ਸੂਬੇ ਭਰ ਵਿੱਚ ਖੇਡ ਸਟੇਡੀਅਮਾਂ ਦੀ ਸੁਰਜੀਤੀ ਸਰਕਾਰ ਦੀ ਮੁੱਖ ਤਰਜੀਹ-:ਰਾਣਾ ਸੋਢੀ

ਚੰਡੀਗੜ, 15 ਜੁਲਾਈ :(ਪੱਤਰ ਪਰੇਰਕ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੂਝ-ਬੂਝ ਭਰੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਭਰ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਅਤੇ ਸੁੰਦਰੀਕਰਨ ਲਈ ਪੂਰੀ ਤਰਾਂ ਤਿਆਰ ਹੈ ਤਾਂ ਜੋ ਦੇਸ਼ ਦੇ ਖੇਡ ਇਤਿਹਾਸ ਵਿੱਚ ਪਹਿਲਾਂ ਵਾਂਗ ਪੰਜਾਬ ਦੀ ਸ਼ਾਨ ਨੂੰ ਮੁੜ ਬਹਾਲ ਕੀਤਾ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਖੇਡਾਂ ਸਬੰਧੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸੂਬੇ ਭਰ ਦੇ ਖੇਡ ਸਟੇਡੀਅਮਾਂ ਦੀ ਸੁਰਜੀਤੀ ਅਤੇ ਸੁੰਦਰੀਕਰਨ ਕਰਨਾ ਸਰਕਾਰ ਦਾ ਮੁੱਖ ਟੀਚਾ ਹੈ। ਹੋਰ ਜਾਣਕਾਰੀ ਦਿੰਦਿਆਂ ਰਾਣਾ ਸੋਢੀ ਨੇ ਕਿਹਾ ਕਿ ਇਸ ਤੋਂ ਇਲਾਵਾ ਕਈ ਹੋਰ ਪਹਿਲਕਦਮੀਆਂ ਵੀ ਸਰਕਾਰ ਦੇ ਏਜੰਡੇ ਵਿੱਚ ਸਿਖ਼ਰਾਂ ’ਤੇ ਹਨ ਤਾਂ ਜੋ ਸੂਬੇ ਵਿੱਚ ਖੇਡ ਖੇਤਰ ਦੇ ਵਿਕਾਸ ਨੂੰ ਵੱਡਾ ਹੁਲਾਰਾ ਦਿੱਤਾ ਜਾ ਸਕੇ। ਉਨਾਂ ਦੱਸਿਆ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਉਤਪੰਨ ਕਰਨ ਅਤੇ ਅਤਿ-ਆਧੁਨਿਕ ਉਪਕਰਣਾਂ ਦੀ ਸਹਾਇਤਾ ਨਾਲ ਚੁਣੇ ਹੋਏ ਖਿਡਾਰੀਆਂ ਨੂੰ ਸਿਖਲਾਈ ਮੁਹੱਇਆ ਕਰਵਾਉਣ ਲਈ ਇੱਕ ਵਿਆਪਕ ਖੇਡ ਨੀਤੀ ਉਲੀਕੀ ਜਾ ਰਹੀ ਹੈ ਜਿਸ ਵਿੱਚ ਖਿਡਾਰੀਆਂ ਦੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਦੀ ਪੂਰਤੀ ਲਈ ਉਨਾਂ ਨੂੰ ਪੌਸ਼ਟਿਕ ਆਹਾਰ ਉਪਲੱਬਧ ਕਰਵਾਉਣਾ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਲਈ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਦੀ ਮੁੜ ਬਹਾਲੀ, ਤਮਗਾ ਜੇਤੂ ਖਿਡਾਰੀਆਂ ਲਈ ਨੌਕਰੀਆਂ ਅਤੇ ਨਗਦ ਇਨਾਮ ਕੁਝ ਵਿਸ਼ੇਸ਼ ਪਹਿਲਕਦੀਆਂ ਵਿਚਾਰ ਅਧੀਨ ਹਨ। ਖੇਡ ਮੰਤਰੀ ਨੇ ਅੱਗੇ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣਾ ਸਰਕਾਰ ਦਾ ਮੁੱਖ ਟੀਚਾ ਹੋਵੇਗਾ ਤਾਂ ਜੋ ਇਨਾਂ ਖੇਤਰਾਂ ਵਿੱਚੋਂ ਉੱਭਰ ਰਹੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਅਤੇ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ’ਤੇ ਆਉਣ ਦਾ ਮੌਕਾ ਦਿੱਤਾ ਜਾ ਸਕੇ। ਹੋਰ ਜਾਣਕਾਰੀ ਦਿੰਦਿਆਂ ਖੇਡ ਵਿਭਾਗ, ਪੰਜਾਬ ਦੇ ਡਾਇਰੈਕਟਰ ਸ੍ਰੀ ਰਾਹੁਲ ਗੁਪਤਾ ਨੇ ਦੱਸਿਆ ਕਿ ਖੇਡ ਸਟੇਡੀਅਮਾਂ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਇਸ ਪ੍ਰਾਜੈਕਟ ਵਿੱਚ ਸਰਵ-ਸ੍ਰੇਸ਼ਠ ਕੰਪਨੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇਗਾ। ਉਨਾਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਖੇਡ ਖੇਤਰ ਵਿੱਚ ਪੰਜਾਬ ਦੀ ਸ਼ਾਨ ਮੁੜ ਕਾਇਮ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਵੀ ਦੁਹਰਾਈ।