ਅਚਾਰ-ਵਿਹਾਰ ’ਚ ਤਬਦੀਲੀ ਕਰਕੇ ਜ਼ਿੰਦਗੀ ਨੂੰ ਅਨੁਸ਼ਾਸ਼ਨਮਈ ਬਣਾਉਣਾ ਜਰੂਰੀ : ਭਾਈ ਰਣਜੀਤ ਸਿੰਘ

ਕੋਟਕਪੂਰਾ, 15 ਜੁਲਾਈ ( ਪੱਤਰ ਪਰੇਰਕ) :- ਭਾਈ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਥਾਨਕ ਸਿੱਖਾਂ ਵਾਲਾ ਸੜਕ ’ਤੇ ਸਥਿੱਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਦਫਤਰ ਵਿਖੇ ਕਰਵਾਏ ਗਏ ਕਥਾ-ਕੀਰਤਨ ਸਮਾਗਮ ਦੌਰਾਨ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉੱਘੇ ਕਥਾਵਾਚਕ ਭਾਈ ਰਣਜੀਤ ਸਿੰਘ ਟੋਨੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਉਨਾ ਦੱਸਿਆ ਕਿ ਆਤਮਿਕ ਸ਼ਾਂਤੀ ਲਈ ਸੰਨਿਆਸੀ ਜਾਂ ਤਪੱਸਵੀ ਬਣਨਾ ਜਰੂਰੀ ਨਹੀਂ ਬਲਕਿ ਆਪਣੇ ਅਚਾਰ, ਵਿਹਾਰ ’ਚ ਤਬਦੀਲੀ ਕਰਕੇ ਜਿੰਦਗੀ ਨੂੰ ਅਨੁਸ਼ਾਸ਼ਨਮਈ ਬਣਾਉਣਾ ਜਰੂਰੀ ਹੈ। ਉਨਾ ਅਨੇਕਾਂ ਉਦਾਹਰਣਾਂ ਦਿੰਦਿਆਂ ਦੱਸਿਆ ਕਿ ਮਾਇਆ ਦਾ ਰੰਗ ਮਨੁੱਖ ਨੂੰ ਵਿਕਾਰ ਵੱਲ ਲੈ ਕੇ ਜਾਂਦੈ ਜਦਕਿ ਨਾਮ ਦਾ ਰੰਗ ਸਾਨੂੰ ਨਿਰੰਕਾਰ ਨਾਲ ਜੋੜਦੈ, ਇਸ ਲਈ ਅਜਿਹੇ ਸਾਫ ਸੁਥਰੇ ਤੇ ਸੱਚੇ ਸੁੱਚੇ ਰੰਗ ਦੀ ਪਛਾਣ ਕਰਨ ਵਾਸਤੇ ਸਾਨੂੰ ਸੁਚੇਤ ਰਹਿਣਾ ਪਵੇਗਾ। ਇਸ ਮੌਕੇ ਉਘੇ ਕੀਰਤਨੀਏ ਭਾਈ ਚਰਨਜੀਤ ਸਿੰਘ ਚੰਨੀ ਸਮੇਤ ਨਿਸ਼ਕਾਮ ਵੀਰ/ਭੈਣਾ ਨੇ ਗੁਰਬਾਣੀ ਕੀਰਤਨ ਰਾਂਹੀ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ, ਉਪਰੰਤ ਸਟੇਜ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਜਥੇਬੰਦੀ ਦੇ ਅਗਲੇਰੇ ਕਾਰਜਾਂ ਬਾਰੇ ਸੰਖੇਪ ’ਚ ਚਾਨਣਾ ਪਾਉਂਦਿਆਂ ਦੱਸਿਆ ਕਿ ਜਥੇਬੰਦੀ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਰਬੱਤ ਦਾ ਭਲਾ ਵਿਦਿਆਰਥੀ ਭਲਾਈ ਯੋਜਨਾ ਤਹਿਤ 183 ਬੱਚਿਆਂ ਨੂੰ 2 ਹਜਾਰ ਰੁਪਏ ਪ੍ਰਤੀ ਵਿਦਿਆਰਥੀ ਅਰਥਾਤ 3 ਲੱਖ 66 ਹਜਾਰ ਰੁਪਏ ਦੀ ਰਾਸ਼ੀ ਤਕਸੀਮ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਜਿਲੇ ਭਰ ਦੇ ਵੱਖ-ਵੱਖ ਸਕੂਲਾਂ ’ਚ ਪੜਦੇ ਗਰੀਬ, ਜਰੂਰਤਮੰਦ ਪਰ ਹੋਣਹਾਰ ਬੱਚਿਆਂ ਦੀ ਪਹਿਲਾਂ ਪ੍ਰੀਖਿਆ ਲਈ ਜਾਂਦੀ ਹੈ ਤੇ ਫਿਰ ਹੋਣਹਾਰ ਬੱਚਿਆਂ ਦੀ ਚੋਣ ਕਰਕੇ ਹਰ ਸਾਲ ਸਹਾਇਤਾ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ।