ਬਾਬਾ ਫਰੀਦ ਨਰਸਿੰਗ ਕਾਲਜ ਦੇ ਪ੍ਰਬੰਧਕ ਸ਼ਹਿਰ ਵਾਸੀਆਂ ਦੀ ਅਣਗਹਿਲੀ ਤੋਂ ਪੇ੍ਰਸ਼ਾਨ,ਸ਼ਹਿਰ ਦੀ ਸਾਂਭ ਸੰਭਾਲ ਵੱਲ ਧਿਆਨ ਦੇਣਾ ਇਲਾਕਾ ਨਿਵਾਸੀਆਂ ਦੀ ਵੀ ਜ਼ਿੰਮੇਵਾਰੀ :ਡਾ: ਪ੍ਰੀਤਮ ਸਿੰਘ ਛੌਕਰ

ਕੋਟਕਪੂਰਾ, 13 ਜੁਲਾਈ (ਪੱਤਰ ਪਰੇਰਕ) :- ਇਕ ਪਾਸੇ ਕੇਂਦਰ ਸਰਕਾਰ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਕਰੋੜਾਂ-ਅਰਬਾਂ ਰੁਪਿਆ ਖਰਚਿਆ ਜਾ ਰਿਹਾ ਹੈ ਅਤੇ ਸ਼ੋਸ਼ਲ ਮੀਡੀਏ ਰਾਹੀਂ ਆਪਣਾ ਆਲਾ ਦੁਆਲਾ ਸਾਫ ਰੱਖਣ ਲਈ ਵੱਡੀਆਂ-ਵੱਡੀਆਂ ਪੋਸਟਾਂ ਪਾਈਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਜਨਤਕ ਸਥਾਨਾਂ ਨੂੰ ਸਾਫ ਸੁਥਰਾ ਰੱਖਣ ਲਈ ਆਪਣੀ ਨਿੱਜੀ ਜੇਬ ’ਚੋਂ ਲੱਖਾਂ ਰੁਪਏ ਖਰਚ ਕੇ ਸ਼ਹਿਰ ਦੀ ਸੁੰਦਰਤਾ ’ਚ ਵਾਧਾ ਕਰਨ, ਆਮ ਲੋਕਾਂ ਲਈ ਸਹੂਲਤਾਂ ਪੈਦਾ ਕਰਨ ਦੇ ਨਾਲ-ਨਾਲ ਸ਼ਹਿਰ ਦੀਆਂ ਸਾਂਝੀਆਂ ਥਾਵਾਂ ਦੀ ਸਾਂਭ ਸੰਭਾਲ ਲਈ ਯਤਨਸ਼ੀਲ ਸਮਾਜਸੇਵੀ ਹੈਰਾਨ, ਪੇ੍ਰਸ਼ਾਨ ਅਤੇ ਦੁਖੀ ਹਨ। ਬਾਬਾ ਫਰੀਦ ਨਰਸਿੰਗ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਜੀਤ ਸਿੰਘ ਢਿੱਲੋਂ ਨੇ ਕਰੀਬ 5 ਲੱਖ ਰੁਪਏ ਤੋਂ ਵੀ ਜਿਆਦਾ ਰਕਮ ਖਰਚ ਕੇ ਸਥਾਨਕ ਬੱਤੀਆਂ ਵਾਲੇ ਚੌਂਕ ਵਿਚਲਾ ਕੋਹੜ ਖਤਮ ਕਰਦਿਆਂ ਸ਼ਹਿਰ ਦੀ ਸੁੰਦਰਤਾ ’ਚ ਵਾਧਾ ਹੀ ਨਹੀਂ ਕੀਤਾ ਬਲਕਿ ਆਮ ਲੋਕਾਂ ਤੇ ਮੁਸਾਫਿਰਾਂ ਦੇ ਬੈਠਣ ਅਤੇ ਛਾਂ ਲਈ ਸਹੂਲਤਾਂ ਵੀ ਮੁਹੱਈਆ ਕਰਵਾਈਆਂ। ਭਾਂਵੇ ਇਸ ਕੰਮ ਬਦਲੇ ਸ਼ਹਿਰ ਦੀਆਂ ਵੱਖ-ਵੱਖ ਸਮਾਜਸੇਵ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਅਤੇ ਪ੍ਰਸ਼ਾਸ਼ਨ ਵੱਲੋਂ ਡਾ ਢਿੱਲੋਂ ਦਾ ਸਨਮਾਨ ਵੀ ਕੀਤਾ ਗਿਆ ਪਰ ਬੱਤੀਆਂ ਵਾਲੇ ਚੌਂਕ ’ਚ ਬਾਬਾ ਫਰੀਦ ਜੀ ਦੀ ਤਸਵੀਰ ਵਾਲੇ ਚਾਰ ਦਿਸ਼ਾਵਾਂ ’ਚ ਸਥਿੱਤ ਸ਼ਹਿਰਾਂ ਦੀ ਦੂਰੀ ਦਰਸਾਉਂਦੇ ਬੋਰਡ ਉੱਪਰ ਲੋਕਾਂ ਵੱਲੋਂ ਲਾਏ ਜਾਣ ਵਾਲੇ ਪੋਸਟਰ, ਸਟਿੱਕਰ ਅਤੇ ਉੱਥੇ ਕੂੜਾ ਤੱਕ ਸੁੱਟ ਦੇਣ ਵਾਲਿਆਂ ਤੋਂ ਬਾਬਾ ਫਰੀਦ ਨਰਸਿੰਗ ਕਾਲਜ ਦੀ ਮੈਨੇਜਮੈਂਟ ਪੇ੍ਰਸ਼ਾਨ ਅਤੇ ਦੁਖੀ ਹੈ। ਕਾਲਜ ਦੇ ਡਿਪਟੀ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੌਕਰ ਨੇ ਉਕਤ ਬੋਰਡ ਦੀ ਦਸ਼ਾ ਬਿਆਨ ਕਰਦਿਆਂ ਦੱਸਿਆ ਕਿ ਜੇਕਰ ਇਲਾਕਾ ਨਿਵਾਸੀ ਇਸ ਚੌਂਕ ਦੀ ਸੰਭਾਲ ਨਹੀਂ ਕਰ ਸਕਦੇ ਤਾਂ ਕਿਰਪਾ ਕਰਕੇ ਉਹ ਇਸ ਉੱਪਰ ਕਿਸੇ ਪ੍ਰਕਾਰ ਦਾ ਪੋਸਟਰ ਜਾਂ ਸਟਿੱਕਰ ਲਾਉਣ ਦੀ ਭੁੱਲ ਨਾ ਕਰਨ। ਕਿਉਂਕਿ ਭਵਿੱਖ ’ਚ ਅਜਿਹੀ ਅਣਗਹਿਲੀ ਕਰਨ ਵਾਲਿਆਂ ਦੀ ਸ਼ਿਕਾਇਤ ਬਕਾਇਦਾ ਪ੍ਰਸ਼ਾਸ਼ਨ ਨੂੰ ਕੀਤੀ ਜਾਵੇਗੀ। ਉਨਾ ਦੱਸਿਆ ਕਿ ਹੁਣ ਦੁਬਾਰਾ ਖਰਚਾ ਕਰਕੇ ਬਾਬਾ ਫਰੀਦ ਜੀ ਦੀ ਨਵੀਂ ਤਸਵੀਰ ਵਾਲਾ ਬੋਰਡ ਤਿਆਰ ਕੀਤਾ ਜਾ ਰਿਹਾ ਹੈ।