‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਪਿੰਡਾਂ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾਤਾਰ ਜਾਰੀ

ਮੋਗਾ 18 ਜੁਲਾਈ:(ਜਸ਼ਨ)-‘ਤੰਦਰੁਸਤ ਪੰਜਾਬ‘ ਮਿਸ਼ਨ ਤਹਿਤ ਜਿੱਥੇ ਨਾਗਰਿਕਾਂ ਨੂੰ ਆਲੇ ਦੁਆਲੇ ਦੀ ਸਫ਼ਾਈ, ਵਾਤਾਵਰਣ ਦੀ ਸਵੱਛਤਾ ਲਈ ਰੁੱਖ ਲਗਾਉਣ, ਤੰਦਰੁਸਤ ਜੀਵਨ ਸ਼ੈਲੀ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਪੀਣ ਵਾਲੇ ਸਾਫ਼ ਪਾਣੀ ਅਤੇ ਸ਼ੁੱਧ ਹਵਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਜ਼ਿਲੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਸਾਫ਼ ਸੁਥਰਾ ਦੁੱਧ ਪੈਦਾ ਕਰਨ ਅਤੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਤੇ ਖਾਦਾਂ ਦੀ ਯੋਗ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸੇ ਕੜੀ ਤਹਿਤ ਪਸ਼ੂ ਪਾਲਣ, ਖੇੇਤੀਬਾੜੀ ਵਿਭਾਗ ਅਤੇ ਕਿ੍ਰਸ਼ੀ ਵਿਗਿਆਨ ਕੇਦਰ ਵੱਲੋ ਸਾਂਝੇ ਤੌਰ ਤੇ ਪਿੰਡ ਬੁਰਜ ਹਮੀਰਾ ਵਿਖੇ ਜਾਗਰੂਕਤਾ ਕੈਪ ਲਗਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਗੁਰਮੀਤ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋ ਪਿੰਡਾਂ ਦੇ ਲੋਕਾਂ ਨੂੰ ਸਾਫ਼ ਸੁਥਰਾ ਦੁੱਧ ਪੈਦਾ ਕਰਨ ਤੇ ਪਸ਼ੂਆਂ ਤੋ ਮਨੁੱਖਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ, ਜਾਨਵਰਾਂ ਦੇ ਟੀਕਾਕਰਨ ਅਤੇ ਦੇਸੀ ਗਾਵਾਂ ਤੇ ਮੱਝਾਂ ਨੂੰ ਮੁਫ਼ਤ ਮਨਸੂਈ ਗਰਭਦਾਨ ਕਰਵਾਉਣ ਹਿੱਤ ਜਿਲੇ ਦੇ 25 ਪਿੰਡਾਂ ਦੀ ਚੋਣ ਕੀਤੀ ਗਈ ਸੀ। ਉਨਾਂ ਦੱਸਿਆ ਕਿ ਇਸ ਕੈਪ ਦੌਰਾਨ ਵੈਟਨਰੀ ਅਫ਼ਸਰ ਵੱਲੋ ਕਿਸਾਨਾਂ ਤੇ ਦੁੱਧ ਉਤਪਾਦਕਾਂ ਨੂੰ ਸਿਹਤਮੰਦ ਮਨੁੱਖੀ ਜੀਵਨ ਜਾਂਚ ਦੇ ਮੱਦੇਨਜ਼ਰ ਸਾਫ-ਸੁਥਰਾ ਦੁੱਧ ਪੈਦਾ ਕਰਨ ਬਾਰੇ ਜਾਗਰੂਕ ਕੀਤਾ ਗਿਆ। ਉਨਾਂ ਪਸ਼ੂਆਂ ਤੋ ਮਨੁੱਖਾਂ ਨੂੰ ਲੱਗਣ ਵਾਲੀਆਂ ਰੈਬੀਜ਼, ਬਰੂਸੀਲੋਨ, ਟੀਬੀ ਅਤੇ ਹਲਕਾਅ ਆਦਿ ਵਰਗੀਆਂ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨਾਂ ਦੱਸਿਆ ਕਿ ਇਹ ਬਿਮਾਰੀਆਂ ਮਨੁੱਖੀ ਸਿਹਤ ‘ਤੇ ਬਹੁਤ ਮਾਰੂ ਅਸਰ ਪਾਉਦੀਆਂ ਹਨ, ਇਸ ਲਈ ਸਾਨੂੰ ਇਨਾਂ ਬਿਮਾਰੀਆਂ ਤੋ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਮੌਕੇ ਕਿ੍ਰਸ਼ੀ ਵਿਗਿਆਨ ਕੇਦਰ ਦੇ ਅਧਿਕਾਰੀਆਂ ਵੱਲੋ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਵਿੱਚ ਡੀ.ਏ.ਪੀ. ਨਾ ਪਾਉਣ ਅਤੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨਾਂ ਕਿਸਾਨਾਂ ਨੂੰ ਇਹ ਵੀ ਦੱਸਿਆ ਕਿ ਉਹ ਝੋਨੇ ਦੀ ਵਢਾਈ ਉਨਾਂ ਕੰਬਾਈਨਾਂ ਰਾਹੀਂ ਹੀ ਕਰਵਾਉਣ ਜਿਨਾਂ ਦੇ ਪਿੱਛੇ ਸੁਪਰ ਐਸ.ਐਮ.ਐਸ. ਸਿਸਟਮ ਲੱਗਿਆ ਹੋਇਆ ਹੈ, ਕਿਉਂਕਿ ਇਹ ਸੁਪਰ ਐਸ.ਐਮ.ਐਸ. ਸਿਸਟਮ ਪਰਾਲੀ ਦੇ ਛੋਟੇ-ਛੋਟੇ ਟੁਕੜੇ ਕਰਕੇ ਉਸ ਨੂੰ ਖੇਤ ਵਿੱਚ ਹੀ ਖਿਲਾਰ ਦਿੰਦਾ ਹੈ ਅਤੇ ਇਸ ਉਪਰੰਤ ਹੈਪੀ ਸੀਡਰ ਨਾਲ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਇਸ ਤਰਾਂ ਕਣਕ ਦੀ ਬਿਜਾਈ ਕਰਨ ਨਾਲ ਜਿਥੇ ਧਰਤੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਉਥੇ ਹੀ ਫਸਲ ਤੋਂ ਝਾੜ ਵੀ ਵੱਧ ਨਿਕਲਦਾ ਹੈ ਤੇ ਕਿਸਾਨ ਦੇ ਮਿੱਤਰ ਕੀੜੇ ਵੀ ਜਿਉਂਦੇ ਰਹਿੰਦੇ ਹਨ। ਉਨਾਂ ਕਿਸਾਨਾਂ ਨੂੰ ਫ਼ਸਲਾਂ ਉੱਪਰ ਘੱਟ ਤੋ ਘੱਟ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਕਰਨ ਬਾਰੇ ਵੀ ਪ੍ਰੇਰਿਤ ਕੀਤਾ।