‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਯੁਵਕ ਕਲੱਬ ਭਿੰਡਰ ਕਲਾਂ ਦੇ ਸਹਿਯੋਗ ਨਾਲ ਸਿਵਲ ਪਸ਼ੂ ਡਿਸਪੈਂਸਰੀ ਭਿੰਡਰ ਕਲਾਂ ਵਿਖੇ 36 ਬੂਟੇ ਲਗਾਏ ਗਏ

ਮੋਗਾ, 15 ਜੁਲਾਈ:(ਜਸ਼ਨ)-ਮਿਸ਼ਨ ਤੰਦਰੁਸਤ ਪੰਜਾਬ ਅਧੀਨ ਯੁਵਕ ਕਲੱਬ ਭਿੰਡਰ ਕਲਾਂ ਦੇ ਸਹਿਯੋਗ ਨਾਲ ਸਿਵਲ ਪਸ਼ੂ ਡਿਸਪੈਂਸਰੀ ਭਿੰਡਰ ਕਲਾਂ ਵਿਖੇ 36 ਫ਼ਲਦਾਰ/ਛਾਂਦਾਰ ਬੂਟੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਡਾ: ਗੁਰਮੀਤ ਸਿੰਘ ਨੇ ਦੱਸਿਆ ਕਿ ਬੂਟਿਆਂ ਦੀ ਸੁਰੱਖਿਆ ਲਈ 10 ਟ੍ਰੀ ਗਾਰਡ ਵੀ ਲਗਾਏ ਗਏ। ਡਾ: ਗੁਰਮੀਤ ਸਿੰਘ ਨੇ ਡਿਸਪੈਂਸਰੀ ਦੇ ਅਮਲੇ ਨੂੰ ਕਿਹਾ ਕਿ ਬੂਟਿਆਂ ਦੀ ਸਾਂਭ-ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਤਾਂ ਜੋ ਇਨਾਂ ਨੂੰ ਬਚਾਇਆ ਜਾ ਸਕੇ ਅਤੇ ਸਰਕਾਰ ਦੀ ਇਸ ਸਕੀਮ ਨੂੰ ਸਹੀ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਉਨਾਂ ਸਰਕਾਰ ਵੱਲੋਂ ਚਲਾਈ ਜਾ ਰਹੀ ਮਿਸ਼ਨ ਤੰਦਰੁਸਤ ਪੰਜਾਬ ਤੇ ਘਰ-ਘਰ ਹਰਿਆਲੀ ਮੁਹਿੰਮ ਬਾਰੇ ਕਿਹਾ ਕਿ ਪੰਜਾਬ ਦੇ ਪ੍ਰਦੂਸ਼ਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਅਤੇ ਹਰੇਕ ਨਾਗਰਿਕ ਨੂੰ ਇਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਵੈਟਰਨਰੀ ਅਫ਼ਸਰ ਡਾ: ਤਰਸੇਮ ਕੁਮਾਰ ਨੇ ਜੰਗਲਾਤ ਵਿਭਾਗ ਦੀ ਐਪ ‘ਆਈ ਹਰਿਆਲੀ‘ ਬਾਰੇ ਵੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਇਹ ਉਪਰਾਲਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਧਰਤੀ ‘ਤੇ ਵੱਧ ਤੋਂ ਵੱਧ ਦਰੱਖ਼ਤ ਲਗਾਏ ਜਾ ਸਕਣ, ਕਿਉਂਕਿ ਦਰੱਖ਼ਤ ਆਕਸੀਜ਼ਨ ਦਿੰਦੇ ਹਨ ਤੇ ਵਾਤਾਵਰਣ ਨੂੰ ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਰੱਖਣ ਵਿੱਚ ਸਹਾਈ ਹੁੰਦੇ ਹਨ। ਉਨਾਂ ਕਿਹਾ ਕਿ ਸਰਕਾਰ ਵੱਲੋਂ ਚਲਾਇਆ ਗਿਆ ਮਿਸ਼ਨ ਤੰਦਰੁਸਤ ਪੰਜਾਬ ਆਮ ਲੋਕਾਂ ਨੂੰ ਸਿਹਤਮੰਦ ਰੱਖਣ ਅਤੇ ਪ੍ਰਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਣ ਨੂੰ ਸਵੱਛ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ। ਇਸ ਮੌਕੇ ਯੁਵਕ ਕਲੱਬ ਭਿੰਡਰ ਕਲਾਂ ਦੇ ਨੌਜਵਾਨ ਅਤੇ ਡਿਸਪੈਂਸਰੀ ਦਾ ਅਮਲਾ ਵੀ ਹਾਜ਼ਰ ਸੀ।