ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਲੁੱਟ ਦੀ ਰਕਮ ਸਮੇਤ ਕਾਬੂ

ਸਾਦਿਕ,14 ਜੁਲਾਈ (ਰਘਬੀਰ ਸਿੰਘ)-ਥਾਣਾ ਸਾਦਿਕ ਦੀ ਪੁਲਿਸ ਨੇ ਇੰਸਪੈਕਟਰ ਇਕਬਾਲ ਸਿੰਘ ਸੰਧੂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਕਾਰਵਾਈ ਕਰਦਿਆਂ ਸਹਾਇਕ ਥਾਣੇਦਾਰ ਧਰਮ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੋ ਲੁਟੇਰਿਆਂ ਨੂੰ ਮੋਟਰ ਸਾਈਕਲ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਥਾਣਾ ਸਾਦਿਕ ਦੇ ਮੁਖ ਅਫ਼ਸਰ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਸੁਖਚਰਨ ਸਿੰਘ ਪੁੱਤਰ ਗੁਰਸਾਹਿਬ ਸਿੰਘ ਵਾਸੀ ਪਿੰਡ ਝੋਰੜ, ਥਾਣਾ ਸਦਰ ਮਲੋਟ (ਸ੍ਰੀ ਮੁਕਤਸਰ ਸਾਹਿਬ) ਨੇ ਥਾਣੇ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਖੇਤੀਬਾੜੀ ਦੇ ਨਾਲ ਨਾਲ ਪਸ਼ੂਆਂ ਦਾ ਵਪਾਰ ਵੀ ਕਰਦਾ ਹੈ ਆਪਣੇ ਭਾਣਜੇ ਲਾਡੀ ਪੁੱਤਰ ਜਗਜੀਤ ਸਿੰਘ ਜੋ ਟਰਾਲਾ ਚਲਾਉਂਦਾ ਹੈ ਨੇ ਉਸ ਨੂੰ ਟੈਲੀਫੋਨ ਕਰਕੇ ਦੱਸਿਆ ਕਿ ਉਹ ਟਰਾਲਾ ਲੈ ਕੇ ਅੰਮਿ੍ਰਤਸਰ ਤੋਂ ਕਰਨਪੁਰ (ਰਾਜਸਥਾਨ) ਜਾ ਰਿਹਾ ਹਾਂ ਤੇ ਮੈਨੂੰ ਪੇਸ਼ਗੀ ਨਹੀਂ ਮਿਲੀ ਜਿਸ ਕਰਕੇ ਮੈਨੂੰ ਪੈਸਿਆ ਦੀ ਲੋੜ ਹੈ ਤੇ ਹੁਣ ਉਹ ਫ਼ਰੀਦਕੋਟ ਤੋਂ ਸਾਦਿਕ ਵਾਇਆ ਜਾ ਰਿਹਾ ਹੈ ਤੇ ਉਹ ਉਸ ਨੂੰ ਪੈਸੇ ਦੇ ਜਾਵੇ। ਸੁਖਚਰਨ ਸਿੰਘ  ਦੱਸਿਆ ਕਿ ਉਸ ਨੇ ਆਪਣੇ ਭਾਣਜੇ ਦੇ ਦੋਸਤ ਕਰਨ ਵਾਸੀ ਮਲੋਟ ਤੋਂ 35 ਹਜ਼ਾਰ ਰੁਪਏ ਲਏ ਤੇ ਆਪਣੇ ਛੋਟੇ ਕਾਲੇ ਬੈਗ ਵਿਚ ਪਾ ਲਏ ਤੇ ਸਪਲੈਂਡਰ ਮੋਟਸਾਈਕਲ ਤੇ ਸਵਾਰ ਹੋ ਕੇ ਆਪਣੇ ਚਾਚੇ ਦੇ ਲੜਕੇ ਅਮਨਦੀਪ ਸਿੰਘ ਨਾਲ ਸਾਦਿਕ ਵੱਲ ਨੂੰ ਚੱਲ ਪਿਆ ਤੇ ਸਾਦਿਕ ਆ ਕੇ ਆਪਣੇ ਭਾਣਜੇ ਲਾਡੀ ਨਾਲ ਫੋਨ ਤੇ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਸਾਦਿਕ ਤੋਂ ਗੁਰੂਹਰਸਹਾਏ ਵਾਲੀ ਸੜਕ ਪੈ ਗਏ ਹਨ ਤੇ ਉਨ੍ਹਾਂ ਦੇ ਮਗਰ ਆ ਜਾਣ। ਉਸ ਨੇ ਦੱਸਿਆ ਕਿ  ਜਦੋਂ ਉਹ ਗੰਗ ਕੈਨਾਲ ਨਹਿਰ ਪੁੱਲ ਦੀਪ ਸਿੰਘ ਵਾਲਾ ਪੁੱਜੇ ਤੇ ਮੋਟਰ ਸਾਈਕਲ ਨੂੰ ਅਮਨਦੀਪ ਸਿੰਘ ਚਲਾ ਰਿਹਾ ਸੀ ਤਾਂ ਉਨ੍ਹਾਂ ਦੇ ਪਿੱਛੇ ਦੋ ਸਪਲੈਂਡਰ ਮੋਟਰ ਸਾਈਕਲ ਵਾਲੇ ਆਏ ਜਿਨ੍ਹਾਂ ’ਚੋਂ ਇਕ ’ਤੇ ਦੋ ਨਾਮੂਲਮ ਮੋਨੇ ਅਤੇ ਦੂਜੇ ਤੇ ਤਿੰਨ ਨਾ ਮਲੂਮ ਵਿਅਕਤੀ ਸਵਾਰ ਸਨ ,ਨੇ ਸਾਡੇ ਮੂਹਰੇ ਮੋਟਰ ਸਾਈਕਲ ਲਾ ਦਿੱਤਾ ਤੇ ਦੂਜੇ ਮੋਟਰਸਾਈਕਲ ਦੇ ਵਿਚਕਾਰ ਬੈਠੇ ਨਾ ਮਲੂੂਮ ਵਿਅਕਤੀ ਨੇ ਉਨਾਂ ਤੋਂ ਪੈਸਿਆ ਵਾਲਾ ਬੈਗ ਖੋਹ ਲਿਆ ਤੇ ਨਹਿਰ ਦੀ ਪਟੜੀ ਪੈ ਕੇ ਫਰਾਰ ਹੋ ਗਏ ਜਿਸ ਤੇ ਅਸੀਂ ਉਨ੍ਹਾਂ ਦਾ ਕਾਫ਼ੀ ਦੂਰ  ਤੱਕ ਪਿੱਛਾ ਕੀਤਾ ਤੇ ਉਹ ਸਾਡੇ ਹੱਥ ਨਾ ਆਏ ਤੇ ੳਨ੍ਹਾਂ ਨੇ ਆਪਣੇ ਤੌਰ ਤੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਵਾਕਿਆ ਗੁਰਜੋਤ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਮੌਲਵੀ ਵਾਲਾ, ਕਿੰਦਰ ਸ਼ਰਮਾਂ ਪੁੱਤਰ ਨਾਮਲੂਮ ਵਾਸੀ ਬੁਰਜ ਮੱਖਣ ਸਿੰਘ ਵਾਲਾ, ਲਾਡੀ ਪੁੱਤਰ ਲਾਲ ਸਿੰਘ ਵਾਸੀ ਹਰਾਜ ਬੈਰਕਾਂ, ਪ੍ਰਤਾਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮੌਲਵੀ ਵਾਲਾ ਅਤੇ ਦਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ (ਮੋਗਾ) ਨੇ ਕੀਤਾ ਹੈ। ਉਨ੍ਹਾਂ (ਐਸ.ਐਚ.ਓ) ਨੇ ਦੱਸਿਆ ਕਿ ਇਸ ਕੇਸ ਦੀ ਤਫ਼ਤੀਸ਼ ਕਰ ਰਹੇ ਸਹਾਇਕ ਥਾਣੇਦਾਰ ਧਰਮ ਸਿੰਘ ਨੇ ਸਮੇਤ ਪੁਲਿਸ ਪਾਰਟੀ ਵਾਹਨ ਚੈਕਿੰਗ ਦੌਰਾਨ ਸ਼ੱਕੀ ਪੁਰਸ਼ਾਂ ਸੈਦੇ ਕੇ ਨੂੰ ਜਾ ਰਹੇ ਸਨ ਤਾਂ ਇਕ-ਇਕ ਬਿਨ ਨੰਬਰੀ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਰੋਕਿਆ ਤਾਂ ਉਨ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ ਜਿੰਨ੍ਹਾਂ ਦੀ ਪਛਾਣ ਗੁਰਜੋਤ ਸਿੰਘ ਉਰਫ ਜੋਤ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਮੌਲਵੀ ਵਾਲਾ (ਚੱਕ ਟਾਹਲੀਵਾਲਾ) ਅਤੇ ਦਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਤਾਰਾ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ (ਮੋਗਾ) ਵਜ਼ੋਂ ਹੋਈ ਹੈ ’ਤੇ ਇਨ੍ਹਾਂ ਕੋਲੋਂ 20 ਹਜਾਰ ਰੁਪਏ ਬਰਾਮਦ ਕੀਤੇ ਗਏ ਹਨ ਤੋਂ ਇਲਾਵਾ ਜੋ ਬੈਗ ਇ੍ਹਨਾਂ ਖਾਲੀ ਕਰਕੇ ਨਹਿਰ ਕਿਨਾਰੇ ਸੁੱਟ ਦਿੱਤਾ ਸੀ ਵੀ ਬਰਾਮਦ ਕਰ ਲਿਆ ਗਿਆ ਹੈ ਜਦੋਂ ਕਿ ਬਾਕੀ ਤਿੰਨ ਵਿਅਕਤੀ ਅਜੇ ਪੁਲਿਸ ਦੀ ਪਕੜ ਤੋਂ ਬਾਹਰ ਹਨ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਥਾਣਾ ਮੁਖੀ ਅਨੁਸਾਰ ਉੱਕਤ ਪੰਜ ਕਥਿਤ ਦੋਸ਼ੀਆਂ ਖਿਲਾਫ਼ ਥਾਣਾ ਸਾਦਿਕ ਵਿਖੇ ਮਾਮਲਾ ਕੀਤੀ ਗਿਆ ਹੈ ਅਤੇ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।