ਜੀ.ਓ.ਜੀ (ਖੁਸ਼ਹਾਲੀ ਦੇ ਰਾਖੇ) ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਜ਼ਿਲਾ ਪ੍ਰਸ਼ਾਸਨ ਅਤੇ ਸਰਕਾਰ ਤੱਕ ਕਰ ਰਹੇ ਹਨ ਪਹੁੰਚ-ਸੇਵਾਮੁਕਤ ਲੈਫ. ਜਨ. ਟੀ.ਐਸ. ਸ਼ੇਰਗਿੱਲ

ਵੈਰੋਕੇ (ਮੋਗਾ) 12 ਜੁਲਾਈ:(ਜਸ਼ਨ):ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਵਿਕਾਸ ਅਤੇ ਲੋਕ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ‘ਤੇ ਲਾਗੂ ਕਰਨ ਅਤੇ ਇਨਾਂ ਸਕੀਮਾਂ ਦਾ ਲੋਕਾਂ ਤੱਕ ਵੱਧ ਤੋਂ ਵੱਧ ਫ਼ਾਇਦਾ ਪਹੁੰਚਾਉਣ ਲਈਂ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਤਾਇਨਾਤ ਕੀਤੇ ਗਏ ਗਾਰਡੀਅਨ ਆਫ਼ ਗਵਰਨੈਸ (ਜੀ.ਓ.ਜੀ) ਭਾਵ ਖੁਸ਼ਹਾਲੀ ਦੇ ਰਾਖੇ ਅਹਿਮ ਯੋਗਦਾਨ ਪਾ ਰਹੇ ਹਨ। ਇਹ ਪ੍ਰਗਟਾਵਾ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਅਤੇ ਜੀ.ਓ.ਜੀਜ਼ ਦੇ ਸੀਨੀਅਰ ਉੱਪ ਚੇਅਰਮੈਨ ਸੇਵਾ-ਮੁਕਤ ਲੈਫ. ਜਨ. ਟੀ.ਐਸ. ਸ਼ੇਰਗਿੱਲ ਨੇ ਅੱਜ ਜ਼ਿਲੇ ਦੇ ਪਿੰਡ ਵੈਰੋਕੇ ਵਿਖੇ ਸਬ ਡਵੀਜ਼ਨ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਦੇ ਜੀ.ਓ.ਜੀਜ਼ ਅਤੇ ਇਲਾਕੇ ਦੇ ਮੋਹਤਬਰਾਂ ਨਾਲ ਆਯੋਜਿਤ ਸੈਮੀਨਾਰ ਦੌਰਾਨ ਕੀਤਾ। ਇਸ ਮੌਕੇ ਜੀ.ਓ.ਜੀਜ਼ ਦੇ ਉੱਪ ਚੇਅਰਮੈਨ ਮੇਜਰ ਜਨ. ਐਸ.ਪੀ.ਐਸ. ਗਰੇਵਾਲ, ਲੈਫ. ਜਨਰਲ ਐਸ.ਐਸ. ਬਰਾੜ, ਆਰ.ਐਸ. ਗਿੱਲ, ਐਸ.ਪੀ ਪਿ੍ਰਥੀਪਾਲ ਸਿੰਘ, ਐਸ.ਡੀ.ਐਮ ਬਾਘਾਪੁਰਾਣਾ ਅਮਰਬੀਰ ਸਿੰਘ ਸਿੱਧੂ ਅਤੇ ਜ਼ਿਲਾ ਮੁਖੀ ਜੀ.ਓ.ਜੀ ਕਰਨਲ ਬਲਕਾਰ ਸਿੰਘ ਵੀ ਮੌਜੂਦ ਸਨ।ਇਸ ਮੌਕੇ ਸੇਵਾ-ਮੁਕਤ ਲੈਫ. ਜਨ. ਟੀ.ਐਸ. ਸ਼ੇਰਗਿੱਲ ਨੇ ਸਮੂਹ ਵਲੰਟੀਅਰਜ਼ ਨੂੰ ਮਿਹਨਤ ਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਕੀਮਾਂ ਦਾ ਲਾਭ ਹੇਠਲੇ ਪੱਧਰ ’ਤੇ ਸੁਚਾਰੂ ਢੰਗ ਨਾਲ ਪੁੱਜਦਾ ਕੀਤਾ ਜਾਵੇ।ਉਨਾਂ ਵਲੰਟੀਅਰਜ਼ ਨੂੰ ਕਿਹਾ ਕਿ ਉਹ ਲੋੜਵੰਦ ਲਾਭਪਾਤਰੀਆਂ ਨੂੰ ਵੱਖ-ਵੱਖ ਸਕੀਮਾਂ ਦਾ ਲਾਭ ਪੁੱਜਦਾ ਕਰਨ ਲਈ ਸੁਚਾਰੂ ਢੰਗ ਨਾਲ ਰਿਪੋਰਟ ਕਰਨ। ਉਨਾਂ ਕਿਹਾ ਕਿ ‘ ਗਾਰਡੀਅਨ ਆਫ਼ ਗਵਰਨੈਂਸ’ ਦਾ ਮੁੱਖ ਮੰਤਵ ਭਿ੍ਰਸ਼ਟਾਚਾਰ ਨੂੰ ਨਕੇਲ ਪਾਉਣ ਤੇ ਸਕੀਮਾਂ ਦਾ ਨਿਸ਼ਚਿਤ ਸਮੇਂ ਅੰਦਰ ਲਾਭਪਾਤਰੀ ਨੂੰ ਲਾਭ ਮੁਹੱਈਆ ਕਰਵਾਉਣਾ ਹੈ।  ਉਨਾਂ ਕਿਹਾ ਕਿ ਜੀ.ਓ.ਜੀਜ਼ ਆਪਣੀ ਇਸ ਜ਼ਿੰਮੇਵਾਰੀ ਦੇ ਨਾਲ-ਨਾਲ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਆਰੰਭੀ ਮਹੱਤਵਪੂਰਨ ਮੁਹਿੰਮ ਡੈੇਪੋ ਨਾਲ ਵੀ ਜੁੜਨ ਅਤੇ ਪਿੰਡਾਂ ਵਿੱਚ ਨਸ਼ਿਆਂ ਦੇ ਸ਼ਿਕਾਰ ਨੌਜਵਾਨਾਂ ਅਤੇ ਵਿਅਕਤੀਆਂ ਨੂੰ ਇਲਾਜ ਕੇਂਦਰਾਂ ਤੱਕ ਪਹੁੰਚਾ ਕੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ। ਸ੍ਰੀ ਸ਼ੇਰਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਸੈਨਿਕਾਂ ਨੂੰ ਵੱਡਾ ਮਾਣ ਦਿੰਦਿਆਂ ਉਨਾਂ ਨੂੰ ਸਰਕਾਰ ਦਾ ਅੱਖ ਤੇ ਕੰਨ ਬਣਾਇਆ ਗਿਆ ਹੈ, ਜਿਨਾਂ ਦਾ ਕੰਮ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦੀ ਸਹੀ ਹੱਥਾਂ ਤੱਕ ਪਹੁੰਚ ਯਕੀਨੀ ਬਣਾਉਣਾ ਅਤੇ ਵੱਖ-ਵੱਖ ਗਰਾਂਟਾਂ ਵਿੱਚ ਪਾਰਦਰਸ਼ਤਾ ਲਿਆਉਣਾ ਹੈ। ਉਨਾਂ ਦੱਸਿਆ ਕਿ ਖੁਸ਼ਹਾਲੀ ਦੇ ਰਾਖੇ ਪਿੰਡ ਅਤੇ ਸ਼ਹਿਰ ਪੱਧਰ ਦੀਆਂ ਸਮੱਸਿਆਵਾਂ ਨੂੰ ਜ਼ਿਲਾ ਪ੍ਰਸ਼ਾਸਨ ਅਤੇ ਸਰਕਾਰ ਦੇ ਧਿਆਨ ਵਿੱਚ ਲਿਆ ਰਹੇ ਹਨ। ਉਨਾਂ ਕਿਹਾ ਕਿ ਜੀ.ਓ.ਜੀ. ਵੱਲੋਂ ਦਿੱਤੀ ਜਾਂਦੀ ਰਿਪੋਰਟ ‘ਤੇ ਜ਼ਿਲਾ ਪ੍ਰਸ਼ਾਸ਼ਨ ਅਤੇ ਸਰਕਾਰ ਵੱਲੋਂ ਫ਼ੌਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ, ਜਿਸ ਦਾ ਅਮਲ ਵੀ ਪੂਰਾ ਅਸਰਦਾਰ ਅਤੇ ਪ੍ਰਭਾਵਸ਼ਾਲੀ ਹੋ ਜਾਂਦਾ ਹੈ। ਉਨਾਂ ਆਸ ਪ੍ਰਗਟਾਈ ਕਿ ਉਹ ਫੌਜ਼ ਵਾਲੀਆਂ ਸ਼ਾਨਦਾਰ ਰਵਾਇਤਾਂ ਨੂੰ ਹਮੇਸ਼ਾਂ ਕਾਇਮ ਰੱਖਣਗੇ। ਇਸ ਤੋਂ ਪਹਿਲਾਂ ਸੇਵਾ-ਮੁਕਤ ਲੈਫ. ਜਨ. ਟੀ.ਐਸ. ਸ਼ੇਰਗਿੱਲ ਦਾ ਗਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੈਫ. ਜਨਰਲ ਐਸ.ਐਸ. ਬਰਾੜ ਨੇ ਆਖਿਆ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਦਿ੍ਰਸ਼ਟੀ ਅਤੇ ਵਿਕਾਸਮਈ ਸੋਚ ਕਾਰਨ ਸਾਬਕਾ ਫ਼ੌਜੀਆਂ ਨੂੰ ਸੂਬੇ ਦੇ ਵਿਕਾਸ ਲਈ ਭਾਈਵਾਲ ਬਣਾਉਣ ਦਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ।  ਉਨਾਂ ਕਿਹਾ ਕਿ ਜੀ.ਓ.ਜ਼ੀਜ਼ (ਖ਼ੁਸ਼ਹਾਲੀ ਦੇ ਰਾਖੇ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਫਲ ਬਣਾਉਣ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਲਈ ਵੀ ਪ੍ਰੇਰਿਤ ਕਰਨ ਤਾਂ ਜੋ ਨੌਜਵਾਨਾਂ ਨੂੰ ਇਸ ਮਿਸ਼ਨ ਤਹਿਤ ਇੱਕ ਚੰਗੀ ਸਿਹਤ ਵੀ ਦਿੱਤੀ ਜਾ ਸਕੇ।ਉਨਾਂ ਕਿਹਾ ਕਿ ਜੀ.ਓ.ਜੀਜ਼ ਭਿ੍ਰਸ਼ਟਾਚਾਰ ਨੂੰ ਰੋਕਣ, ਗਰਾਂਟਾਂ ਦੇ ਸਹੀ ਇਸਤੇਮਾਲ ਨੂੰ ਯਕੀਨੀ ਬਣਾਉਣ ਅਤੇ ਭਲਾਈ ਸਕੀਮਾਂ ਦਾ ਲਾਭ ਲੋੜਵੰਦ ਹੱਥਾਂ ਤੱਕ ਪਹੁੰਚਾਣ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਕੰਮ ਕਰਦੇ ਹਨ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਬਾਘਾਪੁਰਾਣਾ ਅਮਰਬੀਰ ਸਿੰਘ ਸਿੱਧੂ ਨੇ ਜੀ ਆਇਆਂ ਆਖਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਜੀ.ਓ.ਜੀ ਆਪਣੀ ਡਿਊਟੀ ਬਾਖੂਬੀ ਨਿਭਾਅ ਰਹੇ ਹਨ। ਜ਼ਿਲਾ ਮੁਖੀ ਜੀ.ਓ.ਜੀ ਕਰਨਲ ਬਲਕਾਰ ਸਿੰਘ ਨੇ ਦੱਸਿਆ ਜੀ.ਓ.ਜੀਜ਼ ਵੱਲੋਂ ਜ਼ਿਲਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ਅਤੇੇ ਆਮ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਣ ਅਤੇ ਵੱਖ-ਵੱਖ ਜਨਤਕ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿਲਾ ਪ੍ਰਸ਼ਾਸ਼ਨ ਨੂੰ ਪੂਰਣ ਸਹਿਯੋਗ ਦੇ ਰਹੇ ਹਨ। ਇਸ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਲਖਵਿੰਦਰ ਸਿੰਘ ਅਤੇ ਸਾਬਕਾ ਸੈਨਿਕ ਹਾਜ਼ਰ ਸਨ।