ਫਸਲਾਂ ਦੀ ਰਹਿੰਦ-ਖੂੰਹਦ ਦੇ ਨਿਬੇੜੇ ਲਈ ਮਸ਼ੀਨਰੀ ਉਤੇ ਮਿਲੇਗੀ 80 ਫੀਸਦੀ ਸਬਸਿਡੀ,ਸਬਸਿਡੀ ਉਤੇ ਮਸ਼ੀਨਰੀ ਲਈ ਪਹਿਲੇ ਪੜਾਅ ਵਿੱਚ 32 ਹਜ਼ਾਰ ਅਰਜ਼ੀਆਂ ਪੁੱਜੀਆਂ

ਚੰਡੀਗੜ, 16 ਜੁਲਾਈ (ਜਸ਼ਨ): ਫਸਲਾਂ ਦੀ ਰਹਿੰਦ-ਖੂੰਹਦ ਨੂੰ ਫੂਕਣ ਦੀ ਵੱਡ ਆਕਾਰੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਹੋਰ ਰਾਜਾਂ ਦੇ ਖੇਤੀਬਾੜੀ ਮਸ਼ੀਨਰੀ ਦੇ ਉਤਪਾਦਕਾਂ ਨਾਲ ਰਹਿੰਦ-ਖੂੰਹਦ  ਦਾ ਨਿਬੇੜਾ ਕਰਨ ਵਾਲੀ ਮਸ਼ੀਨਰੀ ਦੀ ਕੀਮਤ ਬਾਰੇ ਚਰਚਾ ਕੀਤੀ । ਇੱਥੇ ਕਿਸਾਨ ਭਵਨ ਵਿੱਚ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਭਾਰਤ ਸਰਕਾਰ ਦੇ ਮਕੈਨੀਕਲ ਤੇ ਤਕਨਾਲੋਜੀ ਮੰਤਰਾਲੇ ਦੇ ਸੰਯੁਕਤ ਸਕੱਤਰ ਅਸ਼ਵਨੀ ਕੁਮਾਰ ਨੇ ਕੀਤੀ। ਮੀਟਿੰਗ ਵਿੱਚ ਪੰਜਾਬ ਦੇ 165 ਤੇ ਹੋਰ ਰਾਜਾਂ ਦੇ ਤਕਰੀਬਨ 100 ਮਸ਼ੀਨਰੀ ਉਤਪਾਦਕਾਂ ਨੇ ਭਾਗ ਲਿਆ।ਸੰਯੁਕਤ ਸਕੱਤਰ ਨੇ ਸਾਰੇ ਮਸ਼ੀਨਰੀ ਉਤਪਾਦਕਾਂ ਨੂੰ ਕਿਹਾ ਕਿ ਉਹ ਇਸ ਸਕੀਮ ਅਧੀਨ ਸੰਦਾਂ ਦੀ ਗੁਣਵੱਤਾ ਤੈਅ ਮਾਪਦੰਡਾਂ ਮੁਤਾਬਕ ਯਕੀਨੀ ਬਣਾਉਣ। ਉਨਾਂ ਕਿਸਾਨਾਂ ਲਈ ਸਿਖਲਾਈ ਕੈਂਪ ਲਾਉਣ ਲਈ ਵੀ ਕਿਹਾ ਤਾਂ ਜੋ ਕਿਸਾਨਾਂ ਨੂੰ ਸਬੰਧਤ ਸੰਦਾਂ ਦੀ ਸਹੀ ਵਰਤੋਂ ਬਾਰੇ ਪਤਾ ਲੱਗ ਸਕੇ। ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਜੀਤ ਖੰਨਾ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਪਹਿਲੇ ਪੜਾਅ ਵਿੱਚ ਖੇਤੀਬਾੜੀ ਤੇ ਸਹਿਕਾਰਤਾ ਵਿਭਾਗ ਨੂੰ ਹੈਪੀ ਸੀਡਰ ਲਈ 7436, ਪੈਡੀ ਸਟਰਾਅ ਚੌਪਰ/ਮਲਚਰਜ਼ ਲਈ 5490 ਅਤੇ ਰੋਟਾਵੇਟਰ ਲਈ 19 ਹਜ਼ਾਰ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਨਾਂ ਦੱਸਿਆ ਕਿ ਅਗਲੇ ਕੁੱਝ ਦਿਨਾਂ ਵਿੱਚ ਦੂਜਾ ਪੜਾਅ ਸ਼ੁਰੂ ਹੋਵੇਗਾ, ਜਿਸ ਤਹਿਤ ਵੱਡੀ ਗਿਣਤੀ ਵਿੱਚ ਹੋਰ ਅਰਜ਼ੀਆਂ ਮਿਲਣ ਦੀ ਸੰਭਾਵਨਾ ਹੈ।ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਸਕੀਮ ਤਹਿਤ ਪੰਜਾਬ ਦੇ ਖੇਤੀਬਾੜੀ ਵਿਭਾਗ ਲਈ ਸਾਲ 2017-18 ਅਤੇ 2018-19 ਲਈ 665 ਕਰੋੜ ਰੁਪਏ ਰੱਖੇ ਗਏ ਹਨ, ਜਿਸ ਵਿੱਚੋਂ ਪਹਿਲੀ ਕਿਸ਼ਤ ਵਜੋਂ 269.38 ਕਰੋੜ ਰੁਪਏ ਪ੍ਰਾਪਤ ਹੋ ਗਏ ਹਨ। ਇਸ ਸਕੀਮ ਤਹਿਤ ਕਿਸਾਨਾਂ ਨੂੰ ਨਿੱਜੀ ਤੌਰ ’ਤੇ ਮਸ਼ੀਨਰੀ ਲੈਣ ਲਈ 50 ਫੀਸਦੀ ਅਤੇ ਕਿਸਾਨ ਗਰੁੱਪਾਂ ਨੂੰ 80 ਫੀਸਦੀ ਸਬਸਿਡੀ ਮਿਲੇਗੀ।ਇਸ ਸਕੀਮ ਅਧੀਨ ਸਮੁੱਚੀ ਪ੍ਰਕਿਰਿਆ ਦੀ ਨਿਗਰਾਨੀ ਖੇਤੀਬਾੜੀ ਵਿਭਾਗ ਦੇ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ ਕਰ ਰਹੇ ਹਨ। ਕਿਸਾਨਾਂ/ਕਿਸਾਨ ਗਰੁੱਪਾਂ ਦੀਆਂ ਅਰਜ਼ੀਆਂ ਨੂੰ ਪ੍ਰਵਾਨਗੀ ਦੇਣ ਲਈ ਸਮਾਂ ਹੱਦ ਪਹਿਲਾਂ ਹੀ ਤੈਅ ਕਰ ਦਿੱਤੀ ਗਈ ਹੈ ਅਤੇ ਇਹ ਮਨਜ਼ੂਰੀ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਆਧਾਰ ਉਤੇ ਮਿਲੇਗੀ, ਜਦੋਂ ਕਿ ਜ਼ਿਲਾ ਖੇਤੀਬਾੜੀ ਦਫ਼ਤਰਾਂ ਨੇ ਪਹਿਲਾਂ ਹੀ ਪ੍ਰਵਾਨਗੀ ਪ੍ਰਕਿਰਿਆ ਨੂੰ ਅੰਤਮ ਰੂਪ ਦੇ ਦਿੱਤਾ ਹੈ। ਝੋਨੇ ਦੀ ਵਾਢੀ ਤੋਂ ਪਹਿਲਾਂ ਇਨਾਂ ਸੰਦਾਂ ਦੀ ਮੈਨੂਫੈਕਚਰਿੰਗ ਤੇ ਸਪਲਾਈ ਨੂੰ ਨੇਮਬੱਧ ਕਰਨ ਲਈ ਉਤਪਾਦਕਾਂ ਤੇ ਡੀਲਰਾਂ ਨੂੰ ਆਡਰ ਦੇਣ ਲਈ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।ਡਾਇਰੈਕਟਰ ਖੇਤੀਬਾੜੀ, ਪੰਜਾਬ ਡਾ. ਜੇ.ਐਸ. ਬੈਂਸ ਨੇ ਦੱਸਿਆ ਕਿ ਇਸ ਸਕੀਮ ਅਧੀਨ 7.83 ਲੱਖ ਹੈਕਟੇਅਰ ਖੇਤਰ ਆਉਣ ਅਤੇ 52.8 ਲੱਖ ਟਨ ਪਰਾਲੀ ਦਾ ਨਿਬੇੜਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਹਰੇਕ ਸੀਜ਼ਨ ਵਿੱਚ ਨਵੇਂ ਸੰਦਾਂ ਦੀ ਵਰਤੋਂ ਨਾਲ ਪਰਾਲੀ ਦੇ ਕੁਦਰਤੀ ਤਰੀਕੇ ਰਾਹੀਂ ਨਿਬੇੜੇ ਦੀ ਸਮਰੱਥਾ 70 ਫੀਸਦੀ ਦਾ ਅੰਕੜਾ ਛੋਹ ਜਾਵੇਗੀ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ