ਨਸ਼ਾ ਵਿਰੋਧੀ ਮਾਰਚ ਦੌਰਾਨ ਨੌਜਵਾਨਾਂ ਅਤੇ ਬੱਚਿਆਂ ਨੂੰ ਪੜਾਇਆ ਗਿਆ ਨੈਤਿਕਤਾ ਦਾ ਪਾਠ

ਕੋਟਕਪੂਰਾ,10 ਜੁਲਾਈ (ਪੱਤਰ ਪਰੇਰਕ) :- ਬੱਚਿਆਂ ਤੇ ਨੌਜਵਾਨਾਂ ਨੂੰ ਨੈਤਿਕਤਾ ਦਾ ਪਾਠ ਪੜਾਉਣ, ਸ਼ਾਨਾਮੱਤੇ ਇਤਿਹਾਸ,ਸੱਭਿਆਚਾਰ ਅਤੇ ਅਮੀਰ ਵਿਰਸੇ ਨਾਲ ਜੋੜਨ ਲਈ ਯਤਨਸ਼ੀਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਵਾੜਾਦਰਾਕਾ ਵੱਲੋਂ ਨਗਰ ਪੰਚਾਇਤ, ਸੁਖਮਨੀ ਸੇਵਾ ਸੁਸਾਇਟੀ, ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਮਾਰਚ ਕੱਢਿਆ ਗਿਆ,ਜਿਸ ਵਿੱਚ ਭਾਰੀ ਗਿਣਤੀ ’ਚ ਨੋਜਵਾਨ ਬੱਚੇ-ਬੱਚੀਆਂ ਅਤੇ ਮਰਦ/ਔਰਤਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਮਾਰਚ ਦੀ ਸ਼ੁਰੂਆਤ ਤੋਂ ਪਹਿਲਾਂ ਪੰਥ ਪ੍ਰਸਿੱਧ ਪ੍ਰਚਾਰਕ ਭਾਈ ਰਣਜੀਤ ਸਿੰਘ ਟੋਨੀ ਨੇ ਨਸ਼ਿਆਂ ਸਬੰਧੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਨਸ਼ੇ ਨੂੰ ਰੋਕਣ ਦੀ ਸ਼ੁਰੂਆਤ ਅਸੀਂ ਆਪਣੇ ਘਰਾਂ ਤੋਂ ਕਰੀਏ, ਜਿਸ ਦਾ ਸਭ ਤੋਂ ਉਤਮ ਅਤੇ ਸਾਰਥਿਕ ਹੱਲ ਗੁਰੂ ਸਾਹਿਬਾਨ ਵੱਲੋਂ ਦਰਸਾਇਆ ਮਾਰਗ, ਆਪਣਾ ਸਿੱਖ ਵਿਰਸਾ, ਗੁਰਬਾਣੀ ਦੇ ਸੱਚ ਅਤੇ ਸਿਧਾਂਤ ਨੂੰ ਅਪਣਾਉਣਾ ਹੈ। ਗੁਰਬਾਣੀ ਦੀਆਂ ਅਨੇਕਾਂ ਪੰਗਤੀਆਂ ਦੀਆਂ ਮਿਸਾਲਾਂ ਦਿੰਦਿਆਂ ਭਾਈ ਟੋਨੀ ਨੇ ਆਖਿਆ ਕਿ ਜੇਕਰ ਅਸੀਂ ਗੁਰਬਾਣੀ ਵਿਚਾਰ ਆਪਣੇ ਬੱਚਿਆਂ ਨੂੰ ਵਿਸਥਾਰ ਸਹਿਤ ਸਮਝਾ ਕੇ ਖੁਦ ਵੀ ਅਪਣਾਉਂਦੇ ਤਾਂ ਅੱਜ ਇਹ ਨੌਬਤ ਨਾ ਆਉਂਦੀ।

ਨਸ਼ਾ ਵਿਰੋਧੀ ਮਾਰਚ ਦੌਰਾਨ ਸਥਾਨਕ ਸਦਰ ਥਾਣੇ ਦੇ ਮੁਖੀ ਮੁਖਤਿਆਰ ਸਿੰਘ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਚਾਰਕਾਂ ਗੁਰਸੇਵਕ ਸਿੰਘ, ਗੁਰਤੇਜ ਸਿੰਘ, ਨਰਿੰਦਰਪਾਲ ਸਿੰਘ, ਸੁਖਦੀਪ ਸਿੰਘ ਸੰਧੂ, ਗਗਨਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੈਡੀਕਲ ਪੈ੍ਰਕਟੀਸ਼ਨਰ ਯੂਨੀਅਨ ਬਲਾਕ ਖਾਰਾ ਦੇ ਸਮੂਹ ਅਹੁਦੇਦਾਰਾਂ ਦਾ ਵੀ ਭਰਪੂਰ ਸਹਿਯੋਗ ਰਿਹਾ।