ਬੇਰੁਜ਼ਗਾਰ 3582 ਅਧਿਆਪਕਾਂ ਦੀ ਨਿਯੁਕਤੀ ਦੀ ਥਾਂ ’ਤੇ ਕੀਤੀ ਜਾ ਰਹੀ ਹੈ ਖੱਜਲ-ਖੁਆਰੀ,ਬਿਨਾ ਸਟੇਸ਼ਨ ਦਿੱਤਿਆਂ ਟਰੇਨਿੰਗ ਦੇ ਨਾਂਅ ’ਤੇ ਲਵਾਏ ਜਾ ਰਹੇ ਹਨ ਸੈਮੀਨਾਰ : ਮੱਲਾ

ਕੋਟਕਪੂਰਾ, 18 ਜੁਲਾਈ (ਟਿੰਕੂ ਪਰਜਾਪਤ) :- ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਰਣਜੀਤ ਸਿੰਘ ਮੱਲਾ ਅਤੇ ਜਿਲਾ ਇਕਾਈ ਫਰੀਦਕੋਟ ਦੇ ਪ੍ਰਧਾਨ ਪ੍ਰੀਤਭਗਵਾਨ ਸਿੰਘ ਨੇ ਪੇ੍ਰੈਸ ਬਿਆਨ ਜਾਰੀ ਕਰਦਿਆਂ ਦੋਸ਼ ਲਾਇਆ ਕਿ 3582 ਬੇਰੁਜਗਾਰ ਅਧਿਆਪਕਾਂ ਦੀ ਨਿਯੁਕਤੀ ਦੇ ਨਾਂਅ ’ਤੇ ਵਿਭਾਗ ਵੱਲੋਂ ਕੀਤੀ ਜਾ ਰਹੀ ਖੱਜਲ ਖੁਆਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਨਾ ਦੱਸਿਆ ਕਿ ਪਹਿਲਾਂ ਪਿਛਲੇ ਮਹੀਨੇ 29 ਜੂਨ ਨੂੰ ਸਖਤ ਗਰਮੀ ’ਚ ਰਾਜਨੀਤਿਕ ਲਾਭ ਲਈ ਸਿੱਖਿਆ ਮੰਤਰੀ ਨੇ ਆਪਣੇ ਚੋਣ ਹਲਕੇ ’ਚ ਸਾਰੇ ਬੇਰੁਜ਼ਗਾਰ ਅਧਿਆਪਕਾਂ ਨੂੰ ਅੰਮਿ੍ਰਤਸਰ ਆਫਰ ਲੈਟਰ ਦੇ ਦਿੱਤੇ ਪਰ ਇਹ ਨਾ ਸੋਚਿਆ ਕਿ ਉਕਤ ਅਧਿਆਪਕਾਂ ’ਚ ਅੰਗਹੀਣ, ਗਰਭਵਤੀ ਅਤੇ ਨਵਜੰਮੇ ਬੱਚਿਆਂ ਵਾਲੀਆਂ ਅਧਿਆਪਕਾਵਾਂ ਨੂੰ ਪਹੁੰਚਣ ’ਚ ਬੜੀ ਮੁਸ਼ਕਿਲ ਹੋਵੇਗੀ। ਇਸ ਦੇ ਬਾਵਜੂਦ ਮੁਸ਼ਕਿਲ ਭਰੇ ਹਲਾਤਾਂ ’ਚ ਵੀ ਸਾਰੇ ਅਧਿਆਪਕ ਅੰਮਿ੍ਰਤਸਰ ਪੁੱਜੇ ਕਿ ਸ਼ਾਇਦ ਹੁਣ ਉਨਾ ਦੀ ਮਿਹਨਤ ਨੂੰ ਬੂਰ ਪੈ ਜਾਵੇਗਾ ਪਰ ਸਿਤਮ ਜਰੀਫੀ ਦੇਖੋ ਕਿ 16 ਜੁਲਾਈ ਨੂੰ ਫਿਰ ਉਕਤ ਅਧਿਆਪਕਾਂ ਨੂੰ ਦੁਬਾਰਾ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ ਬੁਲਾਇਆ ਗਿਆ ਜਿਸ ਦੀ ਜਾਣਕਾਰੀ ਵੈੱਬ ਸਾਈਟ ’ਤੇ ਮਹਿਜ ਇਕ ਦਿਨ ਪਹਿਲਾਂ ਅਰਥਾਤ 15 ਜੁਲਾਈ ਦਿਨ ਐਤਵਾਰ ਨੂੰ ਬਾਅਦ ਦੁਪਹਿਰ ਪਾਈ ਗਈ। ਐਤਵਾਰ ਨੂੰ ਮਿਲੀ ਜਾਣਕਾਰੀ ਕਰਕੇ ਉਕਤ ਅਧਿਆਪਕ ਆਪਣੇ ਦਸਤਾਵੇਜਾਂ ਦੀ ਮੁਕੰਮਲ ਫਾਈਲ ਤਿਆਰ ਨਾ ਕਰ ਸਕੇ ਪਰ ਫਿਰ ਵੀ ਲੰਮਾ ਪੈਂਡਾ ਤਹਿ ਕਰਕੇ ਮੋਹਾਲੀ ਦਫਤਰ ਵਿਖੇ ਪੁੱਜੇ। ਹੁੰਮਸ ਵਾਲੇ ਮਾਹੌਲ ’ਚ ਕਰੀਬ 2200 ਅਧਿਆਪਕਾਂ ’ਚ ਸ਼ਾਮਲ ਨਵਜਨਮੇ ਬੱਚਿਆਂ ਵਾਲੀਆਂ ਅਧਿਆਪਕਾਵਾਂ ਦਾ ਬੁਰਾ ਹਾਲ ਹੋ ਗਿਆ, ਕਿਉਂਕਿ ਕਈ ਬੱਚੇ ਬੇਹੋਸ਼ ਹੋ ਗਏ ਤੇ ਲਗਾਤਾਰ ਤਿੰੰਨ-ਤਿੰਨ ਘੰਟੇ ਖੜਨ ਕਾਰਨ ਗਰਭਵਤੀ ਅਧਿਆਪਕਾਵਾਂ ਨੂੰ ਵੀ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਵੇਰੇ 10 ਵਜੇ ਬੁਲਾਏ ਅਧਿਆਪਕਾਂ ਨੂੰ ਬਾਅਦ ਦੁਪਹਿਰ 2 ਵਜੇ ਤੱਕ ਰੁਕਣ ਦਾ ਨੋਟਿਸ ਦਿੱਤਾ ਗਿਆ ਤੇ ਬਾਅਦ ’ਚ ਆਪਣੇ-ਆਪਣੇ ਜ਼ਿਲੇ ’ਚ ਜਾ ਕੇ 7 ਦਿਨਾ ਦੀ ਟਰੇਨਿੰਗ ਕਰਨ ਬਾਰੇ ਆਖਿਆ ਗਿਆ। ਜਥੇਬੰਦੀ ਦੇ ਆਗੂਆਂ ਨੇ ਸਰਕਾਰ ਅਤੇ ਵਿਭਾਗ ਵੱਲੋਂ ਉਕਤ ਅਧਿਆਪਕਾਂ ਨਾਲ ਕੀਤੇ ਜਾ ਰਹੇ ਕੌਝੇ ਮਜ਼ਾਕ ਦੀ ਸਖਤ ਨਿਖੇਧੀ ਕਰਦਿਆਂ ਉਕਤ ਅਧਿਆਪਕਾਂ ਨੂੰ ਜਲਦ ਤੋਂ ਜਲਦ ਨਿਯੁਕਤ ਕੀਤੇ ਜਾਣ ਦੀ ਅਪੀਲ ਕੀਤੀ ਹੈ।