ਸਮੇਂ ਦੀਆਂ ਸਰਕਾਰਾਂ, ਸੰਸਥਾਵਾਂ ਤੇ ਜਥੇਬੰਦੀਆਂ ਲਿਆ ਸਕਦੀਆਂ ਹਨ ਇਨਕਲਾਬ : ਘੋਲੀਆ

ਕੋਟਕਪੂਰਾ, 12 ਜੁਲਾਈ (ਟਿੰਕੂ ਪਰਜਾਪਤੀ) :- ਖੇਤੀਬਾੜੀ ਦਾ ਧੰਦਾ ਅੱਜ ਵੀ ਘਾਟੇ ਵਾਲਾ ਸੌਦਾ ਨਹੀਂ ਬਲਕਿ ਇਸ ਨੂੰ ਮੁਨਾਫੇ ਵਾਲਾ ਹੀ ਸਮਝਿਆ ਜਾਵੇ ਪਰ ਵਿਗਾੜ ਦਿੱਤੇ ਗਏ ਸਿਸਟਮ ਪ੍ਰਤੀ ਹਰ ਕਿਸਾਨ ਪਰਿਵਾਰ ਲਈ ਜਾਗਰੂਕਤਾ ਜਰੂਰੀ ਹੈ। ਕੁਦਰਤੀ ਖੇਤੀ ਲਈ ਪੰਜਾਬ ਭਰ ’ਚ ਪ੍ਰਸਿੱਧ ਧਾਰਮਿਕ ਸ਼ਖਸ਼ੀਅਤ ਚਮਕੌਰ ਸਿੰਘ ਘੋਲੀਆ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅੱਜ ਪੰਜਾਬ ਦੇ ਕਿਸਾਨ ਨੂੰ ਇਹ ਦੱਸਣਾ ਜਰੂਰੀ ਹੈ ਕਿ ਮਾਰੂ ਜਹਿਰਾਂ ਦੀ ਬਹੁਤਾਤ ਕਰਕੇ ਜਿੱਥੇ ਅਸੀਂ ਵਾਤਾਵਰਣ ਪ੍ਰਦੂਸ਼ਿਤ ਕਰ ਰਹੇ ਹਾਂ, ਜ਼ਹਿਰਾਂ ਆਪਣੇ ਸਰੀਰ ਅੰਦਰ ਜਾਣ ਦੀ ਪ੍ਰਵਾਹ ਨਹੀਂ ਕਰਦੇ, ਉੱਥੇ ਸਾਡੀ ਉਪਜਾਊ ਮਿੱਟੀ ਦੀ ਤਾਕਤ ਵੀ ਕਮਜੋਰ ਹੁੰਦੀ ਜਾ ਰਹੀ ਹੈ ਅਰਥਾਤ ਜੇਕਰ ਇਹੀ ਵਰਤਾਰਾ ਰਿਹਾ ਤਾਂ ਇਕ ਦਿਨ ਪੰਜਾਬ ਦੀ ਜ਼ਮੀਨ ਬੰਜਰ ਹੋ ਕੇ ਰਹਿ ਜਾਵੇਗੀ। ਉਨਾ ਦੱਸਿਆ ਕਿ ਕੁਦਰਤੀ ਖੇਤੀ ਰਾਂਹੀ ਨਾ ਤਾਂ ਫਸਲਾਂ ਦਾ ਝਾੜ ਘਟਦਾ ਹੈ ਤੇ ਨਾ ਹੀ ਫਲ ਫਰੂਟ ਜਾਂ ਸਬਜੀਆਂ ਦੀ ਵਿਕਰੀ ਜਾਂ ਆਮਦਨ ਦਾ ਕੋਈ ਫਰਕ ਪੈਂਦਾ ਹੈ ਪਰ ਫਿਰ ਵੀ ਅਸੀਂ ਜਿਆਦਾ ਪੈਸਾ ਕਮਾਉਣ ਦੀ ਹੌੜ ’ਚ ਕਦੇ ਇਹ ਨਹੀਂ ਸੋਚਿਆ ਕਿ ਮਾਰੂ ਜ਼ਹਿਰਾਂ ਨਾਲ ਤਿਆਰ ਕੀਤੀਆਂ ਫਸਲਾਂ, ਸਬਜੀਆਂ ਜਾਂ ਫਲ ਸਾਡੀ ਸਿਹਤ ਲਈ ਐਨੇ ਕੁ ਹਾਨੀਕਾਰਕ ਸਿੱਧ ਹੋ ਰਹੇ ਹਨ ਕਿ ਅਸੀਂ ਆਪਣੀ ਆਮਦਨ ਨਾਲੋਂ ਜਿਆਦਾ ਪੈਸਾ ਇਲਾਜ ਵਾਸਤੇ ਡਾਕਟਰਾਂ ਨੂੰ ਦੇਣ ਲਈ ਮਜਬੂਰ ਹਾਂ। ਭਾਈ ਘੋਲੀਆ ਨੇ ਦੱਸਿਆ ਕਿ ਜੇਕਰ ਸਮੇਂ ਦੀਆਂ ਸਰਕਾਰਾਂ, ਪ੍ਰਸ਼ਾਸ਼ਨ, ਖੇਤੀਬਾੜੀ ਵਿਭਾਗ, ਸਮਾਜਸੇਵੀ ਸੰਸਥਾਵਾਂ ਤੇ ਧਾਰਮਿਕ ਜਥੇਬੰਦੀਆਂ ਉਪਰਾਲਾ ਕਰਨ ਤਾਂ ਕਿਸਾਨ ਵਰਗ ਦੁਬਾਰਾ ਫਿਰ ਆਰਗੈਨਿਕ ਜਾਂ ਕੁਦਰਤੀ ਖੇਤੀ ਵੱਲ ਮੁੜਨਾ ਚਾਹੁੰਦਾ ਹੈ। ਉਨਾ ਦਾਅਵਾ ਕੀਤਾ ਕਿ ਕੁਦਰਤੀ ਖੇਤੀ ਨਾਲ ਤਿਆਰ ਕੀਤੀ ਕਣਕ, ਫਲ ਜਾਂ ਸਬਜੀਆਂ ਦੀ ਵਰਤੋਂ ਕਰਨ ਨਾਲ ਡਾਕਟਰਾਂ ਕੋਲ ਜਾਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਿੰਦਰ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ ਮੀਤਾ ਆਦਿ ਵੀ ਹਾਜ਼ਰ ਸਨ।