ਇਲਾਕੇ ਨੂੰ ਨੋਟਰੀ ਦੀ ਸਹੂਲਤ ਮੁਹੱਈਆ ਕਰਾਉਣ ਵਾਲੇ ਵਕੀਲ ਐਡਵੋਕੇਟ ਮੁਰਲੀਧਰ ਬਿੱਲਾ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ

ਕੋਟਕਪੂਰਾ, 15 ਜੁਲਾਈ (ਮਹਿੰਦੀਰੱਤਾ) :- ਐਡਵੋਕੇਟ ਮੁਰਲੀਧਰ ਬਿੱਲਾ ਨਮਿੱਤ ਸਥਾਨਕ ਮੁਕਤਸਰ ਸੜਕ ’ਤੇ ਸਥਿੱਤ ਮਹਾਂਲਕਸ਼ਮੀ ਪੈਲੇਸ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਪੰਡਿਤ ਰਕੇਸ਼ ਕੁਮਾਰ ਅਤੇ ਪੰਡਿਤ ਸੰਜੇ ਕੁਮਾਰ ਨੇ ਜਨਮ ਅਤੇ ਮੌਤ ਬਾਰੇ ਧਾਰਮਿਕ ਅਤੇ ਸਮਾਜਿਕ ਪਹਿਲੂਆਂ ਤੋਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਜੋ ਕਰਮ ਆਦਮੀ ਕਰਦਾ ਹੈ, ਉਸ ਦਾ ਫਲ ਵੀ ਜਿਉਂਦੇ ਜੀਅ ਭੁਗਤਣਾ ਪੈਂਦਾ ਹੈ। ਉਪਰੰਤ ਸਟੇਜ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਐਡਵੋਕੇਟ ਮੁਰਲੀਧਰ ਬਿੱਲਾ ਦੀ ਜੀਵਨੀ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਸਾਲ 1998 ’ਚ ਐਡਵੋਕੇਟ ਬਿੱਲਾ ਨੇ ਇਲਾਕਾ ਵਾਸੀਆਂ ਨੂੰ ਨੋਟਰੀ ਦੀ ਸਹੂਲਤ ਮੁਹੱਈਆ ਕਰਵਾਈ ਤੇ ਇਕ ਸਾਲ ਮੁਫਤ ਸੇਵਾਵਾਂ ਦਿੱਤੀਆਂ। ਬਿੱਲਾ ਪਰਿਵਾਰ ਦੇ ਧਾਰਮਿਕ, ਸਮਾਜਿਕ ਅਤੇ ਵਪਾਰਕ ਖੇਤਰ ’ਚ ਪਾਏ ਜਾ ਰਹੇ ਯੋਗਦਾਨ ਬਾਰੇ ਜਿਕਰ ਕਰਨ ਤੋਂ ਇਲਾਵਾ ਉਨਾਂ ਵੱਖ-ਵੱਖ ਸਮਾਜਸੇਵੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਵੱਲੋਂ ਆਏ ਸੋਗ ਮਤੇ ਪੜ ਕੇ ਸੁਣਾਏ। ਉਨਾ ਕਿਸ਼ਨ ਲਾਲ ਬਿੱਲਾ ਅਤੇ ਅਸ਼ੀਸ਼ ਬਿੱਲਾ ਸਮੇਤ ਸਮੂਹ ਬਿੱਲਾ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਵੀ ਕੀਤਾ। ਬਿੱਲਾ ਪਰਿਵਾਰ ਨਾਲ ਦੁੱਖ ਸਾਂਝਾ ਲਈ ਇਸ ਮੌਕੇ ਸ਼ਰਧਾਂਜਲੀ ਸਮਾਗਮ ’ਚ ਪੁੱਜਣ ਵਾਲਿਆਂ ’ਚ ਉਪਰੋਕਤ ਤੋਂ ਇਲਾਵਾ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਸਾਬਕਾ ਮੰਤਰੀ ਉਪੇਂਦਰ ਸ਼ਰਮਾ, ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਮਨੋਹਰ ਸਿੰਘ ਕਾਲੜਾ, ਊਧਮ ਸਿੰਘ ਔਲਖ ਸਮੇਤ ਭਾਰੀ ਗਿਣਤੀ ’ਚ ਸਿਆਸੀ ਤੇ ਗੈਰ ਸਿਆਸੀ ਸ਼ਖਸ਼ੀਅਤਾਂ ਨੇ ਹਾਜ਼ਰੀ ਭਰੀ।