ਪਰਵਾਸੀ ਪੰਜਾਬੀਆਂ ਵੱਲੋਂ ਸਕੂਲਾਂ ਅਤੇ ਹਸਪਤਾਲਾਂ ਦੀ ਕਾਇਆ ਕਲਪ ਕਰਨਾ ਪੰਜਾਬ ਲਈ ਸ਼ੁੱਭ ਸ਼ਗਨ -:ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ

ਮੋਗਾ, 15 ਜੁਲਾਈ (ਜਸ਼ਨ)-ਪ੍ਰਵਾਸੀ ਪੰਜਾਬੀਆਂ ਵੱਲੋਂ ਮਿੱਟੀ ਦੇ ਮੋਹ ਸਦਕਾ ਪੇਂਡੂ ਹਲਕਿਆਂ ਵਿਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਬਿਹਤਰ ਸਿੱਖਿਆ ਸਹੂਲਤਾਂ ਦੇਣ ਦੇ ਯਤਨਾਂ ਸਦਕਾ ਹੁਣ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਹੋਣੀ ਆਰੰਭ ਹੋ ਗਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਮੋਗਾ ਜ਼ਿਲੇ ਦੇ ਪਿੰਡ ਬੁੱਘੀਪੁਰਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪ੍ਰਵਾਸੀ ਪੰਜਾਬੀ ਪਰਿਵਾਰ ਵੱਲੋਂ ਦਾਨ ਕੀਤੇ ਜਨਰੇਟਰ ਦੀ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਆਖਿਆ ਕਿ ਇਸ ਗੱਲ ਵਿਚ ਕੋਈ ਸ਼ੰਕਾਂ ਨਹੀਂ ਕਿ ਪੰਜਾਬੀ ਮਿਹਨਤੀ ਕੌਮ ਹੈ ਅਤੇ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚ ਆਪਣੀ ਕਾਬਲੀਅਤ ਸਦਕਾ ਵੱਖਰੀ ਪਹਿਚਾਣ ਬਣਾਈ ਹੈ ਪਰ ਉਹ ਹਮੇਸ਼ਾ ਆਪਣੀਆਂ ਜੜਾਂ ਨਾਲ ਜੁੜੇ ਰਹੇ ਨੇ ਅਤੇ ਹਮੇਸ਼ਾ ਪੰਜਾਬ ਨੂੰ ਸੁਖੀ ਵੱਸਦਾ ਦੇਖਣਾ ਚਾਹੰੁਦੇ ਨੇ । ਉਹਨਾਂ ਆਖਿਆ ਕਿ ਹੁਣ ਪਰਵਾਸੀਆਂ ਵੱਲੋਂ ਸਕੂਲਾਂ ਅਤੇ ਹਸਪਤਾਲਾਂ ਲਈ ਆਰਥਿਕ ਸਹਾਇਤਾ ਦੇਣੀ ਆਰੰਭ ਕਰਨੀ ਪੰਜਾਬ ਲਈ ਸ਼ੁੱਭ ਸ਼ਗਨ ਹੈ। ਕਾਕਾ ਲੋਹਗੜ ਨੇ ਅਮਰੀਕਾ ਵਾਸੀ ਬਲਦੇਵ ਸਿੰਘ ਸਮਰਾ ਅਤੇ ਬਿੱਕਰ ਸਿੰਘ ਤੂਰ ਦੀ ਭਰਵੀਂ ਸ਼ਲਾਘਾ ਕਰਦਿਆਂ ਆਖਿਆ ਕਿ ਉਹਨਾਂ ਵੱਲੋਂ ਸਕੂਲ ਨੂੰ ਦਿੱਤੇ ਜਨਰੇਟਰ ਸਦਕਾ ਬੱਚੇ ਗਰਮੀ ਦੇ ਮੌਸਮ ਵਿਚ ਵੀ ਸੁਖਦ ਹਾਲਾਤ ਮਿਲਣ ਸਦਕਾ ਪੜਾਈ ਕਰ ਸਕਣਗੇ। ਇਸ ਮੌਕੇ ਉਹਨਾਂ ਸਕੂਲ ਦਾ ਦੌਰਾ ਵੀ ਕੀਤਾ ਅਤੇ ਸਕੂਲ ਵਿਚ ਤਾਮੀਰ ਸਮਾਰਟ ਕਲਾਸ ਰੂਮ ਅਤੇ ਲਾਇਬਰੇਰੀ ਤੋਂ ਇਲਾਵਾ ਆਕਰਸ਼ਕ ਅਤੇ ਸਿੱਖਿਆਦਾਇਕ ਕੰਧ ਚਿੱਤਰਾਂ ਦੀ ਭਰਪੂਰ ਪ੍ਰਸੰਸਾ ਕੀਤੀ ਜਿਹਨਾਂ ਸਦਕਾ ਵਿਦਿਆਰਥੀਆਂ ਨੂੰ ਵਿਹਾਰਕ ਸਿੱਖਿਆ ਤੋਂ ਇਲਾਵਾ ਨੈਤਿਕ ਗੁਣਾਂ ਦੇ ਧਾਰਨੀ ਹੋਣ ਵਿਚ ਸਹਾਇਤਾ ਮਿਲੇਗੀ। ਸੰਤ ਸਤਵੰਤ ਸਿੰਘ ਡੇਰਾ ਸੱਤੇਆਣਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਦਾ ਸਮੁੱਚਾ ਸਟਾਫ਼ ਵਧਾਈ ਦਾ ਪਾਤਰ ਹੈ ਕਿਉਂਕਿ ਸਟਾਫ਼ ਦੀ ਮਿਹਨਤ ਸਦਕਾ ਵਿਦਿਆਰਥੀ ਮਾਡਲ ਸਕੂਲਾਂ ਵਿਚ ਜਾਣ ਦੀ ਬਜਾਏ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਚਾਈਂ ਚਾਈਂ ਦਾਖਲਾ ਲੈ ਰਹੇ ਹਨ। ਇਸ ਮੌਕੇ ਪਿੰਡ ਵਾਸੀ ਮਨਜਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਜਿਸ ਦੇ ਯਤਨਾਂ ਸਦਕਾ ਪ੍ਰਵਾਸੀ ਪੰਜਾਬੀਆਂ ਦੇ ਗਰੁੱਪ ਨੇ ਸਾਰੇ ਸਕੂਲ ਨੂੰ ਰੰਗ ਰੋਗਨ ਕਰਨ ਲਈ 80 ਹਜ਼ਾਰ ਰੁਪਏ ਦਾਨ ਕੀਤੇ । ਇਸ ਮੌਕੇ ਸੰਤ ਸਤਵੰਤ ਸਿੰਘ ਡੇਰਾ ਸੱਤੇਆਣਾ ਨੇ ਦਾਨੀ ਸੱਜਣ ਜ਼ੋਰਾ ਸਿੰਘ ਪੁੱਤਰ ਜਵਾਹਰ ਸਿੰਘ, ਜਸਵਿੰਦਰ ਕੌਰ ਪਤਨੀ ਮੁਖਤਿਆਰ ਸਿੰਘ, ਸੁਰਿੰਦਰ ਕੌਰ ਪਤਨੀ ਨਿਰਮਲ ਸਿੰਘ ਤੂਰ , ਬਲਦੇਵ ਸਿੰਘ ਮਾਣਕ, ਜਗਦੇਵ ਸਿੰਘ ਗਿੱਲ ਬੁੱਘੀਪੁਰਾ ਨੂੰ ਸਕੂਲ ਦੇ ਵਿਕਾਸ ਲਈ ਪਾਏ ਯੋਗਦਾਨ ਬਦਲੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਸੰਤ ਸਤਵੰਤ ਸਿੰਘ ਡੇਰਾ ਸੱਤੇਆਣਾ ਦੇ ਸੇਵਾਦਾਰ ਗੁਰਪ੍ਰੀਤ ਸਿੰਘ, ਸੁਖਜੀਤ  ਸਿੰਘ ਸੇਖੋੋਂ ਜਨਰੇਟਰ, ਜਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ, ਮਨਜੀਤ ਸਿੰਘ, ਸੁਖਦੀਪ ਸਿੰੰਘ, ਅਵਤਾਰ ਸਿੰਘ ਪੀ ਏ ਕਾਕਾ ਲੋਹਗੜ,ਬੀ.ਪੀ.ਈ.ਓ. ਮੋਗਾ ਸੁਰਿੰਦਰ ਕੁਮਾਰ, ਪਰਮਿੰਦਰ ਸਿੰਘ ਖਹਿਰਾ,ਵਿਕਰਮਜੀਤ  ਸਿੰਘ ਮੈਂਬਰ , ਸੁਖਮੰਦਰ ਸਿੰਘ, ਬੇਅੰਤ ਸਿੰਘ, ਚਰਨਜੀਤ ਸਿੰਘ, ਹਰਜਿੰਦਰ ਸਿੰਘ,ਰਾਜੂ ਨੰਬਰਦਾਰ, ਮੁੱਖ ਅਧਿਆਪਕਾ ਜਤਿੰਦਰ ਕੌਰ, ਸਿਲਕੀ ਰਾਣੀ,ਸਤਵਿੰਦਰ ਕੌਰ, ਸਤਵੰਤ ਕੌਰ,ਕਿਰਨਦੀਪ ਕੌਰ, ਰੁਪਿੰਦਰ ਕੌਰ, ਅਮਨਜੋਤ ਕੌਰ ਹਾਜ਼ਰ ਸਨ। ਇਸ ਮੌਕੇ ਸਕੂਲ ਸਟਾਫ਼ ਵੱਲੋਂ ਮਨਜੀਤ ਸਿੰਘ ਨੇ ਪ੍ਰਵਾਸੀ ਪੰਜਾਬੀਆਂ ਅਤੇ ਸਮਾਗਮ ਵਿਚ ਸ਼ਾਮਲ ਪਤਵੰਤਿਆਂ ਦਾ ਧੰਨਵਾਦ ਕੀਤਾ।