ਹਾਂ-ਪੱਖੀ ਨਜ਼ਰੀਆ, ਉਸਾਰੂ ਸੋਚ ਅਤੇ ਅਨੁਸ਼ਾਸ਼ਨਮਈ ਜੀਵਨ ਤਰੱਕੀ ਦੀਆਂ ਨਿਸ਼ਾਨੀਆਂ : ਇਕਬਾਲ ਸਿੰਘ

ਕੋਟਕਪੂਰਾ, 18 ਜੁਲਾਈ (ਟਿੰਕੂ ਪਰਜਾਪਤ) :- ਹਾਂ-ਪੱਖੀ ਨਜ਼ਰੀਆ, ਉਸਾਰੂ ਸੋਚ ਅਤੇ ਅਨੁਸ਼ਾਸ਼ਨਮਈ ਜੀਵਨ ਜਿਉਣ ਵਾਲੇ ਵਿਅਕਤੀਆਂ ਲਈ ਸਫਲਤਾ ਕਦੇ ਦੂਰ ਨਹੀਂ ਹੁੰਦੀ, ਸਗੋਂ ਉਸ ਵਿਅਕਤੀ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਕੁਦਰਤ ਵੀ ਉਸ ਦਾ ਸਾਥ ਦਿੰਦੀ ਹੈ। ਨੇੜਲੇ ਪਿੰਡ ਔਲਖ ਦੇ ਸਰਕਾਰੀ ਹਾਈ ਸਕੂਲ ਵਿਖੇ ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਵੱਲੋਂ ਚਰਨਜੀਤ ਸਿੰਘ ਮੈਮੋਰੀਅਲ ਟਰੱਸਟ ਔਲਖ ਦੇ ਸਹਿਯੋਗ ਨਾਲ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਕੂਲ ਮੁਖੀ ਇਕਬਾਲ ਸਿੰਘ, ਅਧਿਆਪਕ ਆਗੂ ਪੇ੍ਰਮ ਚਾਵਲਾ ਅਤੇ ਸਮਾਜਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਆਖਿਆ ਕਿ ਹੋਰਨਾ ਲਈ ਮਿਸਾਲ ਬਣਨ ਵਾਲੇ ਵਿਅਕਤੀ ਹਰ ਪਿੰਡ, ਸ਼ਹਿਰ ਅਤੇ ਕਸਬੇ ’ਚ ਮੌਜੂਦ ਹੁੰਦੇ ਹਨ। ਜਿਵੇਂ ਕਿ ਕਿਸੇ ਵਿਅਕਤੀ ਦਾ ਧਾਰਮਿਕ, ਸਮਾਜਿਕ, ਵਿਦਿਅਕ, ਸੱਭਿਆਚਾਰਕ, ਵਾਤਾਵਰਣ ਜਾਂ ਖੇਡਾਂ ਦੇ ਖੇਤਰ ’ਚ ਯੋਗਦਾਨ ਹੁੰਦਾ ਹੈ ਤੇ ਉਹ ਸਿਰਫ ਆਪਣੇ ਲਈ ਨਹੀਂ ਬਲਕਿ ਗੈਰਾਂ ਦੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਵੀ ਯਤਨਸ਼ੀਲ ਰਹਿੰਦੇ ਹਨ। ਉਨਾਂ ਊਧਮ ਸਿੰਘ ਔਲਖ ਅਤੇ ਅਮਰ ਸਿੰਘ ਮਠਾੜੂ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਤੁਹਾਡੇ ਪਿੰਡ ਦੇ ਜਮਪਲ ਇਹ ਦੋਨੋ ਵਿਅਕਤੀ ਉਕਤ ਖੇਤਰਾਂ ’ਚ ਵਡਮੁੱਲਾ ਯੋਗਦਾਨ ਪਾ ਰਹੇ ਹਨ। ਸ੍ਰ ਚਰਨਜੀਤ ਸਿੰਘ ਔਲਖ ਦੀ ਯਾਦ ’ਚ ਕਰਵਾਏ ਗਏ ਸਨਮਾਨ ਸਮਾਰੋਹ ਦਾ ਪ੍ਰਬੰਧ ਉਨਾ ਦੇ ਕੈਨੇਡਾ ਰਹਿੰਦੇ ਬੇਟੇ ਸਵਰਨ ਸਿੰਘ ਅਤੇ ਪਿੰਡ ਆਏ ਹੋਏ ਪੌਤਰੇ ਹਰਮਿੰਦਰ ਸਿੰਘ ਔਲਖ ਨੇ ਕੀਤਾ। ਮਾ. ਸੋਮਇੰਦਰ ਸਿੰਘ ਸੁਨਾਮੀ ਤੇ ਕੁਲਵੰਤ ਸਿੰਘ ਚਾਨੀ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸਰਕਾਰੀ ਸਕੂਲਾਂ ’ਚ ਕੀਤੇ ਜਾ ਰਹੇ ਸਮਾਗਮਾਂ ਦੀ ਲੜੀ ’ਚ ਇਹ 37ਵਾਂ ਸਮਾਗਮ ਹੈ। ਪਿ੍ਰੰਸੀਪਲ ਦਰਸ਼ਨ ਸਿੰਘ ਅਤੇ ਇਕਬਾਲ ਸਿੰਘ ਮੰਘੇੜਾ ਅਨੁਸਾਰ ਪਹਿਲੇ, ਦੂਜੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਦੇ ਨਾਲ-ਨਾਲ ਸੁਸਾਇਟੀ ਵੱਲੋਂ ਸਕੂਲ ਮੁਖੀ ਇਕਬਾਲ ਸਿੰਘ ਅਤੇ ਮੁੱਖ ਮਹਿਮਾਨ ਹਰਮਿੰਦਰ ਸਿੰਘ ਔਲਖ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪਿੰਡ ਦੇ ਸਰਪੰਚ ਬਲਜੀਤ ਸਿੰਘ, ਅਵਤਾਰ ਸਿੰਘ ਮੱਕੜ, ਵਿਨੋਦ ਕੁਮਾਰ ਸਮੇਤ ਸਮੂਹ ਸਟਾਫ, ਵਿਦਿਆਰਥੀ ਅਤੇ ਹੋਰ ਵੀ ਪਤਵੰਤੇ ਹਾਜਰ ਸਨ।