ਨਸ਼ੇ ਦੇ ਆਦੀ 25 ਸਾਲਾ ਨੌਜਵਾਨ ਨੇ ਲਿਆ ਫਾਹਾ

ਬਾਘਾਪੁਰਾਣਾ ,12 ਜੁਲਾਈ (ਰਣਵਿਜੇ ਸਿੰਘ ਚੌਹਾਨ)-ਪੰਜਾਬ ਵਿਚ ਵੱਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ’ਚ ਡੁੱਬ ਚੁੱਕੇ ਪਿੰਡ ਬੰਬੀਹਾ ਭਾਈ ਦੇ ਸਮਸ਼ਾਨ ਘਾਟ ਵਿੱਚ ਕੱਲ ਇਕ ਨੌਜਵਾਨ ਨਸ਼ੇ ਦੀ ਭੇਟ ਚੜ ਗਿਆ । ਜਾਣਕਾਰੀ ਮੁਤਾਬਕ 25 ਸਾਲਾ ਗੁਰਮੀਤ ਸਿੰਘ ਉਰਫ਼ ਬੱਗੀ ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦਾ ਆਦੀ ਸੀ ਅਤੇ ਮਜ਼ਦੂਰੀ ਕਰਦਾ ਸੀ । ਮੌਜੂਦਾ ਦੌਰ ਵਿੱਚ ਸਰਕਾਰੀ ਤੌਰ ਤੇ ਕੀਤੇ ਨਸ਼ਿਆਂ ਵਿਰੋਧੀ ਕੀਤੀ ਸਖਤਾਈ ਦੇ ਚਲਦਿਆਂ ਨਸ਼ੇ ਦੀ ਪੂਰਤੀ ਨਾ ਹੋਣ ਕਾਰਨ ਨੌਜਵਾਨ ਨੇ ਸਥਾਨਕ ਸ਼ਮਸ਼ਾਨਘਾਟ ਵਿੱਚ ਫਾਹਾ ਲੈ ਲਿਆ । ਇਹ ਨੌਜਵਾਨ ਪਿੰਡ ਮਾਛੀ ਕੇ ਜਿਲਾ ਮੋਗਾ ਵਿਖੇ ਵਿਆਹਿਆ ਹੋਇਆ ਸੀ,ਪਰ ਨਸ਼ੇ ਦੀ ਲੱਤ ਹੋਣ ਕਰਕੇ ਇਸ ਦੀ ਘਰਵਾਲੀ ਸਮੇਤ ਬੱਚੇ ਇਸ ਨੂੰ ਛੱਡ ਕੇ ਜਾ ਚੁੱਕੀ ਹੈ। ਨਸ਼ਿਆਂ ਦੀ ਪੂਰਤੀ ਲਈ ਕਈ ਵਾਰ ਇਹ ਬੱਗੀ ਸਿੰਘ ਇਖਲਾਕ ਤੋਂ ਘਿਰੇ ਹੋਏ ਗੈਰਕਾਨੂੰਨੀ ਕੰਮ ਕਰਨ ਦਾ ਆਦੀ ਸੀ। ਕੱਲ ਸਥਾਨਕ ਪੁਲਿਸ ਸ਼ਟੇਸਨ ਸਮਾਲਸਰ ਦੇ ਮੁਲਾਜ਼ਮਾਂ ਨੇ ਨੌਜਵਾਨ ਦੀ ਫਾਹੇ ਤੋਂ ਲਟਕਦੀ ਲਾਸ਼ ਨੂੰ ਉਤਾਰਿਆ । ਮਿ੍ਰਤਕ ਬੱਗੀ ਸਿੰਘ ਦੇ ਪਿਤਾ ਜਗਰੂਪ ਸਿੰਘ ਮਜ਼ਦੂਰੀ ਕਰਕੇ ਜੀਵਨ ਬਸਰ ਕਰਦੇ ਹਨ। ਮਿ੍ਰਤਕ ਬੱਗੀ ਦੀਆਂ ਦੋ ਭੈਣਾਂ ਵਿਆਹੀਆਂ ਹੋਈਆਂ ਹਨ ਅਤੇ ਮਾਤਾ ਸਰਕਾਰੀ ਸਕੂਲ ਵਿੱਚ ਦੁਪਹਿਰ ਦਾ ਖਾਣਾ ਬਣਾਉਣ ਦਾ ਕੰਮ ਕਰਦੀ ਹੈ । ਇਸ ਘਟਨਾ ਕਾਰਨ ਪੂਰੇ ਨਗਰ ਵਿੱਚ ਸ਼ੋਕ ਦੀ ਲਹਿਰ ਪਸਰ ਗਈ ਹੈ ।  ਮਿ੍ਰਤਕ ਬੱਗੀ ਸਿੰਘ ਦਾ ਅੱਜ ਦੁਪਹਿਰ ਸਮੇਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ।