ਏ.ਸੀ. ਦੀ ਅਣਹੋਂਦ ਕਾਰਨ ਢਾਈ ਲੱਖ ਰੁਪਏ ਦੀ ਮਸ਼ੀਨ ਅਤੇ ਲੋਕਾਂ ਵੱਲੋਂ ਦਾਨ ਕੀਤਾ ਗਿਆ ਖੂਨ ਹੋ ਸਕਦੈ ਬੇਕਾਰ

ਕੋਟਕਪੂਰਾ, 17 ਜੁਲਾਈ (ਟਿੰਕੂ ਪਰਜਾਪਤੀ):- ਪਿਛਲੇ ਮਹੀਨੇ 25 ਜੂਨ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਸਾਂਝੀ ਰਸੋਈ ਦਾ ਉਦਘਾਟਨ ਕਰਨ ਲਈ ਪੁੱਜੇ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੂੰ ਸਿਵਲ ਸਰਜਨ, ਐਸ ਡੀ ਐਮ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਦੀ ਹਾਜ਼ਰੀ ’ਚ ਸਮਾਜਸੇਵੀ ਸੰਸਥਾ ਪੀ ਬੀ ਜੀ ਵੈਲਫੇਅਰ ਕਲੱਬ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਨੇ ਬੇਨਤੀ ਕੀਤੀ ਕਿ ਜੇਕਰ ਖੂਨਦਾਨ ਕੈਂਪਾਂ ਦੌਰਾਨ ਇਕੱਠਾ ਹੋਣ ਵਾਲਾ ਖੂਨ ਸਟੋਰ ਕਰਨ ਵਾਸਤੇ ਬਲੱਡ ਬੈਂਕ ’ਚ ਰੱਖੀ ਰੈਮੀ ਮਸ਼ੀਨ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਖਰਾਬ ਹੋ ਸਕਦੀ ਹੈ। ਕਰੀਬ 21 ਦਿਨ ਬੀਤਣ ਤੋਂ ਬਾਅਦ ਵੀ ਰੈਮੀ ਮਸ਼ੀਨ ਵੱਲ ਕੋਈ ਧਿਆਨ ਦੇਣ ਦੀ ਜਰੂਰਤ ਹੀ ਨਹੀਂ ਸਮਝੀ ਗਈ। ਜਿਸ ਕਰਕੇ ਕਰੀਬ ਢਾਈ ਲੱਖ ਰੁਪਏ ਕੀਮਤ ਦੀ ਰੈਮੀ ਮਸ਼ੀਨ ਤਾਂ ਖਰਾਬ ਹੋਵੇਗੀ ਹੀ ਪਰ ਉਸ ਵਿੱਚ ਲੋਕਾਂ ਵੱਲੋਂ ਦਾਨ ਕੀਤਾ ਗਿਆ 100 ਯੂਨਿਟ ਤੋਂ ਜਿਆਦਾ ਖੂਨ ਵੀ ਵਿਅਰਥ ਜਾਵੇਗਾ। ਪੀਬੀਜੀ ਵੈਲਫੇਅਰ ਕਲੱਬ ਦੇ ਸਕੱਤਰ ਗੌਰਵ ਗਲਹੋਤਰਾ ਅੱਜ ਅਚਾਨਕ ਬਲੱਡ ਬੈਂਕ ਵਿਖੇ ਪੁੱਜੇ ਤਾਂ ਉਨਾਂ ਦੇਖਿਆ ਕਿ ਖੂਨ ਵਾਲੇ ਯੂਨਿਟਾਂ ਦੀ ਸੰਭਾਲ ਕਰਨ ਵਾਲੀ ਰੈਮੀ ਮਸ਼ੀਨ ਖਰਾਬ ਹੋਣ ਦੀ ਕਾਗਾਰ ’ਤੇ ਹੈ। ਕਿਉਂਕਿ ਮਸ਼ੀਨ ਨੂੰ ਤਪਦੀ ਗਰਮੀ ਤੋਂ ਬਚਾਉਣ ਲਈ ਹਰ ਸਮੇਂ ਏ.ਸੀ. ਦੀ ਜਰੂਰਤ ਹੈ ਪਰ ਉੱਥੇ ਏ.ਸੀ. ਖਰਾਬ ਹੈ ਤੇ ਉੱਪਰ ਪੱਖਾ ਵੀ ਨਹੀਂ ਚੱਲ ਰਿਹਾ। ਉਨਾ ਦੱਸਿਆ ਕਿ ਤਤਕਾਲੀਨ ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਦੇ ਯਤਨਾ ਸਦਕਾ ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਨੂੰ 4 ਲੱਖ ਰੁਪਏ ਦਾ ਚੈੱਕ ਮਿਲਿਆ ਸੀ, ਜਿਸ ਵਿੱਚੋਂ ਢਾਈ ਲੱਖ ਰੁਪਏ ਦੀ ਰੈਮੀ ਮਸ਼ੀਨ ਖਰੀਦੀ ਗਈ ਦੇ ਡੇਢ ਲੱਖ ਰੁਪਿਆ ਬਲੱਡ ਬੈਂਕ ਦੀ ਮੁਰੰਮਤ ਅਤੇ ਹੋਰ ਸਮਾਨ ਉੱਪਰ ਖਰਚਿਆ ਗਿਆ। ਗੌਰਵ ਗਲਹੋਤਰਾ ਨੇ ਦੱਸਿਆ ਕਿ ਇਸ ਰੈਮੀ ਮਸ਼ੀਨ ਵਿੱਚ ਕਰੀਬ 250 ਯੂਨਿਟ ਖੂਨ ਸਟੋਰ ਕੀਤਾ ਜਾ ਸਕਦਾ ਹੈ ਤੇ ਜੇਕਰ ਏ.ਸੀ. ਦਾ ਤੁਰਤ ਇੰਤਜਾਮ ਨਾ ਕੀਤਾ ਗਿਆ ਤਾਂ ਲੋੜਵੰਦਾਂ ਦੀ ਜਰੂਰਤ ਨੂੰ ਦੇਖਦਿਆਂ ਸਵੈਇਛੁੱਕ ਖੂਨਦਾਨ ਕੈਂਪਾਂ ਦੌਰਾਨ ਇਕੱਤਰ ਕੀਤਾ ਖੂਨ ਬੇਕਾਰ ਹੋ ਜਾਵੇਗਾ, ਜਿਸ ਨੂੰ ਕੂੜੇ ’ਚ ਸੁੱਟਣ ਤੋਂ ਇਲਾਵਾ ਹੋਰ ਕੋਈ ਚਾਰਾ ਬਾਕੀ ਨਹੀਂ ਰਹੇਗਾ। ਉਨਾ ਦੱਸਿਆ ਕਿ ਬੀਤੀ 25 ਜੂਨ ਨੂੰ ਇਹ ਮਾਮਲਾ ਕਾਂਗਰਸ ਦੇ ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ, ਡਾ. ਮਨਦੀਪ ਕੌਰ ਐਸਡੀਐਮ ਅਤੇ ਡਾ. ਰਾਜਿੰਦਰ ਕੁਮਾਰ ਰਾਜੂ ਸਿਵਲ ਸਰਜਨ ਦੀ ਹਾਜ਼ਰੀ ’ਚ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਦੇ ਧਿਆਨ ’ਚ ਲਿਆਂਦਾ ਗਿਆ ਸੀ ਤੇ ਉਨਾ ਵਿਸ਼ਵਾਸ਼ ਦਿਵਾਇਆ ਸੀ ਕਿ ਰੈਮੀ ਮਸ਼ੀਨ ਖਰਾਬ ਨਹੀਂ ਹੋਣ ਦਿੱਤੀ ਜਾਵੇਗੀ ਪਰ ਅੱਜ ਕਰੀਬ 21 ਦਿਨਾ ਬਾਅਦ ਵੀ ਪਰਨਾਲਾ ਉੱਥੇ ਦਾ ਉੱਥੇ ਹੈ। ਸੰਪਰਕ ਕਰਨ ’ਤੇ ਬੀਟੀਓ ਡਾ. ਰਮੇਸ਼ ਕੁਮਾਰ ਨੇ ਏ.ਸੀ. ਅਤੇ ਛੱਤ ਵਾਲਾ ਪੱਖਾ ਖਰਾਬ ਹੋਣ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਉਹਨਾ ਨੇ ਕਰੀਬ ਇਕ ਮਹੀਨਾ ਪਹਿਲਾਂ ਡਾ ਕੁਲਦੀਪ ਧੀਰ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਕੋਟਕਪੂਰਾ ਨੂੰ ਲਿਖਤੀ ਰੂਪ ’ਚ ਜਾਣੂ ਕਰਵਾ ਦਿੱਤਾ ਸੀ।