ਸਰਵਿਸ ਸੈਂਟਰ ਸੰਚਾਲਕਾਂ ਨੇ ਡੀ.ਸੀ. ਸੁਪਰਡੈਂਟ ਨੂੰ ਸੌਂਪਿਆ ਮੰਗ ਪੱਤਰ

ਮੋਗਾ,14 ਜੁਲਾਈ (ਗਗਨ)-ਅੱਜ ਸਮੂਹ ਜਿਲ੍ਹਾ ਮੋਗਾ ਦੇ ਕਾਮਨ ਸਰਵਿਸ ਸੈਂਟਰ ਸੰਚਾਲਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਦੇ ਸੁਪਰਡੈਂਟ ਜੋਗਿੰਦਰ ਸਿੰਘ ਨੂੰ ਸੌਂਪਿਆ ਗਿਆ। ਇਸ ਮੰਗ ਪੱਤਰ ਰਾਹੀਂ ਸਰਵਿਸ ਸੈਂਟਰ ਸੰਚਾਲਕਾਂ ਨੇ ਪੰਜਾਬ ਸਰਕਾਰ ਦੇ ਸੇਵਾ ਕੇਂਦਰਾਂ ਨੂੰ ਕਾਮਨ ਸਰਵਿਸ ਸੈਂਟਰ ਨਾਲ ਜੋੜਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਐਸ.ਸੀ. ਸੈਂਟਰ ਸੰਚਾਲਕ ਬਲਵੰਤ ਸਿੰਘ ਜੈਮਲਵਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਪਿੰਡਾਂ ਵਿੱਚ ਚੱਲ ਰਹੇ ਵੱਡੀ ਗਿਣਤੀ ਸੇਵਾ ਕੇਂਦਰ ਬੰਦ ਕਰ ਰਹੀ ਹੈ, ਜਿਸ ਨਾਲ ਪਿੰਡਾਂ ਦੇ ਲੋਕਾਂ ਨੂੰ ਆਪਣੇ ਰੋਜਾਨਾ ਦੇ ਛੋਟੇ ਮੋਟੇ ਕੰਮ ਕਰਾਉਣ ਲਈ ਸ਼ਹਿਰ ਜਾਣਾ ਪਵੇਗਾ ਅਤੇ ਸ਼ਹਿਰਾਂ ਦੇ ਸੇਵਾ ਕੇਂਦਰਾਂ ਦੀ ਗਿਣਤੀ ਘੱਟ ਹੋਣ ਕਰਕੇ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਚੀਜਾਂ ਬਰਬਾਦ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਡਿਜੀਟਲ ਇੰਡੀਆ ਅਭਿਆਨ ਤਹਿਤ ਪੂਰੇ ਭਾਰਤ ਅਤੇ ਪੰਜਾਬ ਦੇ ਪਿੰਡਾਂ ਅੰਦਰ ਕਾਮਨ ਸਰਵਿਸ ਸੈਂਟਰ ਚਾਲੂ ਕੀਤੇ ਹਨ ਜਿੰਨ੍ਹਾਂ ਰਾਹੀਂ ਕੇਂਦਰ ਸਰਕਾਰ ਦੀਆਂ ਅਨੇਕਾਂ ਸਕੀਮਾਂ ਦਾ ਲਾਭ ਆਮ ਲੋਕਾਂ ਨੂੰ ਪਹੁੰਚਾਇਆ ਜਾ ਰਿਹਾ ਹੈ। ਕਾਮਨ ਸਰਵਿਸ ਸੈਂਟਰ ਸੰਚਾਲਕਾਂ ਕੋਲ ਕੰਪਿਊਟਰ, ਪਿ੍ਰੰਟਰ, ਸਕੈਨਰ, ਇੰਟਰਨੈੱਟ, ਲੋੜੀਂਦੀ ਜਗ੍ਹਾ ਆਦਿ ਸਹੂਲਤਾਂ ਪਹਿਲਾਂ ਹੀ ਮੌਜੂਦ ਹਨ। ਵੱਡੀ ਗੱਲ ਸਮੂਹ ਸੀ.ਐਸ.ਸੀ. ਸੰਚਾਲਕ ਬਿਨਾਂ ਤਨਖਾਹ ਤੋਂ ਕਮਿਸ਼ਨ ਅਧਾਰਿਤ ਕੰਮ ਕਰ ਰਹੇ ਹਨ ਅਤੇ ਅੱਗੇ ਵੀ ਕੰਮ ਕਰਨ ਲਈ ਤਿਆਰ ਹਨ। ਇਸ ਤਰ੍ਹਾਂ ਪੰਜਾਬ ਸਰਕਾਰ ਦਾ ਇੱਕ ਵੱਡਾ ਆਰਥਿਕ ਬੋਝ ਘੱਟ ਕੀਤਾ ਜਾ ਸਕਦਾ ਹੈ ਜੋ ਸੇਵਾ ਕੇਂਦਰ ਰਾਹੀਂ ਸੇਵਾਵਾਂ ਦੇਣ ਲਈ ਖਰਚ ਕੀਤਾ ਜਾ ਰਿਹਾ ਹੈ। ਮੰਗ ਪੱਤਰ ਦੇਣ ਸਮੇਂ ਬਲਵੰਤ ਸਿੰਘ ਜੈਮਲਵਾਲਾ, ਪ੍ਰਦੀਪ ਤਖਤੂਪੁਰਾ, ਹਰਪਿੰਦਰ ਝੰਡੇਆਣਾ ਗਰਬੀ, ਰਾਜਨ ਗਰਗ, ਗਗਨਦੀਪ ਸ਼ਰਮਾ ਆਦਿ ਸੀ.ਐਸ.ਸੀ. ਸੰਚਾਲਕ ਹਾਜ਼ਰ ਸਨ।