ਲੋਕ ਸਭਾ ਚੋਣਾਂ ਕਰੀਬ ਆਉਂਦੀਆਂ ਵੇਖ ਹੁਣ ਪ੍ਰਧਾਨ ਮੰਤਰੀ ਨੂੰ ਕਿਸਾਨ ਯਾਦ ਆ ਗਏ - ਸੁਖਬਿੰਦਰ ਸਿੰਘ ਸਰਕਾਰੀਆ

ਚੰਡੀਗੜ, ਜੁਲਾਈ 17: ਪੰਜਾਬ ਸਰਕਾਰ ਨੇ ਪਿਛਲੇ ਇਕ ਸਾਲ ਵਿਚ ਕੁਦਰਤੀ ਆਫਤਾਂ ਨਾਲ ਕਿਸਾਨਾਂ ਦੀ ਨੁਕਸਾਨੀ ਗਈ ਫਸਲ ਦੇ ਮੁਆਵਜ਼ੇ ਲਈ 32.82 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਇਹ ਮੁਆਵਜ਼ਾ ਰਾਸ਼ੀ ਉਨਾਂ ਕਿਸਾਨਾਂ ਲਈ ਵੱਡੀ ਰਾਹਤ ਲੈ ਕੇ ਆਵੇਗੀ ਜਿਨਾਂ ਦੀ ਫਸਲ ਗੜੇਮਾਰੀ, ਬੇਮੌਸਮੀ ਬਾਰਿਸ਼ ਜਾਂ ਹੋਰ ਕੁਦਰਤੀ ਆਫਤਾਂ ਕਰਕੇ ਖਰਾਬ ਹੋ ਗਈ ਸੀ। ਇਸ ਸਬੰਧੀ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਕੁਦਰਤੀ ਮਾਰ ਕਾਰਣ ਫਸਲਾਂ ਦੇ ਖਰਾਬ ਹੋ ਜਾਣ ਕਰਕੇ ਜੋ ਵਿੱਤੀ ਘਾਟਾ ਝੱਲਣਾ ਪੈਂਦਾ ਹੈ ਉਸ ਦੀ ਭਰਪਾਈ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹਮੇਸ਼ਾਂ ਕਿਸਾਨਾਂ ਦੇ ਨਾਲ ਹੈ। ਉਨਾਂ ਦੱਸਿਆ ਕਿ ਜੂਨ 2017 ਤੋਂ ਜੁਲਾਈ 2018 ਤੱਕ ਪੰਜਾਬ ਦੇ 8 ਜ਼ਿਲਿਆਂ ਦੀ 51788 ਏਕੜ ਵਿਚਲੀ ਫਸਲ ਦੇ ਖਰਾਬੇ ਲਈ ਪੰਜਾਬ ਸਰਕਾਰ ਨੇ 32 ਕਰੋੜ 82 ਲੱਖ 43,328 ਰੁਪਏ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ ਕੀਤੀ ਹੈ। ਉਨਾਂ ਦੱਸਿਆ ਕਿ ਖਰਾਬ ਮੌਸਮ ਕਾਰਣ ਪਟਿਆਲਾ ਜ਼ਿਲੇ ਵਿਚ 29120 ਏਕੜ ਲਈ 17 ਕਰੋੜ 53 ਲੱਖ 8900 ਰੁਪਏ, ਸੰਗਰੂਰ ਜ਼ਿਲੇ ਵਿਚ 4150 ਏਕੜ ਲਈ 2 ਕਰੋੜ 27 ਲੱਖ 63248 ਰੁਪਏ, ਐਸਬੀਐਸ ਨਗਰ ਵਿਚ 3843 ਏਕੜ ਲਈ 2 ਕਰੋੜ 80 ਲੱਖ 74978 ਰੁਪਏ ਅਤੇ ਬਰਨਾਲਾ ਜ਼ਿਲੇ ਵਿਚ 5412 ਏਕੜ ਲਈ 2 ਕਰੋੜ 92 ਲੱਖ 29289 ਰੁਪਏ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ ਕੀਤੀ ਹੈ। ਇਸੇ ਤਰਾਂ ਕਪੂਰਥਲਾ, ਅੰਮਿ੍ਰਤਸਰ, ਫਰੀਦਕੋਟ ਅਤੇ ਬਠਿੰਡਾ ਜ਼ਿਲਿਆਂ ਦੀ ਕੁੱਲ 9260 ਏਕੜ ਵਿਚ ਖਰਾਬ ਹੋਈ ਫਸਲ ਲਈ 7 ਕਰੋੜ 28 ਲੱਖ 66913 ਰੁਪਏ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ ਕਰ ਦਿੱਤੀ ਗਈ ਹੈ। ਮਾਲ ਮੰਤਰੀ ਨੇ ਕਿਹਾ ਕਿ ਇਹ ਰਾਹਤ ਫਸਲਾਂ ਦੇ ਖਰਾਬੇ ਕਾਰਣ ਕਿਸਾਨਾਂ ਨੂੰ ਪਏ ਵਿੱਤੀ ਘਾਟੇ ਨੂੰ ਦੂਰ ਕਰਨ ਵਿਚ ਸਹਾਈ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨ ਹਿਤੈਸ਼ੀ ਦੱਸਦਿਆਂ ਉਨਾਂ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਕਾਂਗਰਸ ਸਰਕਾਰ ਹਮੇਸ਼ਾ ਅੱਗੇ ਆਈ ਹੈ। ਉਨਾਂ ਕਿਹਾ ਕਿ  ਫਸਲਾਂ ਦੇ ਖਰਾਬੇ ਲਈ ਮੁਆਵਜ਼ਾ ਰਾਸ਼ੀ ਸਮੇਂ ਸਿਰ ਜਾਰੀ ਕਰਨ ਸਬੰਧੀ ਵੀ ਡਿਪਟੀ ਕਮਿਸ਼ਨਰਾਂ ਨੂੰ ਸਮੇਂ-ਸਮੇਂ ’ਤੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ। ਉਨਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕਿਸਾਨ ਭਲਾਈ ਨੂੰ ਖਾਸ ਤਵੱਜੋਂ ਦਿੱਤੀ ਜਾਂਦੀ ਹੈ।  ਮੋਦੀ ਸਰਕਾਰ ਵੱਲੋਂ ਫਸਲਾਂ ਦੇ ਭਾਅ ਵਿਚ ਕੀਤੇ ਵਾਧੇ ਨੂੰ ’ਸ਼ੋਸ਼ੇਬਾਜ਼ੀ’ ਕਰਾਰ ਦਿੰਦਿਆਂ ਸ੍ਰੀ ਸਰਕਾਰੀਆ ਨੇ ਕਿਹਾ ਕਿ ਲੋਕ ਸਭਾ ਚੋਣਾਂ ਕਰੀਬ ਆਉਂਦੀਆਂ ਵੇਖ ਹੁਣ ਪ੍ਰਧਾਨ ਮੰਤਰੀ ਨੂੰ ਕਿਸਾਨ ਯਾਦ ਆ ਗਏ ਜਦਕਿ ਚਾਰ ਸਾਲ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਕਿਸਾਨਾਂ ਸਮੇਤ ਕਿਸੇ ਵਰਗ ਦਾ ਕੋਈ ਭਲਾ ਨਹੀਂ ਕੀਤਾ। ਉਨਾਂ ਮੰਗ ਕੀਤੀ ਕਿ ਜੇਕਰ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਏਨੀ ਹੀ ਚਿੰਤਾ ਹੈ ਤਾਂ ਉਹ ਜਲਦ ਤੋਂ ਜਲਦ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰੇ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਦਾ ਵਾਜਬ ਭਾਅ ਮਿਲ ਸਕੇ ਅਤੇ ਖੇਤੀਬਾੜੀ ਦੇ ਧੰਦੇ ਨੂੰ ਵਿੱਤੀ ਪੱਖੋਂ ਮਜ਼ਬੂਤ ਕੀਤਾ ਜਾ ਸਕੇ। ਸ੍ਰੀ ਸਰਕਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਕਿਸਾਨਾਂ ਨੂੰ ਕਿਸਾਨੀ ਸੰਕਟ ’ਚੋਂ ਕੱਢਣ ਲਈ ਸਾਰਥਕ ਯੋਜਨਾਵਾਂ ’ਤੇ ਕਾਰਜ ਕਰ ਰਹੀ ਹੈ। ਉਨਾਂ ਕਿਹਾ ਕਿ ਕਿਸਾਨੀ ਕਰਜ਼ਿਆਂ ਨੂੰ ਮੁਆਫ ਕਰਨ ਦੇ ਵਾਅਦੇ ਨੂੰ ਪਹਿਲਾ ਹੀ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਕਿਸਾਨ ਪੱਖੀ ਨੀਤੀਆਂ ਲੈ ਕੇ ਆਵਾਂਗੇ।