‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡਾਂ ‘ਚ ਲਗਾਏ ਜਾ ਰਹੇ ਹਨ ਜਾਗਰੂਕਤਾ ਕੈਂਪ

ਮੋਗਾ 10 ਜੁਲਾਈ(ਜਸ਼ਨ)-ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ਮਿਸ਼ਨ ਤੰਦਰੁਸਤ ਪੰਜਾਬ‘ ਅਧੀਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਸ਼ੁੱਧ ਅਤੇ ਸੁਰੱਖਿਅਤ ਪੀਣ ਯੋਗ ਪਾਣੀ ਲੋੜੀਂਦੀ ਮਾਤਰਾ ‘ਚ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਨਾ ਕਰਨ, ਪਾਣੀ ਦੇ ਕੁਨੈਕਸ਼ਨਾਂ ਦੀਆਂ ਟੂਟੀਆਂ ਲਗਾਉਣ ਅਤੇ ਟੂੱਲੂ ਪੰਪ ਨਾ ਲਗਾਉਣ ਲਈ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੋਗਾ ਜੇ.ਐਸ. ਚਾਹਲ ਨੇ ਦੱਸਿਆ ਕਿ ਇਨਾਂ ਜਾਗਰੂਕਤਾ ਕੈਂਪਾਂ ਦੌਰਾਨ ਵਿਭਾਗ ਦੇ ਅਧਿਕਾਰੀਆਂ/ਕ੍ਰਮਚਾਰੀਆਂ ਵੱਲੋਂ ਪਿੰਡਾਂ ਵਿੱਚ ਘਰ-ਘਰ ਜਾ ਕੇ ਜਿੱਥੇ ਨਿੱਜੀ ਕੁਨੈਕਸ਼ਨ ਚੈੱਕ ਕੀਤੇ ਜਾ ਰਹੇ ਹਨ, ਉੱਥੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਾਂਭ-ਸੰਭਾਲ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਭਾਗ ਵੱਲੋਂ ਜ਼ਿਲੇ ਦੇ ਪਿੰਡਾਂ ‘ਚ 124 ਵਾਟਰ ਵਰਕਸ, 96 ਆਰ.ਓ ਅਤੇ 134 ਘਰਾਂ ਦੇ ਪਾਣੀ ਦੇ ਸੈਂਪਲ ਟੈਸਟ ਕੀਤੇ ਗਏ ਅਤੇ ਪਾਣੀ ਪੀਣ ਯੋਗ ਪਾਇਆ ਗਿਆ। ਉਨਾਂ ਇਸ ਬਾਰੇ ਵਿਸਥਾਰ ਪੂਰਵਿਕ ਵੇਰਵਾ ਦਿੰਦਿਆਂ ਦੱਸਿਆ ਕਿ ਬਲਾਕ ਮੋਗਾ-1 ਵਿੱਚ 19 ਵਾਟਰ ਵਰਕਸ, 16 ਆਰ.ਓ ਅਤੇ 18 ਘਰਾਂ ਦੇ ਪਾਣੀ ਦੇ ਸੈਂਪਲ ਟੈਸਟ ਕੀਤੇ ਗਏ। ਇਸੇ ਤਰਾਂ ਬਲਾਕ ਮੋਗਾ-2 ਦੇ 25 ਵਾਟਰ ਵਰਕਸ, 12 ਆਰ.ਓ ਅਤੇ 34 ਘਰਾਂ, ਬਲਾਕ ਬਾਘਾਪੁਰਾਣਾ ਦੇ 30 ਵਾਟਰ ਵਰਕਸ, 30 ਆਰ.ਓ ਅਤੇ 31 ਘਰਾਂ, ਬਲਾਕ ਨਿਹਾਲ ਸਿੰਘ ਵਾਲਾ ਦੇ 38 ਵਾਟਰ ਵਰਕਸ, 32 ਆਰ.ਓ ਅਤੇ 34 ਘਰਾਂ ਅਤੇ ਬਲਾਕ ਧਰਮਕੋਟ ਦੇ 12 ਵਾਟਰ ਵਰਕਸ, 6 ਆਰ.ਓ ਅਤੇ 17 ਘਰਾਂ ਦੇ ਪਾਣੀ ਦੇ ਸੈਂਪਲ ਟੈਸਟ ਕੀਤੇ ਗਏ ਅਤੇ ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਮਹੱਤਤਾ ਅਤੇ ਪਾਣੀ ਦੀ ਦੁਰਵਰਤੋਂ ਰੋਕਣ ਬਾਰੇ ਜਾਗਰੂਕ ਕੀਤਾ ਗਿਆ। ਕਾਰਜਕਾਰੀ ਇੰਜੀਨੀਅਰ ਸ੍ਰੀ ਚਾਹਲ ਨੇ ਹੋਰ ਦੱਸਿਆ ਕਿ ਇਨਾਂ ਕੈਂਪਾਂ ਦੌਰਾਨ ਪਿੰਡ ਵਾਸੀਆਂ ਨੂੰ ਪਾਣੀ ਦੀ ਕਲੋਰੀਨੇਸ਼ਨ ਦੀ ਮਹਤੱਤਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਪੰਪ ਓਪਰੇਟਰਾਂ ਨੂੰ ਵੀ ਹਦਾਇਤ ਕੀਤੀ ਜਾ ਰਹੀ ਹੈ ਕਿ ਉਹ ਪੀਣ ਵਾਲੇ ਪਾਣੀ ਦੀ ਕਲੋਰੀਨੇਸ਼ਨ ਨੂੰ ਯਕੀਨੀ ਬਣਾਉਣ। ਉਨਾਂ ਦੱਸਿਆ ਕਿ ਲੋਕਾਂ ਨੂੰ ਖੁੱਲੇ ਵਿੱਚ ਪਖਾਨਾ ਨਾ ਜਾਣ ਬਾਰੇ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ, ਕਿਉਂਕਿ ਖੁੱਲੇ ਵਿੱਚ ਪਖਾਨੇ ਜਾਣ ਨਾਲ ਗੰਦਗੀ ਫੈਹੈ ਜਿਸ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ, ਇਸ ਲਈ ਲੋਕਾਂ ਨੂੰ ਖੁੱਲੇ ਵਿੱਚ ਪਖਾਨੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਆਪਣੇ ਘਰਾਂ ਅਤੇ ਜਨਤਕ ਸਥਾਨਾਂ ‘ਤੇ ਪੂਰੀ ਤਰਾਂ ਸਾਫ਼-ਸਫਾਈ ਰੱਖਣ ਅਤੇ ਕੂੜਾ ਕਰਕੱਟ ਨੂੰ ਸਹੀ ਥਾਵਾਂ ‘ਤੇ ਹੀ ਰੱਖਣ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।