ਪੰਜਾਬੀ ਬੋਲਣੀ ਅਤੇ ਲਿਖਣੀ ਸਿਖਾ ਸਕਣ।ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਸਿੱਖਿਆ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਦਾ ਮੰਨਣਾ ਹੈ ਕਿ ਸੂਬੇ ਵਿੱਚ ਭਾਸ਼ਾਈ ਵਿਭਿੰਨਤਾ ਕਾਰਨ ਬੱਚਿਆਂ ਨੂੰ ਟਕਸਾਲੀ ਪੰਜਾਬੀ ਬੋਲਣ ਅਤੇ ਲਿਖਣ ਵਿੱਚ ਪ੍ਰਪੱਕਤਾ ਦੀ ਘਾਟ ਰਹਿ ਜਾਂਦੀ ਹੈ। ਇਸ ਲਈ ਮੰਤਰੀ ਵੱਲੋਂ ਬੱਚਿਆਂ ਨੂੰ ਮੁਹਾਰਨੀ ਵਿੱਚ ਪ੍ਰਪੱਕ ਕਰਨ ਸਬੰਧੀ ਦਿੱਤੇ ਗਏ ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ‘ਪੜੋ ਪੰਜਾਬ, ਪੜਾਓ ਪੰਜਾਬ’ ਤਹਿਤ ਖ਼ਾਸ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰਾਜੈਕਟ ਤਹਿਤ ਅਧਿਆਪਕ ਵਿਦਿਆਰਥੀਆਂ ਦੀ ਸਹਾਇਤਾ ਨਾਲ ਮੁਹਾਰਨੀ ਚਾਰਟ ਅਤੇ ਕਾਰਡ ਸਿੱਖਣ-ਸਿਖਾਉਣ ਸਮੱਗਰੀ (ਟੀਐੱਲਐੱਮ) ਵੀ ਤਿਆਰ ਕਰਵਾ ਕੇ ਅਭਿਆਸ ਕਰਵਾਇਆ ਜਾਂਦਾ ਹੈ।ਬੁਲਾਰੇ ਨੇ ਦੱਸਿਆ ਕਿ ਵਰਕਸ਼ਾਪ ਦੌਰਾਨ ਅਧਿਆਪਕ ਨੂੰ ਸਿਖਾਇਆ ਗਿਆ ਕਿ ਉਹ ਕਿਵੇਂ ਮੁਹਾਰਨੀ ਕਰਵਾਉਣ ਸਮੇਂ ਵਿਦਿਆਰਥੀਆਂ ਦੇ ਸ਼ੁੱਧ ਉਚਾਰਣ ਦਾ ਧਿਆਨ ਜ਼ਰੂਰੀ ਰੱਖਣ ਅਤੇ ਇਸ ਲਈ ਸਮੂਹ ਰਿਸੋਰਸ ਪਰਸਨ ਪਹਿਲਾਂ ਖ਼ੁਦ ਵੱਧ ਤੋਂ ਵੱਧ ਮੁਹਾਰਨੀ ਬੋਲਣ ਦਾ ਅਭਿਆਸ ਕਰਕੇ ਬਲਾਕ ਪੱਧਰੀ ਸਿਖਲਾਈ ਵਰਕਸ਼ਾਪਾਂ ਦੌਰਾਨ ਪ੍ਰਾਇਮਰੀ ਅਧਿਆਪਕਾਂ ਨਾਲ ਜਾਣਕਾਰੀ ਸਾਂਝੀ ਕਰਨ। ਇਸ ਨਾਲ ਜਿੱਥੇ ਅਧਿਆਪਕ ਵਿਦਿਆਰਥੀਆਂ ਨੂੰ ਸਹੀ ਅਤੇ ਸ਼ੁੱਧ ਪੰਜਾਬੀ ਬੋਲਣਾ ਸਿਖਾਉਣ ’ਚ ਸਫ਼ਲ ਹੋਣਗੇ, ਉੱਥੇ ਨਾਲ ਹੀ ਲਿਖਤ ਅਭਿਆਸ ਵਿੱਚ ਵਿਦਿਆਰਥੀਆਂ ਦੀਆਂ ਗ਼ਲਤੀਆਂ ਵੀ ਘਟਣਗੀਆਂ।
  ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ