‘ਚਿੱਟੇ’ ਦੀ ਮਾਰ ਹੇਠ ਆ ਚੁੱਕੇ ਪੰਜਾਬ ਦੇ ਦਰਦ ਨੂੰ ਬਿਆਨ ਕਰਦੈ ਗਾਇਕ ਤੀਰਥ ਚੜਿੱਕ ਦੀ ਅਵਾਜ਼ ’ਚ ਗਾਇਆ ਗੀਤ ‘ਚਿੱਟੇ ਪਾ ਕੇ ਚਿੱਟੇ ਨੂੰ ਵੇਚਣ ਵਾਲਿਓ, ਪਈਆਂ ਚਿੱਟੇ ਕੱਫ਼ਨਾਂ ਦੇ ਵਿੱਚ ਲਾਸ਼ਾ ਵੇਖ ਲਓ’

ਕਿਸੇ ਸਮੇਂ ਆਪਣੀ ਅਣਖ ਤੇ ਬਹਾਦਰੀ ਕਰਕੇ ਦੁਨਿਆਂ ਭਰ ਵਿੱਚ ਮਾਣ-ਸਨਮਾਨ ਪ੍ਰਾਪਤ ਕਰਨ ਵਾਲੇ ਪੰਜਾਬੀ ਅੱਜ ਨਸ਼ਿਆਂ ਕਰਕੇ ਸੰਸਾਰ ਭਰ ਵਿੱਚ ਬਦਨਾਮ ਹੋ ਰਹੇ ਹਨ । ਤਾਕਤ, ਜ਼ੋਰ, ਮਿਹਨਤ ਤੇ ਜੂਝਣ ਵਰਗੇ ਸ਼ਬਦਾਂ ਦੀ ਸਮਾਨਾਰਥਕ ਪੰਜਾਬੀਆਂ ਦੀ ‘ਮਾਰਸ਼ਲ ਕੌਮ’ ਦਾ ਵੱਡਾ ਹਿੱਸਾ ਸਿੰਥੈਟਿਕ ਡਰੱਗ ‘ਚਿੱਟੇ’ ਦੀ ਮਾਰ ਹੇਠ ਆ ਚੁੱਕਾ ਹੈ । ਦੁੱਧ ਮੱਖਣਾਂ ਨਾਲ ਪਲਣ ਵਾਲੀ ਜਵਾਨੀ ਕਿਉਂ ਇਸ ਚਿੱਟੇ ਨਾਲ ਪਲਣ ਲੱਗ ਪਈ ਜਾਂ ਪਲਣ ਲਾ ਦਿੱਤੀ ਗਈ ਇਹ ਗੰਭੀਰ ਚਿੰਤਾ ਤੇ ਸੋਚਣ ਸਮਝਣ ਵਾਲਾ ਕਾਰਜ ਹੈ।ਪੰਜਾਬੀ ਗਾਇਕ ਤੀਰਥ ਚੜਿਕ ਨੇ ਪੰਜਾਬ ਦੇ ਇਸ ਦਰਦ ਜਿਸ ਨਾਲ ਅਨੇਕਾਂ ਮਾਂਵਾਂ ਦੇ ਪੁੱਤ ਤੇ ਅਨੇਕਾਂ ਹੀ ਸੁਹਾਗਣਾ ਦੇ ਸੁਹਾਗ ਵਹਿ ਗਏ ਨੇ ਆਪਣੇ ਗੀਤ ‘ਚਿੱਟਾ ਕਫ਼ਨ’ ਰਾਹੀ ਪੰਜਾਬ ਦੇ ਮਾਪਿਆਂ ਦੀਆਂ ਆਹਟਾਂ ਨੂੰ ਤੱਕਿਆ ਅਤੇ ਸਕੂਲਾਂ, ਕਾਲਜਾਂ ਇਥੋ ਤੱਕ ਕਿ, ਪੰਜਾਬ ਦੀਆਂ ਸੱਥਾਂ ਵਿੱਚ ਨਸ਼ਿਆਂ ਖਿਲਾਫ ਆਪਣੇ ਸੱਭਿਆਚਾਰਕ ਗੀਤਾਂ ਨਾਟਕਾਂ ਰਾਹੀਂ ਹੋਕਾ ਦੇ ਚੁੱਕੇ ਗਾਇਕ ਚੜਿਕ ਦਾ ਕਹਿਣਾ ਹੈ ਕਿ ਹੁਣ ਤੱਕ ਇਹ ਗੱਲ ਸ਼ਾਇਦ ਸਭ ਨੂੰ ਸਪੱਸ਼ਟ ਹੋ ਚੁੱਕੀ ਹੋਵੇਗੀ ਕਿ ਸਾਡੀ ਰੰਗਲੀ ਜਵਾਨੀ ਦਾ ਘਾਣ ਕਰਨ ਵਾਲਾ ਇਹ ਚਿੱਟਾ ਨਸ਼ਾ-ਤਸਕਰਾਂ ਅਤੇ ਪ੍ਰਸ਼ਾਸ਼ਨਿਕ ਅਹੁਦਿਆਂ ‘ਤੇ ਬਿਰਾਜਮਾਨ ਅਧਿਕਾਰੀਆਂ ਦੀ ਹੀ ਮਿਲੀ-ਭੁਗਤ ਦਾ ਸਿੱਟਾ ਹੈ ਜਿਸ ਦੀ ਪੁਸ਼ਤ-ਪਨਾਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਦੁਆਰਾ ਕੀਤੀ ਜਾਂਦੀ ਹੈ । ‘ ਪੁਲਸ - ਸਮੱਗਲਰ  ਸਿਆਸਤ’ ਦੇ ‘ਸਾਂਝੇ-ਗਠਜੋੜ’ ਦੇ ਫਲਸਰੂਪ ਹੀ ਚਿੱਟੇ ਵਰਗਾ ਖਾਸ ਕਿਸਮ ਦਾ ਨਸ਼ਾ ਅੱਜ ਹਰੇਕ ਗਲੀ-ਮੁਹੱਲੇ ਵਿੱਚ ਆਮ ਮਿਲਦਾ ਦੇਖਿਆ ਜਾ ਸਕਦਾ ਹੈ । ਇਸ ਚਿੱਟੇ ਦੀ ਦਲ - ਦਲ ਵਿੱਚ ਧੱਸ ਕੇ ਜ਼ਿੰਦਗੀ ਤੋਂ ਹੱਥ ਧੋਣ ਵਾਲੇ ਹਜ਼ਾਰਾਂ ਨੌਜਵਾਨਾਂ ਦੇ ਮਾਪਿਆਂ ਸਮੇਤ ਸਮਾਜ ਦਾ ਹਰੇਕ ਚਿੰਤਨਸ਼ੀਲ ਵਿਅਕਤੀ ਤੇ ਆਮ ਲੋਕ ਸਮਾਜ ਲਈ ‘ਨਾਸੂਰ‘ ਬਣ ਚੁੱਕੇ ਨਸ਼ਿਆਂ ਨੂੰ ਖ਼ਤਮ ਲਈ ਇਸਦੇ ਲਈ ਜ਼ਿੰਮੇਵਾਰ ਸਰਕਾਰਾਂ ਤੇ ਅਧਿਕਾਰੀਆਂ ਨੂੰ ਲਾਹਨਤਾਂ ਪਾਉਂਦੇ ਹੋਏ ‘ਮਰੋ ਜਾਂ ਵਿਰੋਧ ਕਰੋ’ ਮੁਹਿੰਮਾਂ ਰਾਹੀਂ ਸੰਘਰਸ਼ਾਂ ਨਾਲ ਰਾਬਤਾਂ ਕਾਇਮ ਕਰ ਰਹੇ ਹਨ। ਨਸ਼ਿਆਂ ਖਿਲਾਫ਼ ਜਾਰੀ ਜੰਗ ਵਿੱਚ ‘ਕਲਾ ਖੇਤਰ’ ਨਾਲ ਜੁੜੇ ਲੋਕਾਈਂ ਪ੍ਰਤੀ ਸੱਚੀ ਹਮ-ਦਰਦੀ ਰੱਖਣ ਵਾਲਿਆਂ ਦਾ ਆ ਮਿਲਣਾ ਇੱਕ ਸ਼ੁੱਭ ਸੰਕੇਤ ਹੈ, ਕਿਉਂ ਜੋ ਅਜੋਕੇ ਦੌਰ ਵਿੱਚ ਕਲਾਂ-ਖੇਤਰ ਦੇ ਮਾਧਿਅਮ ਰਾਹੀਂ ਸਧਾਰਨ ਜਨਤਾ ਤੱਕ ਆਪਣੀ ਗੱਲ ਆਸਾਨੀ ਨਾਲ ਪਹੁੰਚਾਈ ਜਾ ਸਕਦੀ ਹੈ । ਅਜਿਹੇ ‘ਚ ‘ਕਾਲੂ ਡੱਲਾ’ ਦੀ ਕਲਮ ‘ਚੋ ਉੱਪਜਿਆ ਤੇ ‘ਸ਼ਹੀਦ ਭਗਤ ਸਿੰਘ ਕਲਾ ਮੰਚ’ ਦੇ ਨਿਰਦੇਸ਼ਕ ‘ਤੀਰਥ ਚੜਿੱਕ’ ਦੀ ਆਵਾਜ਼ ‘ਚ ਆਏ ਗੀਤ ‘ਚਿੱਟੇ ਪਾ ਕੇ ਚਿੱਟੇ ਨੂੰ ਵੇਚਣ ਵਾਲਿਓ, ਪਈਆਂ ਚਿੱਟੇ ਕੱਫ਼ਨਾਂ ਦੇ ਵਿੱਚ ਲਾਸ਼ਾ ਦੇਖ ਲਓ’ ਦਾ ਜ਼ਿਕਰ ਕਰਨਾ ਬਣਦਾ ਹੈ। ਇਹ ਗੀਤ ਜਿੱਥੇ ਚਿੱਟੇ ਰੂਪੀ ਜ਼ਹਿਰ ਨਾਲ ਬਰਬਾਦ ਹੋ ਰਹੀਆਂ ਕੀਮਤੀ ਜਾਨਾਂ ਪ੍ਰਤੀ ਫ਼ਿਕਰਮੰਦੀ ਨੂੰ ਦਰਸਾਉਦਾ ਹੈ ਉੱਥੇ ਨਾਲ ਹੀ ਇਸ ਚਿੱਟੇ ਜ਼ਹਿਰ ਦੇ ਵਪਾਰ ਨੂੰ ਚਲਾਉਣ ਵਾਲੀ ‘ਚਿੱਟੇ-ਕੱਪੜੇ’ ਧਾਰੀ ਕਸੂਰਵਾਰ ਧਿਰ ਨੂੰ ਮਾਪਿਆਂ ਦੇ ਮੋਢੇ ‘ਤੇ ਨੌਜਵਾਨੀ ਦੀਆਂ ‘ਚਿੱਟੇ ਕੱਫ਼ਨਾਂ’ ਦੇ ਰੂਪ ‘ਚ ਥਰੀਆਂ ਲਾਸ਼ਾਂ ਦੀ ਦੁਹਾਈ ਦੇ ਕੇ ਲਾਹਨਤਾਂ ਪਾਉਂਦਾ ਰੋਸ ਜ਼ਾਹਿਰ ਕਰਦਾ ਹੈ। ਸਧਾਰਨ ਸੰਗੀਤ ਤੇ ਸਰਲ ਗੀਤਕਾਰੀ ਵਾਲੇ ਸੌਖੇ ਸ਼ਬਦਾਂ ਰਾਹੀਂ ਮਨ ਨੂੰ ਟੰੁਬ ਲੈਣ ਵਾਲਾ ਇਹ ਗੀਤ ਨਸ਼ਿਆਂ ਵਰਗੀ ਸਮਾਜੀ ਲਾਹਨਤ ਦੇ ਕੋਹੜ ਨੂੰ ਖ਼ਤਮ ਕਰਨ ਲਈ ਲੋਕ-ਰੋਹ ਨੂੰ ਵਧਾਉਣ ਵਿੱਚ ਸਹਾਈ ਹੋਣ ਦੀ ਸਮਰੱਥਾ ਰੱਖਦਾ ਹੈ। ਅਜਿਹੇ ਵਿੱਚ ਸਾਡਾ ਸਾਰਿਆਂ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਅਸੀਂ ਅਜਿਹੇ ਯਤਨ ਕਰਨ ਵਾਲੇ ਨੌਜਵਾਨਾਂ ਨੂੰ ਸਾਰਥਿਕ ਹੁੰਗਾਰਾ ਦੇਈਏ ਕਿਉਂ ਜੁ ਇੱਕ ਤਾਂ ਇਨਾਂ ਦੇ ਰਾਹੀਂ ਸਾਨੂੰ ਕਲਾ ਦੇ ਅਸਲ ਮਨੋਰਥ ਭਾਵ ਸਮਾਜ ਦੇ ਮੌਜੂਦਾ ਦਰਦ ਨੂੰ ਬਿਆਨ ਕਰਦੀ ਪੇਸ਼ਕਾਰੀ ਦੀ ਪ੍ਰਾਪਤੀ ਹੁੰਦੀ ਹੈ ਦੂਜਾ ਤੜਕ-ਭੜਕ ਤੋਂ ਰਹਿਤ ਸਾਫ਼-ਸੁਥਰੀ ਤੇ ਸੱਭਿਅਕ ਗਾਇਕੀ ਦੇਖਣ-ਸੁਣਨ ਦੀ ਇੱਛਾ ਦੀ ਪੂਰਤੀ ਵੀ ਹੁੰਦੀ ਹੈ।ਇਹ ਗੱਲ ਵੀ ਧਿਆਨਯੋਗ ਹੈ ਕਿ ਪੰਜਾਬ ਦੇ ਮੌਜੂਦਾ ਹਾਲਤਾਂ ਨੂੰ ਲੈ ਕਿ ਹੁਣ ਕਈ ਨਾਮਵਰ ਗੀਤਕਾਰਾਂ ਤੇ ਗਾਇਕਾਂ ਦੀਆਂ ਕਲਮਾਂ ਵੀ ਨਸ਼ਿਆਂ ਦੀ ਤ੍ਰਾਸਦੀ ਨੂੰ ਪੇਸ਼ ਕਰਨ ਲਈ ਕੁਝ ਜ਼ਿਆਦਾ ਹੀ ‘ਗਤੀਸ਼ੀਲ’ ਹੋਣੀਆਂ ਮਿਲ ਜਾਣਗੀਆ। ਭਾਵੇਂ ਕਿ ਬਿਨਾਂ ਸ਼ੱਕ ਕਿਸੇ ਦੇ ਚੰਗੇ ਕੰਮ ਦੀ ਸਿਫ਼ਤ ਕੀਤੀ ਜਾਣੀ ਚਾਹੀਦੀ ਹੈ ਪਰ ਸਾਨੂੰ ਯਾਦ ਹੋਵੇਗਾ ਕਿ ਇਹ ਉਹੀਂ ਮਸ਼ਹੂਰ ਤੇ ਉੱਘੇ ਕਲਾਕਾਰ ਨੇ ਜਿਨਾਂ ਨੇ ਸਾਡੀ ਜਵਾਨੀ ਨੂੰ ਅਖੌਤੀ ਚਮਕ-ਧਮਕ ਦਿਖਾ ਕੇ ਨਸ਼ਿਆਂ ਦੇ ਲਈ ਰਾਹ ਪੱਧਰਾਂ ਕੀਤਾ ਅਤੇ ਨੌਜਵਾਨਾਂ ਨੂੰ ‘ਵੈਲ-ਪੁਣੇ’ ਕਰਨੇ ਸਿਖਾ ਕੇ ਕੁਰਾਹੇ ਪਾਇਆ ਹੈ। ਮਾਰਕੀਟ ‘ਚ ਡਿਮਾਂਡ ਦੇ ਅਨੁਸਾਰ ਗੀਤਾਂ ਦੀ ਸਪਲਾਈ ਲੈ ਕੇ ਆਉਣ ਵਾਲੇ ਇਹ ‘ਬਰਸਾਤੀ ਡੱਡੂ’ ਨਸ਼ਿਆਂ ਵਰਗੇ ਗੰਭੀਰ ਮਸਲੇ ‘ਤੇ ਵੀ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨ ਨੂੰ ਫ਼ਿਰਦੇ ਹਨ। ਸਿਆਸੀ ਧਿਰਾਂ ਨਾਲ ਸੰਬੰਧਿਤ ਵਿਅਕਤੀ ਤਾਂ ਲਾਜ਼ਮੀਂ ਤੌਰ ‘ਤੇ ਆਪਣੇ ਨਿੱਜੀ ਮੁਫ਼ਾਦਾਂ ਲਈ ਨਸ਼ਾ ਤਸਕਰੀਂ ਨੂੰ ਪ੍ਰਫੁੱਲਿਤ ਕਰ ਰਹੇ ਹਨ ਨਾਲ ਹੀ ਕਲਾਕਾਰੀ ਦਾ ਕਤਲ ਕਰਨ ਵਾਲੇ ਇਹ ਮੁਨਾਫਾਖੋਰ ਕਲਾਕਾਰ (ਜੋ ਅਸਲ ਵਿੱਚ ਕਲੰਕਾਰ ਹਨ) ਵੀ ਦੋਸ਼ੀ ਹਨ ਜਿਨਾਂ ਆਪਣੀ ਸੌਖੀ ਚੜਤ ਲਈ ਨੌਜਵਾਨਾਂ ਨੂੰ ਗੁਮਰਾਹ-ਕੁੰਨ ਮਸਾਲਾ ਪੇਸ਼ ਕੀਤਾ ਹੈ । ਸੋ, ਆਓ ਲੋਕਾਂ ਪ੍ਰਤੀ ਝੂਠੀ ਤੇ ਰਸਮੀਂ ਹਮ-ਦਰਦੀ ਰੱਖਣ ਵਾਲੇ ਅਖੌਤੀ ਕਲਾਕਾਰਾਂ ਦੇ ‘ਦਿਲਾਂ ਨੂੰ ਖਿੱਚ ਪਾਉਂਦੇ’ ਝੂਠੇ ਗੀਤਾਂ ਦੀ ਬਜਾਏ ਆਮ ਲੋਕਾਈ ਦੇ ਦਰਦਾਂ ਦੇ ਸੰਗੀ-ਸਾਥੀਂ ਸਧਾਰਨ ਵਰਗ ਦੇ ਗੀਤਾਂ ਨਾਲ ਸਾਂਝ ਪਾਉਂਦੇ ਹੋਏ ‘ਚਿੱਟਾ ਕੱਫ਼ਨ’ ਵਰਗੇ ਗੀਤਾਂ ਨੂੰ ਆਪਣੀ ‘ਮਨ-ਪਸੰਦ’ ਸੂਚੀ ਵਿੱਚ ਸ਼ਾਮਿਲ ਕਰੀਏ ਅਤੇ ਇਸ ਗੀਤ ਦੀ ਟੀਮ ਦਾ ਹਰ ਪੱਖੋਂ ਹੌਂਸਲਾ ਵਧਾਈਏ ਤਾਂ ਜੋ ਭਵਿੱਖ ਲਈ ਅਜਿਹੇ ਸਾਰਥਕ ਯਤਨਾਂ ਨੂੰ ਬੜਾਵਾ ਮਿਲਦਾ ਰਹੇ।
                   

ਪੇਸ਼ਕਸ : ਚਮਕੌਰ ਸਿੰਘ ਲੋਪੋਂ
ਮੋਬਾਇਲ ਨੰਬਰ 98776-08000, 85910-00036