ਵਾਰਡ ਨੰ: 15 ਦੇ ਨਿਵਾਸੀਆਂ ਨੇ ਖੋਲਿਆ ਚਿੱਟੇ ਖਿਲਾਫ ਮੋਰਚਾ,ਨਸ਼ਿਆਂ ਦੇ ਸੌਦਾਗਰਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਲਿਆ ਫੈਸਲਾ-:ਪਰੇਮ ਚੱਕੀ ਵਾਲਾ

ਮੋਗਾ,10 ਜੁਲਾਈ (ਜਸ਼ਨ)-ਵਾਰਡ ਨੰ: 15 ਦੇ ਸਮੂਹ ਮੁਹੱਲਾ ਨਿਵਾਸੀਆਂ ਦੀ ਵਿਸ਼ੇਸ਼ ਬੈਠਕ ਕੌਂਸਲਰ ਪ੍ਰੇਮ ਚੱਕੀ ਵਾਲਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਪੰਜਾਬ ਵਿਚ ਤੇਜ਼ੀ ਨਾਲ ਵੱਧ ਰਹੇ ਚਿੱਟੇ ਦੇ ਨਸ਼ੇ ਦੇ ਖਿਲਾਫ ਰੂਪ ਰੇਖਾ ਤਿਆਰ ਕੀਤੀ ਗਈ ਹੈ। ਕੌਂਸਲਰ ਪ੍ਰੇਮ ਚੱਕੀ ਵਾਲਾ ਨੇ ਦੱਸਿਆ ਕਿ ਵਾਰਡ ਵਿਚ ਨਸ਼ਿਆਂ ਰੂਪੀ ਬੁਰਾਈ ਨੂੰ ਖਤਮ ਕਰਨ ਦੇ ਲਈ ਵਿਚਾਰ ਵਟਾਂਦਰਾ ਕਰਦੇ ਹੋਏ ਸਾਰੇ ਲੋਕਾਂ ਨੇ ਸਰਵਸੰਮਤੀ ਨਾਲ ਇਸ ਨਸ਼ੇ ਨੂੰ ਵੇਚਣ ਅਤੇ ਕਰਨ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। ਉਨਾਂ ਕਿਹਾ ਕਿ ਇਸ ਸਬੰਧ ਵਿਚ ਲੋਕਾਂ ਤੋਂ ਸੁਝਾਅ ਮੰਗੇ ਗਏ ਹਨ। ਉਨਾਂ ਦੱਸਿਆ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਸਰਕਾਰ ਆਪਣੇ ਤੌਰ ਤੇ ਨਸ਼ਾ ਖਤਮ ਨਹੀਂ ਕਰ ਸਕਦੀ। ਚਾਹੇ ਮੁੱਖ ਮੰਤਰੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ ਤੇ ਰੱਖ ਕੇ ਕਸਮ ਖਾਧੀ ਸੀ ਕਿ ਉਹ 40 ਦਿਨਾਂ ਵਿਚ ਨਸ਼ਾ ਖਤਮ ਕਰ ਦੇਣਗੇ। ਉਨਾਂ ਕਿਹਾ ਕਿ ਭਿ੍ਰਸ਼ਟਾਚਾਰ ਦੇ ਦੌਰ ਵਿਚ ਲਾਲਚ ਵਿਚ ਨਸ਼ਾ ਵੇਚਣ ਵਾਲੇ ਲੋਕ ਪੁਲਿਸ ਨਾਲ ਮਿਲ ਕੇ ਨਸ਼ਾ ਵੇਚਦੇ ਹਨ। ਉਨਾਂ ਕਿਹਾ ਕਿ ਸਾਰੇ ਪੁਲਿਸ ਮੁਲਾਜ਼ਮ ਭਿ੍ਰਸ਼ਟਾਚਾਰ ਨਹੀਂ ਹੋ ਸਕਦੇ, ਪਰ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਲੋਕਾਂ ਨੂੰ ਖੁਦ ਇਕੱਠੇ ਹੋ ਕੇ ਇਸ ਨਸ਼ੇ ਨੂੰ ਬੰਦ ਕਰਵਾਉਣ ਦੇ ਲਈ ਹੱਲਾ ਬੋਲਣਾ ਪਵੇਗਾ। ਵਾਰਡ ਵਾਸੀਆਂ ਨੇ ਸਰਵਸੰਮਤੀ ਨਾਲ 12 ਮੈਂਬਰੀ ਕਮੇਟੀ ਬਣਾਈ, ਜੋ ਵਾਰਡ ਵਿਚ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ੇ ਦੀ ਲਤ ਤੋਂ ਕੱਢ ਕੇ ਉਨਾਂ ਦਾ ਇਲਾਜ ਆਪਣੇ ਖਰਚੇ ਤੇ ਕਰਵਾਏਗੀ। ਇਸ ਮੌਕੇ ਰਾਜਵੀਰ ਸਿੰਘ ਅਰੋੜਾ, ਸੰਜੀਵ ਨਰੂਲਾ, ਜਤਿੰਦਰ ਸਿੰਘ ਬੇਦੀ, ਜਗਰਾਜ ਸਿੰਘ ਕੰਡਾ, ਹਰਸ਼ ਗੋਇਲ, ਅਨਿਰੁਣ ਗੋਇਲ, ਬਿੱਲੂ, ਰਾਕੇਸ਼ ਬੰਟੀ, ਸੁਖਪਾਲ ਪਾਲੀ, ਕਮਲਜੀਤ ਸਿੰਘ ਸਿੱਧੂ, ਪੱਪੂ, ਕੁਲਵੰਤ ਸਿੰਘ ਕਾਂਤੀ, ਰਾਮ ਪ੍ਰਕਾਸ਼, ਵਿੱਕੀ, ਪ੍ਰੀਤਮ ਸਿੰਘ, ਨਛੱਤਰ ਸਿੰਘ, ਗੁਰਮੀਤ ਬਰਾੜ, ਡਾ. ਬੱਤਰਾ, ਜਸਵੰਤ ਸਿੰਘ ਬੇਦੀ, ਜਗਦੀਸ਼ ਲਾਲ ਦੇ ਇਲਾਵਾ ਹੋਰ ਮੁਹੱਲਾ ਵਾਸੀ ਹਾਜ਼ਰ ਸਨ।