ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੱਸ ਗਗੜਾ ਦੀ ਮੌਤ,ਕਨੇਡਾ ’ਚ ਦਿਲ ਦਾ ਪਿਆ ਦੌਰਾ,ਮੋਗਾ ਜ਼ਿਲੇ ਅਤੇ ਸਮੁੱਚੇ ਕਬੱਡੀ ਜਗਤ ਵਿਚ ਸੋਗ ਦੀ ਲਹਿਰ

ਮੋਗਾ,16 ਜੁਲਾਈ (ਜਸ਼ਨ)- ਅੱਜ 16 ਜੁਲਾਈ ਦਾ ਦਿਨ ਕਬੱਡੀ ਪਰੇਮੀਆਂ ਲਈ ਉਦਾਸ ਕਰ ਦੇਣ ਵਾਲੀ ਖਬਰ ਲੈ ਕੇ ਆਇਆ ਜਦੋਂ ਮੋਗਾ ਜ਼ਿਲੇ ਨਾਲ ਸਬੰਧਤ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਸਵਿੰਦਰ ਸਿੰਘ ਉਰਫ਼ ਜੱਸ ਗਗੜਾ ਦੀ ਕਨੇਡਾ ਦੇ ਸ਼ਹਿਰ ਸਰੀ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਸਵਿੰਦਰ ਸਿੰਘ ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਨੌਂ ਬਹਾਰ ਦਾ ਰਹਿਣ ਵਾਲਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਉਨਾਂ ਨੂੰ ਜਸਵਿੰਦਰ ਦੀ ਮੌਤ ਖ਼ਬਰ ਭਾਰਤੀ ਸਮੇਂ ਮੁਤਾਬਕ 15 ਜੁਲਾਈ ਨੂੰ ਸ਼ਾਮੀਂ 7.30 ਵਜੇ ਮਿਲੀ। ਉਨਾਂ ਦੱਸਿਆ ਕਿ ਸਰੀ ‘ਚ ਆਪਣੇ ਬਾਕੀ ਸਾਥੀਆਂ ਨਾਲ ਕਬੱਡੀ ‘ਚ ਹਿੱਸਾ ਲੈਣ ਤੋਂ ਇਲਾਵਾ ਉਹ ਉੱਥੇ ਆਪਣਾ ਕੰਮ-ਕਾਜ ਕਰਦਾ ਸੀ। ਉਨਾਂ ਦਾ ਕਹਿਣਾ ਹੈ ਕਿ ਜਸਵਿੰਦਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਪਰਿਵਾਰਕ ਮੈਂਬਰਾਂ ਮੁਤਾਬਕ ਕੈਨੇਡਾ ‘ਚ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਉਸ ਦੀ ਮਿ੍ਰਤਕ ਦੇਹ ਨੂੰ ਭਾਰਤ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਦੋ ਦਹਾਕਿਆਂ ਤੋਂ ਕਬੱਡੀ ਖੇਡਦੇ ਆ ਰਹੇ ਜੱਸ ਗਗੜਾ ਨੂੰ ਕਬੱਡੀ ਪਰੇਮੀ ਬੇਇੰਤਹਾ ਪਿਆਰ ਕਰਦੇ ਨੇ ਤੇ ਅੱਜ ਇਸ ਖਬਰ ਨਾਲ ਕਬੱਡੀ ਜਗਤ ਵਿਚ ਸੋਗ ਦੀ ਲਹਿਰ ਹੈ।

ਇਹ ਵੀ ਵਰਣਨਯੋਗ ਹੈ ਕਿ ਜੱਸ ਗਗੜਾ ਦੀ ਪਤਨੀ ਹਰਵਿੰਦਰ ਕੌਰ ਸਿੱਖਿਆ ਵਿਭਾਗ ਵਿਚ ਅਧਿਆਪਕਾ ਵਜੋਂ ਸੇਵਾ ਨਿਭਾਉਣ ਕਰਕੇ ਆਪਣੀਆਂ ਦੋਨੇਂ ਬੇਟੀਆਂ ਸਮੇਤ ਪਿੰਡ ਤਲਵੰਡੀ ਨੌਂ ਬਹਾਰ ਵਿਖੇ ਰਹਿ ਰਹੀ ਹੈ।