ਅੰਗਹੀਣਾ ਦੀ ਜਥੇਬੰਦੀ ‘ਅਪੰਗ-ਸੁਅੰਗ ਅਸੂਲ ਮੰਚ’ ਵੱਲੋਂ ਥਾਲੀ ਖੜਕਾਉ ਅੰਦੋਲਨ ਸਬੰਧੀ ਮੀਟਿੰਗ

ਕੋਟਕਪੂਰਾ, 17 ਜੁਲਾਈ (ਟਿੰਕੂ ਪਰਜਾਪਤੀ) :- ਨੇੜਲੇ ਪਿੰਡ ਹਰੀਨੋਂ ਵਿਖੇ ਅੰਗਹੀਣ ਵਿਧਵਾਵਾਂ, ਆਂਗਣਵਾੜੀ ਵਰਕਰ, ਨਰੇਗਾ ਵਰਕਰ ਅਤੇ ਕਿਸਾਨ ਜਥੇਬੰਦੀਆਂ ਸਮੇਤ ਬੁਢਾਪਾ ਪੈਨਸ਼ਨ ਦੇ ਲਾਭਪਾਤਰੀਆਂ ਦੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ‘ਅਪੰਗ-ਸੁਅੰਗ ਅਸੂਲ ਮੰਚ’ ਪੰਜਾਬ ਦੇ ਕਨਵੀਨਰ ਮਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਆਮ ਲੋਕਾਂ ਤੋਂ ਟੈਕਸ ਦੇ ਰੂਪ ’ਚ ਕਰੋੜਾਂ ਅਰਬਾਂ ਰੁਪਿਆ ਇਕੱਠਾ ਕਰ ਰਹੀ ਹੈ ਪਰ ਬਦਲੇ ’ਚ ਸਰਕਾਰ ਵੱਲੋਂ ਆਮ ਲੋਕਾਂ ਤੇ ਲੋੜਵੰਦਾਂ ਨੂੰ ਸਿਰਫ ਲਾਰੇ ਦੇ ਕੇ ਉੱਲੂ ਬਣਾਇਆ ਜਾ ਰਿਹਾ ਹੈ। ਜਥੇਬੰਦੀ ਦੇ ਆਗੂਆਂ ਜਗਤਾਰ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਚਮਕੌਰ ਸਿੰਘ, ਪਵਨ ਕੁਮਾਰ ਅਤੇ ਲੱਕੀ ਮੌਂਗਾ ਨੇ ਕਿਹਾ ਕਿ ਜਿੰਨਾ ਚਿਰ ਅਸੀਂ ਘਰਾਂ ’ਚੋਂ ਨਿਕਲ ਕੇ ਸੰਘਰਸ਼ ਦਾ ਰਸਤਾ ਅਖਤਿਆਰ ਨਹੀਂ ਕਰਦੇ, ਉੱਦੋਂ ਤੱਕ ਸਾਨੂੰ ਇਨਸਾਫ ਮਿਲਣ ਦੀ ਆਸ ਨਹੀਂ ਰੱਖਣੀ ਚਾਹੀਦੀ। ਉਨਾ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਅੰਗਹੀਣਾ ਨੂੰ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਾਉਣ ਲਈ ਵਾਅਦੇ ਕੀਤੇ ਅਤੇ ਬਕਾਇਦਾ ਆਪਣੇ ਚੋਣ ਮਨੋਰਥ ਪੱਤਰਾਂ ’ਚ ਸ਼ਾਮਲ ਵੀ ਕੀਤਾ ਪਰ ਕੁਰਸੀ ਮਿਲਣ ਤੋਂ ਬਾਅਦ ਕੀਤੇ ਵਾਅਦਿਆਂ ਨੂੰ ਭੁਲਾ ਦਿੱਤਾ ਗਿਆ। ਉਨਾ ਦੱਸਿਆ ਕਿ ਭਾਂਵੇ ਸਾਨੂੰ ਆਪਣੇ ਘਰੇਲੂ ਕੰਮਾਂ ਅਤੇ ਬਜਾਰਾਂ ’ਚ ਜਰੂਰੀ ਕੰਮਾਂ ਲਈ ਵੀ ਬਹੁਤ ਸਖਤ ਮਿਹਨਤ ਕਰਨੀ ਪੈਂਦੀ ਹੈ ਪਰ ਸਰਕਾਰਾਂ ਨੂੰ ਜਗਾਉਣ ਲਈ ਅੰਗਹੀਣਾ ਨੂੰ ਵੀ ਅੰਦੋਲਨ ਕਰਨ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ। ਉਨਾ ਦੱਸਿਆ ਕਿ 15 ਤੋਂ 20 ਅਗਸਤ ਤੱਕ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਗਲੀ-ਮੁਹੱਲਿਆਂ ਤੇ ਬਜਾਰਾਂ ’ਚ ‘ਥਾਲੀ ਖੜਕਾਉ ਅੰਦੋਲਨ’ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਦਾ ਮੁੱਖ ਨਾਅਰਾ ‘ਸਭ ਨੂੰ ਪੈਨਸ਼ਨ ਦੀ ਵੰਡ ਕਰੋ ਜਾਂ ਖੁਦ ਵੀ ਲੈਣੀ ਬੰਦ ਕਰੋ’ ਹੋਵੇਗਾ। ਪਿੰਡ ਦੇ ਸਰਪੰਚ ਕੈਪਟਨ ਬਸੰਤ ਸਿੰਘ, ਮੱਖਣ ਸਿੰਘ, ਬਿੱਕਰ ਸਿੰਘ, ਅੰਗਰੇਜ ਸਿੰਘ ਆਦਿ ਨੇ ਵਿਸ਼ਵਾਸ਼ ਦਿਵਾਇਆ ਕਿ ਉਹ 15 ਤੋਂ 20 ਅਗਸਤ ਤੱਕ ਵਾਲੇ ਸੰਘਰਸ਼ ’ਚ ਅੰਗਹੀਣਾਂ ਦਾ ਭਰਪੂਰ ਸਹਿਯੋਗ ਦੇਣਗੇ।