ਪਿੰਡ ਭਲੂਰ ਵਿਚੋਂ ਨੌਜਵਾਨਾਂ ਨੇ ਤੰਬਾਕੂ ਸਮੇਤ ਸਾਰੇ ਨਸ਼ੇ ਦੀ ਵਿਕਰੀ ਕੀਤੀ ਬੰਦ,ਪਿੰਡ ਵਾਸੀਆਂ ਆਖਿਆ ਨਸ਼ੇ ਦੇ ਤਸਕਰਾ ਨੂੰ ਦੇਵਾਂਗੇ ਲੋਕਾਂ ਦੀ ਕਚਹਿਰੀ ਵਿੱਚ ਸਜ਼ਾ,ਤਸਕਰਾਂ ਨੂੰ ਪਈਆਂ ਭਾਜੜਾਂ

ਨੱਥੂਵਾਲਾ ਗਰਬੀ , 9 ਜੁਲਾਈ (ਪੱਤਰ ਪਰੇਰਕ)-ਪੰਜਾਬ ਵਿੱਚ ਚੱਲ ਰਹੀ ਨਸ਼ੇ ਦੀ ਹਨੇਰੀ ਵਿੱਚ  ਹੁਣ ਤੱਕ 50 ਦੇ ਕਰੀਬ ਨੌਜਵਾਨਾਂ ਦਾ ਫਨਾਹ ਹੋ ਜਾਣਾ ਬਹੁਤ ਹੀ ਦੁੱਖਦਾਈ ਅਤੇ ਸ਼ਰਮਨਾਕ ਗੱਲ ਹੈ ਜੋ ਕਿ ਪੰਜਾਬੀਆਂ ਦੇ ਮੱਥੇ ਤੇ ਕਿਸੇ ਕਲੰਕ ਤੋਂ ਘੱਟ ਨਹੀ ਹੈ। ਇਸ ਗੱਲ ਅਤੇ ਆਉਣ ਵਾਲੇ ਖਤਰੇ ਨੂੰ ਭਾਪਦੇ ਹੋਏ ਪਿੰਡ ਭਲੂਰ (ਮੋਗਾ) ਦੇ ਨੌਜਵਾਨਾਂ ਨੇ ਲੋਕ ਜਾਗਰੂਕਤਾ ਕਮੇਟੀ ਭਲੂਰ ਦੇ ਨਾਮ ਹੇਠ ਇਕੱਤਰ ਹੋ ਕੇ ਪਿੰਡ ਵਿੱਚੋਂ ਤੰਬਾਕੂ ਨਾਲ ਸਬੰਧਿਤ ਹਰ ਚੀਜ਼ (ਬੀੜੀ ,ਸਿਗਰਟ,ਜਰਦਾ ,ਖੈਨੀ ਆਦਿ),ਸੁੱਖੇ(ਭੰਗ) ਤੇ ਪਕੌੜੇ ਅਤੇ ਮੈਡੀਕਲ ਨਸ਼ਾਂ ਅਤੇ ਚਿੱਟੇ ਦੀ ਵਿੱਕਰੀ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ ।ਪਿੰਡ ਵਿੱਚ ਸਾਰੀਆਂ ਸਮਾਜ ਸੇਵੀ ਕਲੱਬਾਂ ਅਤੇ ਗ੍ਰਾਮ ਪੰਚਾਇਤ ਦੇ ਸ਼ਮਸ਼ਾਨਘਾਟ ਪਾਰਕ ਵਿੱਚ ਹੋਏ ਸਾਂਝੇ ਇਕੱਠ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕੋਈ ਵੀ ਦੁਕਾਨਦਾਰ,ਡਾਕਟਰ ਜਾਂ ਮੈਡੀਕਲ ਸਟੋਰ ਵਾਲਾ ਇਹ ਜੇਕਰ ਵਸਤੂਆਂ ਵੇਚਦਾ ਫੜਿਆ ਜਾਂਦਾ ਹੈ ਉਸ ਨੂੰ ਪੰਜ ਹਜਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਨਾਲ ਹੀ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ।ਇਸ ਤੋਂ ਇਲਾਵਾ ਜੋ ਨਸ਼ੇ ਦੇ ਸੌਦਾਗਰ ਦੂਸਰੇ ਪਿੰਡਾਂ ਤੋਂ ਆ ਕੇ ਪਿੰਡ ਵਿੱਚ ਚਿੱਟੇ ਦੀ ਸਪਲਾਈ ਕਰਦੇ ਹਨ ਉਨਾ੍ਹ ਤੇ ਸਖਤ ਨਿਗਾ੍ਹ ਰੱਖੀ ਜਾ ਰਹੀ ਹੈ ਜੇਕਰ ਕੋਈ ਤਸਕਰ ਫੜਿਆਂ ਜਾਂਦਾ ਹੈ ਤਾਂ ਉਸ ਨੂੰ ਪਹਿਲਾ ਲੋਕਾਂ ਦੀ ਕਚਹਿਰੀ ਵਿੱਚ ਸਜਾ ਦਿੱਤੀ ਜਾਵੇਗੀ ਫਿਰ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ ।ਇਸ ਮਿਸ਼ਨ ਨੂੰ ਕਾਮਯਾਬ ਕਰਨ ਵਾਸਤੇ ਪਿੰਡ ਭਲੂਰ ਦੇ ਕਰੀਬ 150 ਨੌਜਵਾਨ ਅੱਗੇ ਆ ਚੁੱਕੇ ਹਨ।ਇਸ ਤੋਂ ਇਲਾਵਾ ਪਿੰਡ ਭਲੂਰ ਦਾ ਜੋ ਵੀ ਨੌਜਵਾਨ ਚਿੱਟੇ ਦਾ ਸੇਵਨ ਕਰਦਾ ਹੈ ਉਸ ਦੀ ਨਸ਼ਾਂ ਛੱਡਣ ਵਿੱਚ ਕਮੇਟੀ ਹਰ ਕਿਸਮ ਦੀ ਮਦਦ ਕਰੇਗੀ। ਪਿੰਡ ਭਲੂੁਰ ਦੇ ਨੌਜਵਾਨਾਂ ਦੇ ਇਸ ਉਪਰਾਲੇ ਦੀ ਇਲਾਕੇ ਵਿੱਚ ਵੱਡੀ ਪੱਧਰ ਤੇ ਚਰਚਾ ਹੋ ਰਹੀ ਹੈ ਅਤੇ ਲੋਕ ਇਸ ਫੈਸਲੇ ਦੀ ਸ਼ਲਾਘਾ ਕਰ ਰਹੇ ਹਨ।