ਪਿੰਡ ਬੁੱਘੀਪੁਰਾ ਦੇ ਸੰਤ ਸਤਵੰਤ ਸਿੰਘ ਡੇਰਾ ਸੱਤੇਆਣਾ ਅਤੇ ਪ੍ਰਵਾਸੀ ਪੰਜਾਬੀਆਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਦੀ ਬਦਲੀ ਨੁਹਾਰ-ਡਿਪਟੀ ਕਮਿਸ਼ਨਰ

ਮੋਗਾ, 12 ਜੁਲਾਈ (ਜਸ਼ਨ): -ਪੰਜਾਬ ਸਰਕਾਰ ਦੇ ‘ਪੜੋ ਪੰਜਾਬ ,ਪੜਾਓ ਪੰਜਾਬ’ ਪ੍ਰੋਗਰਾਮ ਨੂੰ ਉਸ ਸਮੇਂ ਭਾਰੀ ਹੁਲਾਰਾ ਮਿਲਿਆ ਜਦੋਂ ਪ੍ਰਵਾਸੀ ਪੰਜਾਬੀਆਂ ਅਤੇ  ਪਿੰਡ ਬੁੱਘੀਪੁਰਾ ਦੇ ਸੰਤ ਸਤਵੰਤ ਸਿੰਘ ਡੇਰਾ ਸੱਤੇਆਣਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਵਿਚ ਪੜਦੇ ਨਿੱਕੜਿਆਂ ਨੂੰ ਮਾਡਲ ਸਕੂਲ ਵਾਲੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਪੰਜਾਬ ਦੇ ਹੋਰਨਾਂ ਪਿੰਡਾਂ ਲਈ ਨਵੀਂ ਮਿਸਾਲ ਕਾਇਮ ਕਰ ਦਿੱਤੀ । ਸਕੂਲ ਵਿਚ ਪ੍ਰੀ-ਨਰਸਰੀ ਲਈ ਨਾ ਸਿਰਫ਼ ਸ਼ਾਨਦਾਰ ਕਮਰੇ ਦੀ ਉਸਾਰੀ ਕਰਵਾਈ ਗਈ ਬਲਕਿ ਉਸ ਵਿਚ ਸਿੱਖਿਆਦਾਇਕ ਦਿਲ ਖਿੱਚਵੇਂ ਚਿਤਰਾਂ ਸਦਕਾ ਵਿਦਿਆਰਥੀ ਚਾਈਂ ਚਾਈਂ ਸਕੂਲ ਆਉਂਦੇ ਨੇ ਤੇ ਸਮਾਰਟ ਕਲਾਸ ਵਿਚ ਐੱਲ ਈ ਡੀ ’ਤੇ ਨਿਤ ਨਵੇਂ ਲੈਸਨ ਪੜਦਿਆਂ ਆਪਣੇ ਆਪ ਨੂੰ ਸਮੇਂ ਦੇ ਹਾਣੀ ਬਣਾਉਂਦੇ ਨੇ । ਪਿਛਲੇ ਦਿਨੀਂ ਸੰਤ ਸਤਵੰਤ  ਸਿੰਘ ਡੇਰਾ ਸੱਤੇਆਣਾ ਵੱਲੋਂ ਦੋ ਲੱਖ ਰੁਪਏ ਦੀ ਰਾਸ਼ੀ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਵਿਚ ਪ੍ਰਾਇਮਰੀ ਕਲਾਸ ਰੂਮ, ਦਫ਼ਤਰ ਅਤੇ ਲਾਿੲਬਰੇਰੀ ਤਾਮੀਰ ਕਰਵਾਈ ਗਈ । ਇਸ ਆਧੁਨਿਕ ਲਾਇਬਰੇਰੀ ਦਾ ਉਦਾਘਾਟਨ ਕਰਨ ਪੁੱਜੇ ਮੋਗਾ ਦੇ ਡਿਪਟੀ ਕਮਿਸ਼ਨਰ ਸ: ਦਿਲਰਾਜ ਸਿੰਘ ਨੇ ਪ੍ਰਵਾਸੀ ਪੰਜਾਬੀਆਂ ਅਤੇ ਸੰਤ ਸਤਵੰਤ ਸਿੰਘ ਡੇਰਾ ਸੱਤੇਆਣਾ ਬੁੱਘੀਪੁਰਾ ਦੀ ਭਰਪੂਰ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਗੱਲ ਵਿਚ ਕੋਈ  ਸ਼ੰਕਾ ਨਹੀਂ ਕਿ ਪੰਜਾਬ ਦੇ ਲੋਕ ਸੰਤਾਂ ਮਹਾਪੁਰਖਾਂ ਦਾ ਸਤਿਕਾਰ ਕਰਦੇ ਨੇ ਤੇ ਜੇਕਰ ਸੰਤ ਮਹਾਪੁਰਖ ਸਿੱਖਿਆ ਦੇ ਖੇਤਰ ਵਿਚ ਕਦਮ ਅੱਗੇ ਵਧਾਉਣ ਤਾਂ ਪੰਜਾਬ ਸਿੱਖਿਆ ਦੇ ਖੇਤਰ ਵਿਚ ਉੱਚੀਆਂ ਮੰਜ਼ਿਲਾਂ ਸਰ ਕਰ ਸਕਦਾ ਹੈ। ਉਹਨਾਂ ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਦੀ ਕਾਇਆ ਕਲਪ ਕਰਨ ਦੀ ਰੀਝ ਦਾ ਜ਼ਿਕਰ ਕਰਦਿਆਂ ਆਖਿਆ ਕਿ ਪ੍ਰਵਾਸੀ ਪੰਜਾਬੀ ਸਿਰਫ਼ ਉਦੋਂ ਹੀ ਦਿਲ ਖੋਲ ਕੇ ਸਹਾਇਤਾ ਕਰਦੇ ਨੇ ਜਦੋਂ ਉਹਨਾਂ ਨੂੰ ਇਹ ਅਹਿਸਾਸ ਹੋ ਜਾਵੇ ਕਿ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਸਹੀ ਜਗਹ ’ਤੇ ਲੱਗ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੱਥੇ ਪ੍ਰਵਾਸੀਆਂ ਵੱਲੋਂ ਸਕੂਲ ਦੀ ਨੁਹਾਰ ਬਦਲਣ ਲਈ ਯਤਨ ਆਰੰਭੇ ਗਏ ਨੇ ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਦਾ ਸਮੁੱਚਾ ਸਟਾਫ਼ ਵਧਾਈ ਦਾ ਪਾਤਰ ਹੈ ਕਿਉਂਕਿ ਸਟਾਫ਼ ਦੀ ਸਮਰਪਣ ਦੀ ਭਾਵਨਾ ਸਦਕਾ ਹੀ ਇਸ ਸੈਸ਼ਨ ਵਿਚ ਪ੍ਰੀ ਪ੍ਰਾਇਮਰੀ ਦੇ 55 ਵਿਦਿਆਰਥੀਆਂ ਨੇ ਦਾਖਲਾ ਲਿਆ ਹੈ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਕੂਲੀ ਵਿਦਿਆਰਥੀਆਂ ਨੂੰ ਆਪਣੇ ਹੱਥੀਂ ਨੈੱਕ ਟਾਈਆਂ ਅਤੇ ਬੈਲਟਾਂ ਲਗਾਈਆਂ ਅਤੇ ਉਹਨਾਂ ਦੇ ਗਲਾਂ ਵਿਚ ਪਛਾਣ ਪੱਤਰ ਪਹਿਨਾਉਂਦਿਆਂ ਉਹਨਾਂ ਨੂੰ ਉੱਚ ਸਿੱਖਿਆ ਹਾਸਲ ਕਰਨ ਲਈ ਉਤਸ਼ਾਹਿਤ ਵੀ ਕੀਤਾ । ਇਸ ਮੌਕੇ ਸੰਤ ਸਤਵੰਤ ਸਿੰਘ ਡੇਰਾ ਸੱਤੇਆਣਾ ਅਤੇ ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਲਾਇਬਰੇਰੀ ਦੇ ਉਦਘਾਟਨ ਦੀ ਖੁਸ਼ੀ ਵਿਚ ਲੱਡੂ ਵੀ ਵੰਡੇ। ਇਸ ਮੌਕੇ ਸਮਾਜ ਸੇਵੀ ਸੁਖਜੀਤ  ਸਿੰਘ ਸੇਖੋੋਂ ਜਨਰੇਟਰ,ਗੁਰਪ੍ਰੀਤ ਸਿੰਘ ਬੁੱਘੀਪੁਰਾ ਡੇਰਾ ਸੱਤੇਆਣਾ, ਨਿਰਮਲ ਸਿੰਘ ਤੂਰ, ਬੀਬੀ ਸੁਰਿੰਦਰ ਕੌਰ, ਜਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ, ਮਨਜੀਤ ਸਿੰਘ, ਸੁਖਦੀਪ ਸਿੰੰਘ,ਬੀ.ਪੀ.ਈ.ਓ. ਮੋਗਾ ਸੁਰਿੰਦਰ ਕੁਮਾਰ, ਮਨਜਿੰਦਰ ਸਿੰਘ ਯੂਥ ਆਗੂ, ਬਲਦੇਵ ਸਿੰਘ ਮੈਂਬਰ,ਵਿਕਰਮਜੀਤ  ਸਿੰਘ, ਮੁੱਖ ਅਧਿਆਪਕਾ ਜਤਿੰਦਰ ਕੌਰ,ਸਿਲਕੀ ਰਾਣੀ, ਸਤਵਿੰਦਰ ਕੌਰ, ਸਤਵੰਤ ਕੌਰ,  ਕਿਰਨਦੀਪ ਕੌਰ, ਰੁਪਿੰਦਰ ਕੌਰ ਅਤੇ ਅਮਨਜੋਤ ਕੌਰ ਆਦਿ ਹਾਜ਼ਰ ਸਨ । ਇਸ ਮੌਕੇ ਮੁੱਖ ਅਧਿਆਪਕਾ ਜਤਿੰਦਰ ਕੌਰ ਨੇ ਸਕੂਲ ਵਿਚ ਆਏ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ।  
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ