‘ਘਰ-ਘਰ ਹਰਿਆਲੀ’ ਮੁਹਿੰਮ ਬਦਲੇਗੀ ਪੰਜਾਬ ਦੀ ਨੁਹਾਰ: ਸਾਧੂ ਸਿੰਘ ਧਰਮਸੋਤ

ਚੰਡੀਗੜ, 12 ਜੁਲਾਈ:(ਪੱਤਰ ਪਰੇਰਕ): ਪੰਜਾਬ ਨੂੰ ਮੁੜ ਹਰਿਆ-ਭਰਿਆ ਤੇ ਖੁਸ਼ਹਾਲ ਬਣਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸ਼ੁਰੂ ਕੀਤੀ ‘ਘਰ-ਘਰ ਹਰਿਆਲੀ ਮੁਹਿੰਮ’ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ, ਜਿਸ ਸਦਕਾ ਸੂਬੇ ਦੀ ਨੁਹਾਰ ਬਦਲ ਜਾਵੇਗੀ। ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਬੂਟੇ ਲਾਉਣ ਅਤੇ ‘ਪੰਜਾਬ ਸਿਵਲ ਸਕੱਤਰੇਤ ਸਟਾਫ ਐਸਸਸੀਏਸ਼ਨ’ ਦੇ ਸਹਿਯੋਗ ਨਾਲ ਸਰਕਾਰੀ ਮੁਲਾਜ਼ਮਾਂ ਨੂੰ ਬੂਟੇ ਵੰਡਣ ਮਗਰੋਂ ਇਹ ਪ੍ਰਗਟਾਵਾ ਕੀਤਾ। ਉਨਾਂ ਕਿਹਾ ਵਿਭਾਗ ਵਲੋਂ ‘ਘਰ-ਘਰ ਹਰਿਆਲੀ ਮੁਹਿੰਮ’ ਤਹਿਤ ਹੁਣ ਤੱਕ ਕੁੱਲ ਮਿਲਾ ਕੇ 10 ਲੱਖ ਤੋਂ ਵੱਧ ਬੂਟੇ ਮੁਫ਼ਤ ਮੁਹੱਈਆ ਕਰਵਾਏ ਗਏ ਹਨ ਅਤੇ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਉਨਾਂ ਕਿਹਾ ਕਿ ਪੰਜਾਬ, ਭਾਰਤ ਦਾ ਪਹਿਲਾ ਸੂਬਾ ਹੈ, ਜਿੱਥੇ ਸਰਕਾਰ ਵੱਲੋਂ ‘ਆਈ ਹਰਿਆਲੀ’ ਵਰਗੀ ਐਪ ਸ਼ੁਰੂ ਕੀਤੀ ਗਈ ਹੈ, ਜਿਸ ਨੂੰ ਨੌਜਵਾਨਾਂ ਵੱਲੋਂ ਸਭ ਤੋਂ ਵੱਧ ਹੁੰਗਾਰਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ‘ਆਈ ਹਰਿਆਲੀ’ ਐਪ ਰਾਹੀਂ ਹੁਣ ਤੱਕ 2.3 ਲੱਖ ਤੋਂ ਵੱਧ ਪਰਿਵਾਰ ਜੁੜ ਚੁੱਕੇ ਹਨ ਜਦਕਿ ਐਪ ਰਾਹੀਂ ਹੁਣ ਤੱਕ ਲੱਗਭੱਗ 6 ਲੱਖ ਤੋਂ ਵੱਧ ਬੂਟੇ (ਕੁੱਲ 10 ਲੱਖ) ਮੁਫ਼ਤ ਮੁਹੱਈਆ ਕਰਵਾਏ ਜਾ ਚੁੱਕੇ ਹਨ।   ਸ. ਧਰਮਸੋਤ ਨੇ ਬੂਟੇ ਵੰਡਣ ਤੇ ਬੂਟੇ ਹਾਸਲ ਕਰਨ ਦੇ ਨਾਲ-ਨਾਲ ਬੂਟਿਆਂ ਦੀ ਸੰਭਾਲ ਕਰਨ ’ਤੇ ਵੀ ਜ਼ੋਰ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਮ ਦਿਨ ਜਾਂ ਹੋਰ ਅਹਿਮ ਮੌਕਿਆਂ ਉਤੇ ਬੂਟੇ ਲਾਉਣ ਤੇ ਵੰਡਣ ਨੂੰ ਤਰਜੀਹ ਦੇਣ। ਉਨਾਂ ਦੱਸਿਆ ਕਿ ਆਉਣ ਵਾਲੇ ਦੋ ਦਿਨਾਂ ਦੌਰਾਨ ਪੰਜਾਬ ਸਿਵਲ ਸਕੱਤਰੇਤ-1 ਅਤੇ 2 ਵਿਖੇ ਜੰਗਲਾਤ ਵਿਭਾਗ ਵਲੋਂ ਸਟਾਲ ਲਾ ਕੇ ਸਰਕਾਰੀ ਮੁਲਾਜ਼ਮਾਂ ਨੂੰ 5 ਹਜ਼ਾਰ ਮੁਫ਼ਤ ਬੂਟੇ ਵੰਡੇ ਜਾਣਗੇ। ਸ. ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 5 ਜੂਨ ਨੂੰ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸ਼ੁਰੂ ਕੀਤੀ ਮੁਫ਼ਤ ਬੂਟੇ ਵੰਡਣ ਦੇ ਲਾਉਣ ਦੀ ਮੁਹਿੰਮ ਦਿਨ ਪ੍ਰਤੀ ਦਿਨ ਅੱਗੇ ਵਧ ਰਹੀ ਹੈ, ਜੋ ਕਿ ਪੰਜਾਬ ਲਈ ਲਾਹੇਵੰਦ ਸਿੱਧ ਹੋਵੇਗੀ। ਉਨਾਂ ਕਿਹਾ ਕਿ ਇਸ ਮੁਹਿੰਮ ਨੂੰ ਅੱਗੇ ਵਧਾਉਣ ’ਚ ਸੂਬੇ ਦੇ ਨੌਜਵਾਨ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨਾਂ ਕਿਹਾ ਕਿ ਵਾਤਾਵਰਣ ਦੇ ਸੰਤੁਲਨ ਲਈ ਇੱਕ ਰੁੱਖ ਦੇ ਕੱਟੇ ਜਾਣ ’ਤੇ ਇੱਕ ਰੁੱਖ ਦੇ ਬਦਲੇ ਪੰਜ ਬੂਟੇ ਲਾਉਣੇ ਚਾਹੀਦੇ ਹਨ ਕਿਉਂ ਜੋ ਇੱਕ ਬੂਟੇ ਨੂੰ ਰੁੱਖ ਬਣਨ ’ਚ ਕਈ ਸਾਲ ਲਗਦੇ ਹਨ। ਉਨਾਂ ਕਿਹਾ ਕਿ ਜੇ ਪੰਜਾਬ ਵਾਸੀ ਵੱਧ ਤੋਂ ਵੱਧ ਬੂਟੇ ਲਾ ਕੇ ਉਨਾਂ ਦੀ ਸੰਭਾਲ ਦਾ ਅਹਿਦ ਕਰਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਮੁੜ ਤੋਂ ਹਰਿਆ ਭਰਿਆ ਤੇ ਖੁਸ਼ਹਾਲ ਸੂਬਾ ਬਣ ਜਾਵੇਗਾ। ਇਸ ਮੌਕੇ ਸ੍ਰੀ ਐਨ.ਪੀ. ਸਿੰਘ, ਮੁੱਖ ਪ੍ਰਸ਼ਾਸਕੀ ਅਫ਼ਸਰ, ਪੰਜਾਬ ਸਿਵਲ ਸਕੱਤਰੇਤ-1, ਸ੍ਰੀ ਸੰਗਰਾਮ ਸਿੰਘ, ਸ੍ਰੀ ਗੁਰਅਮਨਪ੍ਰੀਤ ਸਿੰਘ, ਡੀ.ਐਫ.ਓ., ‘ਪੰਜਾਬ ਸਿਵਲ ਸਕੱਤਰੇਤ ਸਟਾਫ ਐਸਸਸੀਏਸ਼ਨ’ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।