‘ਪਟਾਕੇ’ ਪਾਉਣ ਵਾਲਿਆਂ ਦਾ ਬੁਲੇਟ ਹੋਵੇਗਾ ਜ਼ਬਤ,ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਚੰਡੀਗੜ, 12 ਜੁਲਾਈ(ਪੱਤਰ ਪਰੇਰਕ)-ਪੰਜਾਬ ਦੇ ਵਾਤਾਵਰਣ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਵਾਹਨਾਂ ਵੱਲੋਂ ਫੈਲਾਏ ਜਾ ਰਹੇ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਦਾ ਆਦੇਸ਼ ਦਿੱਤਾ। ਉਨਾਂ ਕਿਹਾ ਕਿ ਸ਼ਹਿਰਾਂ ਵਿੱਚ ਬੁਲੇਟਾਂ ਉਤੇ ਪਟਾਕੇ ਪਾਉਣ ਵਾਲਿਆਂ ਤੇ ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਹਵਾ ਦੀ ਗੁਣਵੱਤਾ ਸੁਧਾਰਨ ਲਈ ਖ਼ਾਸ ਉਪਰਾਲੇ ਕੀਤੇ ਜਾਣ। ਇੱਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਤੇ ਵਾਤਾਵਰਣ ਵਿਭਾਗ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਵਿੱਚ ਸ੍ਰੀ ਸੋਨੀ ਨੇ ਕਿਹਾ ਕਿ ਵਾਹਨ ਪ੍ਰਦੂਸ਼ਣ ਦੀ ਜਾਂਚ ਕਰਨ ਵਾਲੇ ਕੇਂਦਰਾਂ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ, ਜਿਸ ਨਾਲ ਪ੍ਰਦੂਸ਼ਣ ਜਾਂਚ ਕਰਵਾਉਣ ਵਾਲੇ ਹਰੇਕ ਵਾਹਨ ਦੇ ਵੇਰਵੇ ਆਨਲਾਈਨ ਦਰਜ ਹੋਣਗੇ। ਇਸ ਦੇ ਨਾਲ ਹੀ ਵਾਹਨ ਮਾਲਕ ਨੂੰ ਆਪਣੇ ਵਾਹਨ ਦੀ ਮੁੜ ਜਾਂਚ ਬਾਰੇ ਹਫ਼ਤਾ ਪਹਿਲਾਂ ਹੀ ਮੋਬਾਈਲ ਫੋਨ ਉਤੇ ਐਸਐਮਐਸ ਰਾਹੀਂ ਪਤਾ ਲੱਗ ਜਾਵੇਗਾ। ਵਾਤਾਵਰਣ ਮੰਤਰੀ ਨੇ ਹਦਾਇਤ ਕੀਤੀ ਕਿ ਸ਼ਹਿਰਾਂ ਦਾ ਸੀਵਰੇਜ ਤੇ ਫੈਕਟਰੀਆਂ ਦਾ ਦੂਸ਼ਿਤ ਪਾਣੀ ਬਿਨਾਂ ਟਰੀਟ ਕੀਤਿਆਂ ਦਰਿਆਵਾਂ ਵਿੱਚ ਨਾ ਸੁੱਟਿਆ ਜਾਵੇ। ਉਨਾਂ ਕਿਹਾ ਕਿ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਉਹ ਖ਼ੁਦ ਜਾ ਕੇ ਜ਼ਮੀਨੀ ਪੱਧਰ ਉਤੇ ਇਸ ਦੀ ਜਾਂਚ ਕਰਨਗੇ। ਜੇ ਕੋਈ ਸਨਅਤ ਆਪਣਾ ਦੂਸ਼ਿਤ ਪਾਣੀ ਦਰਿਆ ਵਿੱਚ ਸੁੱਟਦੀ ਪਾਈ ਗਈ ਤਾਂ ਉਸ ਇਲਾਕੇ ਦੇ ਸਬੰਧਤ ਅਧਿਕਾਰੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਉਨਾਂ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਰਾਜ ਦੀਆਂ ਸਾਰੀਆਂ ਉਦਯੋਗਿਕ ਇਕਾਈਆਂ ਨੂੰ ਦੋ ਮਹੀਨੇ ਦਾ ਸਮਾਂ ਦੇ ਕੇ ਪ੍ਰਦੂਸ਼ਣ ਰੋਕਣ ਲਈ ਕਿਹਾ ਸੀ। ਹੁਣ ਇਹ ਸਮਾਂ ਪੂਰਾ ਹੋ ਚੁੱਕਿਆ ਹੈ। ਹੁਣ ਵੀ ਪ੍ਰਦੂਸ਼ਣ ਫੈਲਾ ਰਹੀਆਂ ਇਕਾਈਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਸਮਾਂ ਆ ਗਿਆ ਹੈ। ਉਨਾਂ ਕਿਹਾ ਕਿ ਜੇ ਕੋਈ ਅਧਿਕਾਰੀ ਡਿੳੂਟੀ ਵਿੱਚ ਕੁਤਾਹੀ ਕਰਦਾ ਪਾਇਆ ਗਿਆ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨਾਂ ਐਕਸੀਅਨ ਤੇ ਹੋਰ ਅਧਿਕਾਰੀਆਂ ਨੂੰ ਹਰ ਹਫ਼ਤੇ ਸੀਵਰੇਜ ਟਰੀਟਮੈਂਟ ਪਲਾਂਟਾਂ (ਐਸਟੀਪੀਜ਼) ਦਾ ਦੌਰਾ ਕਰਨ ਲਈ ਆਖਿਆ।ਸ੍ਰੀ ਸੋਨੀ ਨੇ ਪਾਣੀ ਤੇ ਹਵਾ ਦੇ ਨਮੂਨੇ ਜਾਂਚਣ ਵਾਲੀਆਂ ਵਿਭਾਗ ਦੀਆਂ ਸਾਰੀਆਂ ਲੈਬਾਰਟਰੀਆਂ ਨੂੰ ਕਾਰਜਸ਼ੀਲ ਕਰਨ ਦਾ ਹੁਕਮ ਦਿੱਤਾ। ਉਨਾਂ ਕਿਹਾ ਕਿ ਲੁਧਿਆਣਾ ਵਿੱਚ ਸਨਅਤੀ ਪ੍ਰਦੂਸ਼ਣ ਦੀ ਵੱਡੀ ਸਮੱਸਿਆ ਹੈ ਅਤੇ ਇਸ ਸਾਲ 31 ਦਸੰਬਰ ਤੱਕ ਲੁਧਿਆਣਾ ਸ਼ਹਿਰ ਦਾ ਸਾਰਾ ਪਾਣੀ ਟਰੀਟ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਉਨਾਂ ਕਿਹਾ ਕਿ ਅੰਮਿ੍ਰਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਵਿੱਚ ਸਿਰਫ਼ ਸੀਐਨਜੀ ਆਧਾਰਤ ਥ੍ਰੀ ਵੀਲਰ ਹੀ ਰਜਿਸਟਰਡ ਕੀਤੇ ਜਾਣਗੇ। ਉਨਾਂ ਹਾਦਸਿਆਂ ਦਾ ਕਾਰਨ ਬਣਦੇ ਟਿੱਪਰ ਚਾਲਕਾਂ ਨੂੰ ਵੀ ਟਰੈਫਿਕ ਨਿਯਮਾਂ ਬਾਰੇ ਸਿੱਖਿਅਤ ਕਰਨ ਅਤੇ ਟਿੱਪਰਾਂ ਵਿੱਚ ਪ੍ਰਮਾਣਿਤ ਹੱਦ ਤੱਕ ਮਾਲ ਲੱਦਣਾ ਯਕੀਨੀ ਬਣਾਉਣ ਲਈ ਕਿਹਾ। ਮੀਟਿੰਗ ਵਿੱਚ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਰੌਸ਼ਨ ਸੁੰਕਾਰੀਆ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ੍ਰੀ ਕਾਹਨ ਸਿੰਘ ਪੰਨੂ, ਵਿਸ਼ੇਸ਼ ਸਕੱਤਰ ਵਾਤਾਵਰਣ ਸ੍ਰੀ ਟੀ.ਐਸ. ਧਾਲੀਵਾਲ ਅਤੇ ਮੈਂਬਰ ਸਕੱਤਰ ਪਵਨ ਗਰਗ ਸਮੇਤ ਹੋਰ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ।