ਆਪਣੀ ਹੀ ਬੰਦੂਕ ‘ਚੋਂ ਚੱਲੀ ਗੋਲੀ ਨਾਲ ਸਾਬਕਾ ਫ਼ੌਜੀ ਹਲਾਕ

ਮੋਗਾ,18 ਜੁਲਾਈ(ਜਸ਼ਨ)-ਸਰਹੱਦ ’ਤੇ ਦੁਸ਼ਮਣਾਂ ਨੂੰ ਧੂੜ ਚਟਾਉਣ ਵਾਲੇ ਸਾਬਕਾ ਫੌਜੀ ਦੀ ਅੱਜ ਘਰ ਵਿਚ ਹੀ ਆਪਣੀ ਹੀ ਬੰਦੂਕ ਦੀ ਗੋਲੀ ਨਾਲ ਮੌਤ ਹੋ ਗਈ। ਘਟਨਾਕਰਮ ਅਨੁਸਾਰ ਮੋਗਾ ਦੇ ਪਿੰਡ ਲੰਢੇਕੇ ਵਿਖੇ ਅਚਾਨਕ ਗੋਲੀ ਚੱਲਣ ਨਾਲ ਸਾਬਕਾ ਫੌਜੀ ਦੀ ਮੌਤ ਹੋ ਗਈ । ਸਾਬਕਾ ਫੌਜੀ ਮਨਜੀਤ ਸਿੰਘ ਪੁੱਤਰ ਕਰਨੈਲ ਸਿੰਘ ਸੇਵਾ ਮੁਕਤੀ ਉਪਰੰਤ ਪੰਜਾਬ ਨੈਸ਼ਨਲ ਬੈਂਕ ਪ੍ਰਤਾਪ ਰੋਡ ਵਿਖੇ ਸੁਰੱਖਿਆ ਗਾਰਡ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ । ਅੱਜ ਸਵੇਰ ਸਮੇਂ ਜਦੋਂ ਉਹ ਘਰ ਤੋਂ 9 ਵਜੇ ਦੇ ਕਰੀਬ ਡਿੳੂਟੀ ਲਈ ਰਵਾਨਾ ਹੋਣ ਲੱਗਾ ਤਾਂ ਬੰਦੂਕ ਦਾ ਪਟਾ ਢਿੱਲਾ ਹੋਣ ਕਰਕੇ ਉਸ ਦੇ ਹੱਥੋਂ ਬੰਦੂਕ ਜ਼ਮੀਨ ’ਤੇ ਢਿੱਗ ਪਈ ਤੇ ਹਫ਼ੜਾ ਦਫ਼ੜੀ ਵਿਚ ਬੰਦੂਕ ਚੱਕਣ ਲੱਗਿਆਂ ਘੋੜਾ ਨੱਪਿਆ ਗਿਆ ਤੇ ਬੰਦੂਕ ’ਚੋ ਨਿਕਲੀ ਗੋਲੀ ਉਸ ਦੇ ਗਲ ਵਿਚ ਜਾ ਲੱਗੀ । ਉਸ ਨੂੰ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ’ਤੇ ਸਰਕਾਰੀ ਹਸਪਤਾਲ ਲੈ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਘਟਨਾ ਦੀ ਤਫ਼ਤੀਸ਼ ਕਰ ਰਹੇ ਏ ਐੱਸ ਆਈ ਅਮਰਜੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫ਼ੌਜੀ ਦੀ 12 ਬੋਰ ਦੀ ਰਾਈਫ਼ਲ ਹੇਠਾਂ ਡਿੱਗਣ ਨਾਲ ਹੀ ਚੱਲ ਗਈ ਕਿਉਂਕਿ ਹਲਕੀ ਧਮਕ ਨਾਲ ਹੀ ਗੋਲੀ ਚੱਲ ਸਕਦੀ ਹੈ। ਪੁਲਿਸ ਨੇ ਧਾਰਾ 174 ਤਹਿਤ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮਿ੍ਰਤਕ ਫ਼ੋਜੀ ਦੇ ਦੋ ਪੁੱਤਰ ਅਤੇ ਇਕ ਧੀ ਹੈ ਜਿਹਨਾਂ ਵਿਚੋਂ ਇਕ ਲੜਕਾ ਨੌਕਰੀ ਕਰਦਾ ਹੈ , ਲੜਕੀ  ਨੰਨੀ ਕਲੀ ਪ੍ਰੌਜੈਕਟ ਵਿਚ ਅਧਿਆਪਕਾ ਹੈ ਅਤੇ ਛੋਟਾ ਲੜਕਾ ਆਈ ਟੀ ਆਈ ਵਿਚ ਪੜ ਰਿਹਾ ਹੈ। ਸਾਬਕਾ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ ਨੇ ਸਾਬਕਾ ਫੌਜੀ ਦੀ ਮੌਤ ’ਤੇ ਡੰੂਘੇ ਦੁੱਖ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਸਮੁੱਚਾ ਪਿੰਡ ਸਦਮੇਂ ਵਿਚ ਹੈ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ