ਸਕੂਲ ਵਿਦਿਆਰਥੀਆਂ ਲਈ ਮੁਫਤ ਹੋਵੇਗਾ ਬੀ ਆਰ ਟੀ ਐਸ ਦਾ ਸੁਹਾਨਾ ਸਫਰ,ਪਹਿਲੇ ਤਿੰਨ ਮਹੀਨੇ ਸਾਰਿਆਂ ਨੂੰ ਮੁਫਤ ਝੂਟੇ ਦੇਣਗੀਆਂ ਬੀ ਆਰ ਟੀ ਐਸ ਦੀਆਂ ਬੱਸਾਂ-ਸ:ਨਵਜੋਤ ਸਿੰਘ ਸਿੱਧੂ

ਚੰਡੀਗੜ /ਅੰਮਿ੍ਰਤਸਰ, 13 ਜੁਲਾਈ (ਪੱਤਰ ਪਰੇਰਕ)-ਸਥਾਨਕ ਸਰਕਾਰਾਂ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਸ਼ਹਿਰ ਵਾਸੀਆਂ ਦੀ ਲੰਮੀ ਉਡੀਕ ਨੂੰ ਖਤਮ ਕਰਦੇ ਐਲਾਨ ਹੈ ਕੀਤਾ ਕਿ 15 ਅਕਤੂਬਰ ਨੂੰ ਬੀ. ਆਰ. ਟੀ. ਐਸ ਪ੍ਰਾਜੈਕਟ ਦਾ ਮੁਕੰਮਲ ਉਦਘਾਟਨ ਕਰ ਦਿੱਤਾ ਜਾਵੇਗਾ। ਅੱਜ ਇਸ ਪ੍ਰਾਜੈਕਟ ਦੇ ਮੁੱਦੇ ’ਤੇ ਉਚ ਪੱਧਰੀ ਮੀਟਿੰਗ ਕਰਨ ਅਤੇ ਪ੍ਰਾਜੈਕਟ ਦਾ ਮੌਕੇ ’ਤੇ ਜਾ ਕੇ ਜਾਇਜ਼ਾ ਲੈਣ ਮਗਰੋਂ ਸ. ਸਿੱਧੂ ਨੇ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ ਕਰੀਬ 500 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਇਸ ਪ੍ਰਾਜੈਕਟ ਨੂੰ ਲੀਹ ’ਤੇ ਪਾਉਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਝੰਡੀ ਦੇ ਦਿੱਤੀ ਸੀ ਅਤੇ ਅਸੀਂ ਸਾਰੇ ਇਸ ਨੂੰ ਸਫਲ ਕਰਨ ਲਈ ਪੂਰੀ ਵਾਹ ਲਾ ਰਹੇ ਹਾਂ। ਉਨਾਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਹੈ ਕਿ ਪਹਿਲੇ ਤਿੰਨ ਮਹੀਨੇ ਇਹ ਬੱਸਾਂ ਸਾਰਿਆਂ ਲਈ ਮੁਫਤ ਸਫਰ ਦੀ ਸਹੂਲਤ ਦੇਣਗੀਆਂ ਅਤੇ ਸਕੂਲ ਵਿਦਿਆਰਥੀਆਂ ਨੂੰ ਇਹ ਸਹੂਲਤ ਸਦਾ ਵਾਸਤੇ ਜਾਰੀ ਰਹੇਗੀ। ਅੱਜ ਦੀ ਮੀਟਿੰਗ ਵਿਚ ਸਿੱਖਿਆ ਤੇ ਵਾਤਾਵਰਣ ਮੰਤਰੀ ਸ੍ਰੀ ਓ. ਪੀ. ਸੋਨੀ, ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਮੇਅਰ ਸ. ਕਰਮਜੀਤ ਸਿੰਘ ਰਿੰਟੂ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਪਿ੍ਰੰਸੀਪਲ ਸਕੱਤਰ ਵਿਤ ਸ੍ਰੀ ਅਨੁਰਿਧ ਤਿਵਾੜੀ, ਸਕੱਤਰ ਲੋਕ ਨਿਰਮਾਣ ਵਿਭਾਗ ਸ੍ਰੀ ਹੁਸਨ ਲਾਲ, ਪੁਲਿਸ ਕਮਿਸ਼ਨਰ ਸ੍ਰੀ ਐਸ. ਸ੍ਰੀਵਾਸਤਵਾ, ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਸੋਨਾਲੀ ਗਿਰੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਸ: ਸਿੱਧੂ ਨੇ ਬੀ ਆਰ ਟੀ ਐਸ ਪ੍ਰਾਜੈਕਟ ਬਾਬਤ ਬੋਲਦੇ ਦੱਸਿਆ ਕਿ 31 ਕਿਲੋਮੀਟਰ ਦੇ ਲਗਭਗ ਇਸ ਰੂਟ ਵਿਚ 47 ਬੱਸ ਸਟੇਸ਼ਨ ਬਣਨੇ ਹਨ, ਜਿਸ ਵਿਚੋਂ 6 ਸਟੇਸ਼ਨ ਅਤੇ ਇਕ ਵੱਡਾ ਬੱਸ ਸਟੈਂਡ ਅਧੂਰਾ ਹੋਣ ਕਾਰਨ ਇਹ ਕੰਮ ਇਕ ਮਹੀਨੇ ਲਈ ਅੱਗੇ ਪਾਇਆ ਗਿਆ ਹੈ।

ਉਨਾਂ ਕਿਹਾ ਕਿ ਸਰਕਾਰ ਇਸ ਪ੍ਰਾਜੈਕਟ ਵਿਚੋਂ ਕਮਾਈ ਨਹੀਂ ਵੇਖ ਰਹੀ, ਬਲਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖ ਰਹੀ ਹੈ ਅਤੇ ਇਸ ਲਈ 6-7 ਮਹੀਨੇ ਸਾਰੀਆਂ ਬੱਸਾਂ ਚਲਾ ਕੇ ਇਸ ਪ੍ਰਤੀ ਲੋਕਾਂ ਦਾ ਹੁੰਗਾਰਾ ਵੇਖਿਆ ਜਾਵੇਗਾ, ਜੇਕਰ ਲੋਕਾਂ ਦੇ ਹਾਂ-ਪੱਖੀ ਹੁੰਗਾਰਾ ਨਾ ਦਿੱਤਾ ਤਾਂ ਇਸ ਪ੍ਰਾਜੈਕਟ ਵਿਚ ਥੋੜੀਆਂ ਤਬਦੀਲੀਆਂ ਕਰਕੇ ਬੱਸਾਂ ਨੂੰ ਕਾਰਪੋਰੇਸ਼ਨ ਜਾਂ ਕਿਸੇ ਹੋਰ ਅਦਾਰੇ ਰਾਹੀਂ ਰੂਟਾਂ ਦੀ ਵੰਡ ਕਰਕੇ ਚਲਾਇਆ ਜਾਵੇਗਾ। ਬੀ ਆਰ ਟੀ ਐਸ ਪ੍ਰਾਜੈਕਟ ਅਤੇ ਪ੍ਰਦੂਸ਼ਣ ਲਈ ਮੁਸ਼ਿਕਲਾਂ ਖੜੀਆਂ ਕਰਦੇ ਆਟੋਜ਼ ਬਾਰੇ ਬੋਲਦੇ ਸ. ਸਿੱਧੂ ਨੇ ਕਿਹਾ ਕਿ ਅਸੀਂ ਕਿਸੇ ਦਾ ਰੋਜ਼ਗਾਰ ਖੋਹਣਾ ਨਹੀਂ, ਬਲਕਿ ਉਸ ਨੂੰ ਆਟੋ ਸੀ ਐਨ ਜੀ ਜਾਂ ਬੈਟਰੀ ਨਾਲ ਚਲਾਉਣ ਵਾਸਤੇ ਕਰਜ਼ਾ ਆਦਿ ਦੀ ਸਹੂਲਤ ਦਿਆਂਗੇ, ਜਿਸ ਨਾਲ ਪ੍ਰਦੂਸ਼ਣ ਘੱਟ ਹੋ ਜਾਵੇਗਾ।  ਸ਼ਹਿਰ ਦੀ ਟ੍ਰੈਫਿਕ ਸਮੱਸਿਆ ’ਤੇ ਬੋਲਦੇ ਸ. ਸਿੱਧੂ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਹਿੱਸੇ ਵਜੋਂ ਨਵਾਂ ਬਣਿਆ ਭੰਡਾਰੀ ਪੁੱਲ ਵੀ ਅਗਲੇ ਹਫਤੇ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਨਾਲ ਟਰੈਫਿਕ ਦਾ ਮਸਲਾ ਕਾਫੀ ਹੱਲ ਹੋ ਜਾਵੇਗਾ। ਇਸ ਤੋਂ ਇਲਾਵਾ ਫੋਰ ਫਲਾਈ ਓਵਰ ਅਤੇ ਕੁੱਝ ਹੋਰ ਜ਼ਰੂਰੀ ਪੁੱਲ ਬਣਾ ਕੇ ਇਸ ਸਮੱਸਿਆ ਦਾ ਪੱਕਾ ਹੱਲ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ 155 ਕਰੋੜ ਰੁਪਏ ਦੇ ਟੈਂਡਰ ਵੀ ਅਗਲੇ ਹਫਤੇ ਲਗਾਏ ਜਾ ਰਹੇ ਹਨ, ਜਿੰਨਾ ’ਤੇ ਛੇਤੀ ਕੰਮ ਸ਼ੁਰੂ ਹੋਣ ਦੀ ਆਸ ਹੈ। ਸ. ਸਿੱਧੂ ਨੇ ਦੱਸਿਆ ਕਿ ਅੰਮਿ੍ਰਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਦੇ ਸ਼ਹਿਰ ਵਾਸੀਆਂ ਨੂੰ ਪੀਣ ਲਈ ਸ਼ੁਧ ਪਾਣੀ ਦੇਣ ਵਾਸਤੇ ਕੇਂਦਰ ਸਰਕਾਰ ਨੇ 4000 ਕਰੋੜ ਰੁਪਏ ਦਾ ਪ੍ਰਾਜੈਕਟ ਪ੍ਰਵਾਨ ਕਰ ਦਿੱਤਾ ਹੈ ਤੇ ਵਿਸ਼ਵ ਬੈਂਕ ਕੋਲੋਂ ਵੀ 2000 ਕਰੋੜ ਰੁਪਏ ਦੀ ਪ੍ਰਵਾਨਗੀ ਮਿਲ ਰਹੀ ਹੈ, ਜਿਸ ਨਾਲ ਇਹ ਕੰਮ ਵੀ ਛੇਤੀ ਸ਼ੁਰੂ ਹੋ ਜਾਵੇਗਾ। ਨਾਜਾਇਜ਼ ਕਾਲੋਨੀਆਂ ਬਾਲੇ ਪੁੱਛੇ ਜਾਣ ’ਤੇ ਸ. ਸਿੱਧੂ ਨੇ ਕਿਹਾ ਕਿ ਕੈਬਨਿਟ ਵਿਚ ਵੰਨ ਟਾਇਮ ਸੈਟਲਮੈਂਟ ਦਾ ਕੇਸ ਵਿਚਾਰਿਆ ਜਾਵੇਗਾ, ਪਰ 31 ਮਾਰਚ ਤੋਂ ਬਾਅਦ ਹੋਈ ਕੋਈ ਵੀ ਨਾਜ਼ਾਇਜ਼ ਉਸਾਰੀ ਨੂੰ ਇਸ ਵਿਚ ਰਾਹਤ ਨਹੀਂ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਲੋਕਾਂ ਨੂੰ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਅਤੇ ਸਰਕਾਰੀ ਫੀਸ ਦੀ ਚੋਰੀ ਨਹੀਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।