ਪੰਜਾਬ ਪੈਨਸ਼ਨਰਜ਼ ਯੂਨੀਅਨ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ,ਮੰਤਰੀਆਂ,ਵਿਧਾਇਕਾਂ ਅਤੇ ਅਫ਼ਸਰਾਂ ਤੇ ਕਾਨੂੰਨ ਇਕਸਾਰ ਲਾਗੂ ਹੋਵੇ- ਚਮਕੌਰ ਡਗਰੂ

ਮੋਗਾ,18 ਜੁਲਾਈ (ਜਸ਼ਨ)-ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਮੋਗਾ ਦੇ ਬੱਸ ਅੱਡੇ ਵਿਚ ਜ਼ਿਲ੍ਹਾ ਇਕਾਈ ਮੋਗਾ ਵੱਲੋਂ ਪੰਜਾਬ ਸਰਕਾਰ ਦੀਆਂ ਲੋਕ ਅਤੇ ਮੁਲਾਜ਼ਮ ਮਾਰੂ ਨੀਤੀਆਂ ਦੇ ਖਿਲਾਫ਼ ਰੋਸ ਵਜੋਂ ਸਰਕਾਰ ਦਾ ਪੁਤਲਾ ਫੁਕਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਕਾ. ਜਗਦੀਸ਼ ਸਿੰਘ ਚਾਹਲ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਅਤੇ ਮੁਲਾਜ਼ਮਾ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਪਰ ਜਦੋਂ ਸੱਤਾ ਹੱਥ ਵਿਚ ਆ ਗਈ ਤਾਂ ਸਾਰੇ ਵਾਅਦਿਆਂ ਨੂੰ  ਭੁੱਲ ਕੇ ਲੁੱਟਣ ਦਾ ਕੰਮ ਵਿੱਢ ਲਿਆ। ਉਨ੍ਹਾਂ ਕਿਹਾ ਕਿ ਇਹ ਸਰਕਾਰ ਹੁਣ ਕੋਰਟਾਂ ਦੇ ਹੁਕਮਾਂ ਨੂੰ ਵੀ ਟਿੱਚ ਜਾਨਣ ਲੱਗ ਪਈ ਹੈ। ‘ਬਰਾਬਰ ਕੰਮ-ਬਰਾਬਰ’ ਤਨਖਾਹ ਦਾ ਸੁਪਰੀਮ ਕੋਰਟ ਦਾ ਫੈਸਲਾ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਇਸੇ ਤਰ੍ਹਾਂ ਸੁਪਰੀਮ ਕੋਰਟ ਦੇ ਨਜਾਇਜ਼ ਚੱਲਦੀਆਂ ਬੱਸਾਂ ਨੂੰ ਬੰਦ ਕਰਨ ਦੇ ਫੈਸਲੇ ਤੇ ਵੀ ਅਮਲ ਨਹੀਂ ਹੋ ਰਿਹਾ ਸਗੋਂ ਜਾਣ ਬੁੱਝ ਕੇ ਟਰਕਾਇਆ ਜਾ ਰਿਹਾ ਹੈ। ਉੱਚ ਅਫ਼ਸਰਾਂ ਅਤੇ ਮੰਤਰੀਆਂ ਦੀਆਂ ਸਹੂਲਤਾਂ ਤੇ ਤਾਂ ਕੋਈ ਕਟੌਤੀ ਨਹੀਂ ਪਰ ਮੁਲਾਜ਼ਮਾਂ ਤੇ 200 ਰੁਪਏ ਮਹੀਨਾ ਜਜੀਆ ਲਾ ਦਿੱਤਾ ਹੈ। ਅਫ਼ਸਰਾਂ ਅਤੇ ਮੰਤਰੀਆਂ ਦੀਆਂ ਪੈਨਸ਼ਨਾਂ, ਡੀ.ਏ. ਅਤੇ ਹੋਰ ਸਹੂਲਤਾਂ ਤੇ ਕੋਈ ਰੋਕ ਟੋਕ ਨਹੀਂ ਹੈ ਪਰ ਮੁਲਾਜ਼ਮਾਂ ਨੂੰ ਤਿੰਨ-ਤਿੰਨ, ਚਾਰ-ਚਾਰ ਮਹੀਨੇ ਤਨਖਾਹ ਨਹੀਂ ਦਿੱਤੀ ਜਾ ਰਹੀ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਡਗਰੂ ਨੇ ਕਿਹਾ ਕਿ ਕਾਨੂੰਨ ਸਾਰੇ ਮੁਲਾਜ਼ਮਾਂ, ਮੰਤਰੀਆਂ, ਵਿਧਾਇਕਾਂ ਅਤੇ ਅਫ਼ਸਰਾਂ ਤੇ ਇਕਸਾਰ ਲਾਗੂ ਹੋਣਾ ਚਾਹੀਦਾ ਹੈ। ਅਫ਼ਸਰਾਂ ਵਾਂਗ ਪੈਨਸ਼ਨਰਾਂ ਦੀ ਪੈਨਸ਼ਨ 01-01-2006 ਤੋਂ 2.61 ਦੇ ਗੁਣਾਂਕ ਨਾਲ ਸੋਧੀ ਜਾਵੇ, ਡੀ.ਏ. ਦੀਆਂ ਡਿਊ ਕਿਸ਼ਤਾਂ ਅਤੇ ਬਕਾਏ ਤੁਰੰਤ ਦਿੱਤੇ ਜਾਣ, ਨਿੱਜੀਕਰਨ ਦੀਆਂ ਨੀਤੀਆਂ ਬੰਦ ਕਰਕੇ ਸਰਕਾਰੀ ਮਹਿਕਮਿਆਂ ਵਿਚ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਮੈਡੀਕਲ ਬਿੱਲਾਂ ਦੇ ਬਕਾਏ ਤੁਰੰਤ ਦਿੱਤੇ ਜਾਣ, ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਜਲਦੀ ਲੈ ਕੇ ਲਾਗੂ ਕੀਤੀ ਾਜਵੇ। ਇਸ ਮੌਕੇ ਜ.ਸਕੱਤਰ ਭੂਪਿੰਦਰ ਸੇਖੋਂ ਨੇ ਕਿਹਾ ਕਿ ਇਸ ਸਮੇਂ ਮੰਤਰੀ/ ਵਿਧਾਇਕ ਅਤੇ ਅਫ਼ਸਰ ਆਪਣੀਆ ਤਨਖਾਹਾਂ ਭੱਤਿਆਂ ਅਤੇ ਹੋਰ ਸਹੂਲਤਾਂ ਦੇ ਤਾਂ ਗੱਫ਼ੇ ਲੈ ਰਹੇ ਹਨ ਪਰ ਆਮ ਲੋਕਾਂ ਅਤੇ ਮੁਲਾਜ਼ਮਾਂ ਦਾ ਕਚੂਮਰ ਕੱਢਣ ਤੇ ਤੁਲੇ ਹੋਏ ਹਨ। ਮੰਤਰੀਆਂ, ਵਿਧਾਇਕਾਂ ਅਤੇ ਅਫ਼ਸਰਾਂ ਦੀ ਕੰਮ ਪ੍ਰਤੀ ਜਵਾਬਦੇਹੀ ਹੋਣੀ ਚਾਹੀਦੀ ਹੈ। ਅਸਲ ਵਿਚ ਸਮਾਜ ਵਿਚ ਗਿਰਾਵਟ ਦਾ ਕਾਰਨ ਇਹਨਾਂ ਦੀ ਹੀ ਘਟੀਆ ਕਾਰਗੁਜ਼ਾਰੀ ਦਾ ਸਿੱਟਾ ਹੈ। ਜਿੰਨੇ ਵੀ ਪੇ-ਕਮਿਸ਼ਨ ਬੈਠੇ ਹਨ ਸਭ ਵਿਚ ਲਾਭ ਉੱਚ ਅਫ਼ਸਰਾਂ ਨੂੰ ਹੀ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਇਹਨਾਂ ਤੇ ਵੀ ਸਮਾਂ-ਬੱਧ ਹਾਜ਼ਰੀ ਅਤੇ ਜਵਾਬਦੇਹੀ ਦਾ ਨਿਯਮ ਲਾਗੂ ਕੀਤਾ ਜਾਵੇ। ਇਸ ਮੌਕੇ ਬਚਿੱਤਰ ਸਿੰਘ ਧੋਥੜ, ਪੋਹਲਾ ਸਿੰਘ ਬਰਾੜ, ਅਜਮੇਰ ਸਿੰਘ ਦੱਦਾਹੂਰ, ਹਰਦਿਆਲ ਸਿੰਘ ਲੰਢੇਕੇ, ਅਮਰ ਸਿੰਘ, ਜੋਗਿੰਦਰ ਸਿੰਘ, ਗੁਰਮੇਲ ਸਿੰਘ ਨਾਹਰ , ਬੂਟਾ ਸਿੰਘ ਭੱਟੀ, ਇੰਦਰਜੀਤ ਸਿੰਘ ਭਿੰਡਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੈਨਸ਼ਨਰਜ਼ ਅਤੇ ਭ੍ਰਾਤਰੀ ਜਥੇਬੰਦੀਆਂ ਦੇ ਵਰਕਰਜ਼ ਹਾਜ਼ਰ ਸਨ। ਇਸੇ ਮੌਕੇ ਮਿਲੀ ਦੁਖਦਾਈ ਖਬਰ ਕਿ ਕਾਮਰੇਡ ਦਰਸ਼ਨ ਸਿੰਘ ਟੂਟੀ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ ਹਨ, ਨਾਲ ਸਾਰੇ ਸਾਥੀਆਂ ਨੇ ਬਹੁਤ ਦੁੱਖ ਮਹਿਸੂਸ ਕੀਤਾ। ਦੋ ਮਿੰਟ ਦਾ ਮੋਨ ਧਾਰਨ ਕਰਕੇ ਅਤੇ ਭਵਨ ਅਤੇ ਜਥੇਬੰਦੀ ਦੇ ਝੰਡੇ ਨੀਵੇਂ ਕਰਕੇ ਸੋਗ ਪ੍ਰਗਟ ਕੀਤਾ ਗਿਆ।