ਰੇਲ ਗੱਡੀ ਹੇਠ ਆਉਣ ਨਾਲ 22 ਸਾਲਾ ਔਰਤ ਦੀ ਮੌਤ

ਮੋਗਾ,14 ਅਪਰੈਲ (ਜਸ਼ਨ)-ਅੱਜ ਮੋਗਾ ਵਿਖੇ 22 ਸਾਲਾ ਔਰਤ ਰੇਲ ਗੱਡੀ ਹੇਠ ਆਉਣ ਕਾਰਨ ਹਲਾਕ ਹੋ ਗਈ। ਮੋਗਾ ਦੇ ਪਿੰਡ ਲੰਢੇਕੇ ਦੀ ਵਾਸੀ ਗੀਤਾ ਆਪਣੇ ਪੇਕੇ ਸਾਧਾਂਵਾਲੀ ਬਸਤੀ ਮੋਗਾ ਵਿਖੇ ਆਪਣੇ ਭਾਣਜੇ ਦੇ ਜਨਮਦਿਨ ਦੇ ਸਮਾਗਮ ਵਿਚ ਜਾ ਰਹੀ ਸੀ ਪਰ ਅਕਾਲਸਰ ਰੋਡ ’ਤੇ ਬਣੇ ਰੇਲਵੇ ਫਾਟਕਾਂ ਤੋਂ ਲੰਘਣ ਸਮੇਂ ਲੁਧਿਆਣਾ ਤੋਂ ਫਿਰੋਜ਼ਪੁਰ ਜਾ ਰਹੀ ਰੇਲ ਗੱਡੀ ਦੀ ਜ਼ਦ ਵਿਚ ਆ ਗਈ ਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ । ਜ਼ਿਕਰਯੋਗ ਹੈ ਕਿ ਫਾਟਕ ਬੰਦ ਸਨ ਪਰ ਔਰਤ ਦੇ ਕਾਹਲੀ ਵਿਚ ਹੋਣ ਅਤੇ ਦੋਚਿੱਤੀ ਵਿਚ ਪੈਣ ਕਾਰਨ ਜਦੋਂ ਉਸ ਨੇ ਬੰਦ ਫ਼ਾਟਕਾਂ ਨੂੰ ਪਾਰ ਕਰਨ ਦੀ ਕੋਸ਼ਿਸ ਕੀਤੀ ਤਾਂ ਉਸ ਨੂੰ ਗੱਡੀ ਦੀ ਫੇਟ ਵੱਜ ਗਈ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ । ਮਿ੍ਰਤਕ ਦੀ ਮਾਤਾ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਰੇਲਵੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ । ਸ਼ੋ੍ਰਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿ੍ਰਤਕ ਗੀਤਾ ਪਿੰਡ ਲੰਢੇਕੇ ਦੀ ਵਸਨੀਕ ਸੀ ਤੇ ਅੱਜ ਅਚਾਨਕ ਉਸ ਦੀ ਦੁਰਘਟਨਾ ਵਿਚ ਹੋਈ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ। ਚੇਅਰਮੈਨ ਸ: ਅਮਰਜੀਤ ਸਿੰਘ ਨੇ ਦੱਸਿਆ ਕਿ ਮਿ੍ਰਤਕ ਗੀਤਾ ਦੀ ਲਾਸ਼ ਪੋਸਟਮਾਰਟਮ ਉਪਰੰਤ ਸਿੰਘਾਵਾਲਾ ਪਿੰਡ ਦੀ ਮਿ੍ਰਤਕ ਦੇਹ ਘਰ ਵਿਚ ਰੱਖ ਦਿੱਤੀ ਗਈ ਹੈ ਅਤੇ ਉਸ ਦਾ ਪਤੀ ਜੋ ਕਿ ਟਰੱਕ ਚਲਾਉਂਦਾ ਹੈ ,ਦੇ ਕੱਲ ਆਉਣ ’ਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮਿ੍ਰਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਗੀਤਾ ਦਾ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੇ ਕੋਈ ਬੱਚਾ ਨਹੀਂ ਸੀ ਹੋਇਆ । ਉਹਨਾਂ ਦੱਸਿਆ ਕਿ ਗੀਤਾ ਇਕ ਦੋ ਦਿਨ ਪਹਿਲਾਂ ਹੀ ਆਪਣੇ ਪੇਕੇ ਘਰ ਗਈ ਸੀ ਅਤੇ ਅੱਜ ਉਸ ਨੇ ਸਵੇਰੇ ਸਾਢੇ ਗਿਆਰਾਂ ਵਜੇ ਫੋਨ ’ਤੇ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਹ ਆਪਣੀ ਭੈਣ ਨਾਲ ਕੈਂਪ ਵਾਲੇ ਬਜ਼ਾਰ ਤੋਂ ਆਪਣੇ ਲਈ ਸੂਟ ਅਤੇ ਜਨਮਦਿਨ ਵਾਲੇ ਬੱਚੇ ਲਈ ਗਿਫ਼ਟ ਲੈਣ ਆਈ ਹੈ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ।