ਪੰਜਾਬ ਪੈਨਸ਼ਨਰਜ਼ ਯੂਨੀਅਨ ਨੇ 70,75 ਅਤੇ 80 ਸਾਲ ਵਾਲੇ ਪੈਨਸ਼ਨਰ ਸਨਮਾਨਿਤ ਕੀਤੇ

ਮੋਗਾ,10 ਜੁਲਾਈ (ਜਸ਼ਨ)-ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਰਜਿ: (ਏਟਕ) ਇਕਾਈ ਮੋਗਾ ਦੀ ਮਹੀਨਾਵਾਰ ਮੀਟਿੰਗ ਕਾ. ਸਤੀਸ਼ ਲੂੰਬਾ ਭਵਨ ਮੋਗਾ ਵਿਚ ਜਥੇਬੰਦੀ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਡਗਰੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਡਗਰੂ ਨੇ ਦੱਸਿਆ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਨਿਪਟਾਰਾ ਨਹੀਂ ਕਰ ਰਹੀ। ਇਸ ਮੌਕੇ ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਸਿਆਸੀ ਹਸਤੀਆਂ, ਧਾਰਮਿਕ ਹਸਤੀਆਂ, ਪਿਛਲੀ ਸਰਕਾਰ ਵੇਲੇ ਦੀ ਮੰਤਰੀਆਂ ਵਿਧਾਇਕਾਂ, ਬਾਦਲ ਪਰਿਵਾਰ ਆਦਿ ਨੂੰ ਗੱਡੀਆਂ, ਗੱਡੀਆਂ ਲਈ ਪੈਟਰੋਲ ਅਤੇ ਹੋਰ ਸਹੂਲਤਾਂ ਦੇ ਕੇ ਖਜ਼ਾਨੇ ਦਾ ਧੂੰਆਂ ਕੱਢਿਆ ਜਾ ਰਿਹਾ ਹੈ ਪਰ ਮੁਲਾਜ਼ਮਾਂ / ਪੈਨਸ਼ਨਰਾਂ ਦੇ ਬਣਦੇ ਹੱਕ ਵੀ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਦੀ ਪੈਨਸ਼ਨ ਤਾਂ ਬਿਨਾਂ ਰੋਕ ਟੋਕ ਮਿਲ ਰਹੀ ਹੈ ਪਰ ਨਿਗੂਣੀ ਜਿਹੀ ਮਿਲ ਰਹੀ ਬੁੱਢਾਪਾ ਪੈਨਸ਼ਨ ਲਈ ਲੋਕਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਖਬਰਾਂ ਮੁਤਾਬਕ ਸਰਕਾਰ ਸਿਆਸੀ ਅਤੇ ਧਾਰਮਿਕ ਹਸਤੀਆਂ ਨੂੰ ਤਾਂ ਨਵੀਆਂ ਗੱਡੀਆਂ ਲੈ ਕੇ ਦੇ ਰਹੀ ਹੈ ਪਰ ਮੁਲਾਜ਼ਮਾਂ ਲਈ ਖਜ਼ਾਨਾ ਖਾਲੀ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨ ਹਰ ਇਕ ਨੂੰ ਮਿਲਣੀ ਚਾਹੀਦੀ ਹੈ ਅਤੇ ਸਮੇਂ ਸਿਰ ਮਿਲਣੀ ਚਾਹੀਦੀ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਹਰ ਨਾਗਰਿਕ ਨੂੰ 58 ਸਾਲ ਦੀ ਉਮਰ ਤੋਂ ਪੈਨਸ਼ਨ ਮਿਲੇ ਅਤੇ ਉਹ ਮੁਲਾਜ਼ਮਾਂ ਵਾਂਗ ਮਿਨੀਮਮ ਪੈਨਸ਼ਨ ਦੇ ਨਿਯਮ ਅਨੁਸਾਰ ਜ਼ਰੂਰ ਮਿਲੇ। ਵਧਦੀ ਮਹਿੰਗਾਈ ਅਨੁਸਾਰ ਹੇਠਲੇ ਵਰਗ ਦੇ ਮੁਲਾਜ਼ਮਾਂ/ ਪੈਨਸ਼ਨਰਾਂ ਨੂੰ ਪਹਿਲਾਂ ਦਿੱਤਾ ਜਾਵੇ ਅਤੇ ਸਲੈਬ ਅਨੁਸਾਰ ਹੇਠਲੇ ਮੁਲਾਜ਼ਮਾਂ ਲਈ ਵੱਧ ਅਤੇ ਉੱਪਰਲਿਆਂ ਲਈ ਘੱਟ ਹੋਵੇ। ਤਨਖਾਹ ਕਮਿਸ਼ਨ ਦੀ ਰਿਪੋਰਟ ਲੈ ਕੇ ਜਲਦੀ ਲਾਗੂ ਕੀਤੀ ਜਾਵੇ। ਕਿਉਂ ਕਿ ਕੇਂਦਰ ਦੇ ਮੁਲਾਜ਼ਮ ਤਾਂ ਸੱਤਵਾਂ ਤਨਖਾਹ ਕਮਿਸ਼ਨ ਵੀ ਲੈ ਚੁੱਕੇ ਹਨ ਪਰ ਪੰਜਾਬ ਵਿਚ ਛੇਵੇਂ ਲਈ ਮੁਲਾਜ਼ਮ ਸੰਘਰਸ਼ ਕਰ ਰਹੇ ਹਨ। ਮੀਟਿੰਗ ਉਪਰੰਤ 70 ਸਾਲ ਦੀ ਉਮਰ ਤੱਕ ਜਥੇਬੰਦੀ ਦੇ ਮੈਂਬਰ ਵਜੋਂ ਕੰਮ ਕਰਨ ਵਾਲੇ ਮੱਘਰ ਸਿੰਘ ਇੰਸਪੈਕਟਰ, ਕਰਨੈਲ ਸਿੰਘ ਸਬਇੰਸਪੈਕਟਰ, ਗੁਰਨਾ ਸਿੰਘ, ਪਾਲ ਸਿੰਘ ਅਤੇ 75 ਸਾਲ ਦੀ ਉਮਰ ਤੱਕ ਵਾਲੇ ਗੁਰਬਖਸ਼ ਸਿੰਘ ਭੇਖਾ, ਵੀਰ ਸਿੰਘ, ਤੇਜਿੰਦਰਪਾਲ ਸਿੰਘ, 80 ਸਾਲ ਦੀ ਉਮਰ ਪੂਰੀ ਕਰਨ ਵਾਲੇ ਅਮਰ ਸਿੰਘ ਡਰਾਇਵਰ ਮਹਿਣਾ ਨੂੰ ਸਨਮਾਨ ਚਿੰਨ ਅਤੇ ਲੋਈ ਦੇ ਕੇ, ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।  ਇਸ ਮੀਟਿੰਗ ਵਿਚ ਬਚਿੱਤਰ ਸਿੰਘ ਧੋਥੜ, ਜਗਦੀਸ਼ ਸਿੰਘ ਚਾਹਲ, ਬੂਟਾ ਸਿੰਘ ਭੱਟੀ, ਪੋਹਲਾ ਸਿੰਘ ਬਰਾੜ, ਬਲਜੀਤ ਸਿੰਘ ਜਲਾਲਾਬਾਦ, ਅਜਮੇਰ ਸਿੰਘ ਦੱਦਾਹੂਰ, ਭੂਪਿੰਦਰ ਸੇਖੋਂ, ਨੱਥੂ ਰਾਮ, ਪ੍ਰੇਮ ਕੁਮਾਰ, ਜਸਪਾਲ ਸਿੰਘ ਪਾਲੀ ਆਦਿ ਵੀ ਹਾਜ਼ਰ ਸਨ।