ਨਸ਼ਾ ਵਿਰੋਧੀ ਟਾਸਕ ਫੋਰਸ ਵੱਲੋਂ ਪਿੰਡ ਮਹੇਸਰੀ ਵਿਖੇ ਕੀਤੀ ਮੀਟਿੰਗ ’ਚ ਨਸ਼ੇ ਦੇ ਆਦੀ 18 ਲੋਕਾਂ ਨੇ ਨਸ਼ਾ ਛੱਡਣ ਦਾ ਕੀਤਾ ਫੈਸਲਾ

ਮੋਗਾ 15 ਜੁਲਾਈ (ਜਸ਼ਨ) : ਨਸ਼ਾ ਵਿਰੋਧੀ ਟਾਸਕ ਫੋਰਸ ਮੋਗਾ ਵੱਲੋਂ ਪਿੰਡਾਂ ਵਿੱਚ ਸੱਤ ਮੈਂਬਰੀ ਕਮੇਟੀਆਂ ਦਾ ਗਠਨ ਕਰਨ ਦੇ ਦਿੱਤੇ ਗਏ ਸੱਦੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਚਾਹਵਾਨ ਲੋਕਾਂ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ ਦਾ ਆਯੋਜਨ ਕਰਕੇ ਆਦੀ ਲੋਕਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ । ਇਸ ਸਬੰਧੀ ਅੱਜ ਪਿੰਡ ਮਹੇਸਰੀ ਵਿਖੇ ਨਸ਼ਾ ਵਿਰੋਧੀ ਟਾਸਕ ਫੋਰਸ ਪਿੰਡ ਮਹੇਸਰੀ ਵੱਲੋਂ ਪਿੰਡ ਦੇ ਲੋਕਾਂ ਦੀ ਇਕੱਤਰਤਾ ਕੀਤੀ ਗਈ, ਜਿਸ ਵਿੱਚ ਨਸ਼ਾ ਵਿਰੋਧੀ ਟਾਸਕ ਫੋਰਸ ਮੋਗਾ ਦੇ ਮੈਂਬਰ ਮਹਿੰਦਰ ਪਾਲ ਲੂੰਬਾ ਅਤੇ ਗੁਰਸਵੇਕ ਸਿੰਘ ਸੰਨਿਆਸੀ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਸ. ਹੁਕਮ ਸਿੰਘ ਮਹੇਸਰੀ ਨੂੰ ਨਸ਼ਾ ਵਿਰੋਧੀ ਟਾਸਕ ਫੋਰਸ ਮਹੇਸਰੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ । ਇਸ ਮੌਕੇ ਆਪਣੇ ਸੰਬੋਧਨ ਦੌਰਾਨ ਮਹਿੰਦਰ ਪਾਲ ਲੂੰਬਾ ਅਤੇ ਗੁਰਸੇਵਕ ਸੰਨਿਆਸੀ ਨੇ ਹਾਜ਼ਰ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ, ਉਹਨਾ ਨਾਲ ਦੋਸਤਾਨਾ ਵਿਵਹਾਰ ਕਰਨ ਅਤੇ ਨਸ਼ਿਆਂ ਦੇ ਮਾਰੂ ਪ੍ਭਾਵਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ । ਉਹਨਾਂ ਨਸ਼ਾ ਛੱਡਣ ਦੇ ਢੰਗਾਂ ਬਾਰੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਇੱਕ ਮਾਨਸਿਕ ਬਿਮਾਰੀ ਹੈ ਤੇ ਮਨ ਨੂੰ ਤਕੜਾ ਕਰਕੇ ਹੀ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਤੇ ਇਸ ਲਈ ਕਿਸੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਦੀ ਸਲਾਹ ਵੀ ਲਈ ਜਾ ਸਕਦੀ ਹੈ । ਉਹਨਾਂ ਚਿੱਟੇ ਦੇ ਆਦੀ ਨੌਜਵਾਨਾਂ ਨੂੰ ਓਟ ਸੈਂਟਰ ਡਰੋਲੀ ਭਾਈ ਅਤੇ ਭੁੱਕੀ, ਗੋਲੀਆਂ ਅਤੇ ਹੋਰ ਮੈਡੀਕਲ ਨਸ਼ਿਆਂ ਦੇ ਆਦੀ ਲੋਕਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਹੋ ਕੇ ਨਸ਼ਾ ਛੱਡਣ ਲਈ  ਪ੍ਰੇਰਿਤ ਕੀਤਾ । ਇਸ ਤੋਂ ਪ੍ਭਾਵਿਤ ਹੋ ਕੇ ਮੌਕੇ ਤੇ ਹੀ 18 ਆਦੀ ਲੋਕਾਂ ਵੱਲੋਂ ਨਸ਼ਾ ਛੱਡਣ ਦੀ ਇੱਛਾ ਪ੍ਗਟ ਕੀਤੀ । ਬੁੱਧਵਾਰ ਨੂੰ ਇਹਨਾਂ ਲੋਕਾਂ ਨੂੰ ਨਸ਼ਾ ਛੁਡਾਊ ਕੇਂਦਰ ਜਗਰਾਉਂ ਵਿਖੇ ਦਾਖਲ ਕਰਵਾਇਆ ਜਾਵੇਗਾ ਤੇ ਚਿੱਟੇ ਦੇ ਆਦੀ ਨੌਜਵਾਨਾਂ ਦੀ ਡਰੋਲੀ ਭਾਈ ਸਿਹਤ ਕੇਂਦਰ ਵਿਖੇ ਸਥਿਤ ਓਟ ਸੈਂਟਰ ਵਿਖੇ ਰਜਿਸਟਰੇਸ਼ਨ  ਕਰਵਾਈ ਜਾਵੇਗੀ । ਇਸ ਮੌਕੇ ਹੁਕਮ ਸਿੰਘ ਨੇ ਪਿੰਡ ਵਾਸੀਆਂ ਨੂੰ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਪਿੰਡ ਵਾਸੀਆਂ ਦੇ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਨਗਰ ਦੇ ਸਹਿਯੋਗ ਤੋਂ ਬਿਨਾਂ ਇਹ ਕਾਰਜ ਸੰਭਵ ਨਹੀਂ ਹੈ।  ਉਹਨਾਂ ਮਹਿੰਦਰ ਪਾਲ ਲੂੰਬਾ ਅਤੇ ਗੁਰਸੇਵਕ ਸੰਨਿਆਸੀ ਦਾ ਉਚੇਚਾ ਧੰਨਵਾਦ ਵੀ ਕੀਤਾ । ਇਸ ਮੌਕੇ ਕਮੇਟੀ ਮੈਂਬਰ ਵੀਰ ਸਿੰਘ ਖਾਲਸਾ, ਜਸਵਿੰਦਰ ਸਿੰਘ ਕਾਲਾ, ਪਰਮਜੀਤ ਸਿੰਘ, ਸੁਖਦੇਵ ਸਿੰਘ, ਨੀਟਾ ਨੰਬਰਦਾਰ, ਹਰੀ ਸਿੰਘ, ਕੇਵਲ ਸਿੰਘ ਪ੍ਧਾਨ, ਜਗਸੀਰ ਸਿੰਘ, ਜਬਰਜੰਗ ਸਿੰਘ ਪੰਚ, ਮਨਜੀਤ ਕੌਰ ਪੰਚ, ਜੋਗਿੰਦਰ ਸਿੰਘ ਪੰਚ, ਸੋਮਾ ਸਿੰਘ ਪੰਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ ।