ਭਾਕਿਯੂ ਰਾਜੇਵਾਲ ਨੇ ਕੇਂਦਰ ਸਰਕਾਰ ਵਲੋਂ ਤੈਅ ਕੀਤੇ ਝੋਨੇ ਦੇ ਭਾਅ ਨੂੰ ਕੀਤਾ ਮੁੱਢੋਂ ਰੱਦ

ਸਾਦਿਕ, 9 ਜੁਲਾਈ (ਰਘਬੀਰ ਸਿੰਘ) :- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਜ਼ਿਲਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿਚ ਅਹਿਮ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਿੰਦਰ ਸਿੰਘ ਗੋਲੇਵਾਲਾ ਜ਼ਿਲਾ ਪ੍ਰਧਾਨ ਫਰੀਦਕੋਟ ਨੇ ਕਿਹਾ ਕਿ ਜਥੇਬੰਦੀ ਨਸ਼ਿਆਂ ਵਿਚ ਡੁੱਬਦੀ ਜਾ ਰਹੀ ਜਵਾਨੀ ਤੋਂ ਹਮੇਸ਼ਾ ਚਿੰਤਤ ਰਹੀ ਹੈ ਤੇ ਸਭ ਤੋਂ ਪਹਿਲਾਂ ਸੜਕਾਂ ਕਿਨਾਰੇ ਖੜੇ ਪੋਸਤ ਦੇ ਬੂਟੈ ਖਤਮ ਕਰਨ ਦੀ ਮੁਹਿੰਮ ਵੀ ਇਸੇ ਜਥੇਬੰਦੀ ਨੇ ਸ਼ੁਰੂ ਕੀਤੀ ਸੀ ਤੇ ਹੁਣ ਵੀ ਪਿੰਡ ਪਿੰਡ ਨਸ਼ਿਆਂ ਵਿਚ ਮੁਹਿੰਮ 15 ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ। । ਉਨਾਂ ਕਿਹਾ ਕਿ ਅਸੀਂ ਪਿੰਡ ਪਿੰਡ ਜਾ ਕੇ ਨਸ਼ੇ ਵਿਚ ਗਲਤਾਨ ਲੋਕਾਂ ਨੂੰ ਕੁੱਟਮਾਰ ਕਰਕੇ ਨਹੀਂ ਸਗੋਂ ਦਲੀਲਾਂ ਰਾਂਹੀ ਪ੍ਰੇਰਿਤ ਕਰਾਂਗੇ ਤੇ ਨਸ਼ੇ ਛੁਡਾਉਣ ਲਈ ਹਰ ਉਪਰਾਲਾ ਕਰਾਂਗੇ। ਜਥੇਬੰਦੀ ਨੇ ਕਿਸਾਨੀ ਮੁੱਦਿਆਂ ਦੇ ਨਾਲ ਨਾਲ ਪਹਿਲਾਂ ਵੀ ਸਫਲਤਾਪੂਰਵਕ ਉਸਾਰੂ ਲਹਿਰਾਂ ਚਲਾਈਆਂ ਤੇ ਲੋਕਾਂ ਨੂੰ ਕਿਸਾਨੀ ਹੱਕਾਂ ਲਈ ਤਰਕ ਦੇ ਅਧਾਰ ‘ਤੇ ਲੜਨ ਲਈ ਜਾਗਰੂਕ ਕੀਤਾ। ਇਕੱਠ ਨੂੰ ਗਮਦੂਰ ਸਿੰਘ ਸੰਗਰਾਹੂਰ ਜ਼ਿਲਾ ਸੀਨੀ.ਮੀਤ ਪ੍ਰਧਾਨ ਨੇ ਵੀ ਸੰਬੋਧਨ ਕੀਤਾ। ਬਿੰਦਰ ਸਿੰਘ ਨੇ ਕੇਂਦਰ ਸਰਕਾਰ ਵਲੋਂ ਤੈਅ ਕੀਤੇ ਝੋਨੇ ਦੇ ਭਾਅ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਸਰਕਾਰ ਨੇ ਜੋ ਝੋਨੇ ਅਤੇ ਨਰਮੇ ਦੇ ਭਾਅ ਵਿਚ ਨਿਗੂਣਾ ਵਾਧਾ ਕੀਤਾ ਹੈ ਉਹ ਸਹੀ ਡਾ. ਸਵਾਮੀ ਨਾਥਨ ਦੀ ਰਿਪੋਰਟ ਨਾਲ ਮੇਲ ਨਹੀਂ ਖਾਂਦਾ। ਖੇਤੀ ‘ਤੇ ਆਉਣ ਵਾਲੇ ਖ਼ਰਚੇ ਮਹਿੰਗੇ ਹੋਏ ਹਨ ਤੇ ਝੋਨੇ ਦੀ ਲੁਆਈ ਪਿਛਲੇ ਸਾਲ ਨਾਲੋਂ 1000 ਰੁਪਏ ਪ੍ਰਤੀ ਏਕੜ ਮਹਿੰਗੀ ਹੋ ਗਈ ਹੈ, ਡੀਜ਼ਲ ਦੇ ਰੇਟ ਅਸਮਾਨੀ ਚੜ ਚੁੱਕੇ ਹਨ, ਮਜ਼ਦੂਰ ਦੀ ਦਿਹਾੜੀ ਦੁੱਗਣੀ ਹੋ ਗਈ ਹੈ। ਉਕਤ ਖੇਤੀ ਦੇ ਇਨਾਂ ਖ਼ਰਚਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਅਤੇ ਸਰਕਾਰ ਨੇ ਖ਼ਰਚਿਆਂ ਦੇ ਅੰਕੜੇ ਆਪਣੇ ਹਿਸਾਬ ਨਾਲ ਤੋੜ ਮਰੋੜ ਕੇ ਪੇਸ਼ ਕੀਤੇ ਹਨ। ਕਿਸਾਨ ਆਗੂ ਨੇ ਕਿਹਾ ਕਿ ਜਿੰਨਾ ਚਿਰ ਸਰਕਾਰ ਕਿਸਾਨਾਂ ਮੁਤਾਬਿਕ 50 ਪ੍ਰਤੀਸ਼ਤ ਮੁਨਾਫ਼ਾ ਨਹੀਂ ਦਿੰਦੀ ਤਦ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਹਰਨੇਕ ਸਿੰਘ ਢਿੱਲੋਂ ਜ਼ਿਲਾ ਸਲਾਹਕਾਰ, ਚਰਨਜੀਤ ਸਿੰਘ ਜ਼ਿਲਾ ਸਕੱਤਰ, ਗੁਰਮੀਤ ਸਿੰਘ ਜ਼ਿਲਾ ਜਨਰਲ ਸਕੱਤਰ, ਨਿਸ਼ਾਨ ਸਿੰਘ ਮੋਰਾਂਵਾਲੀ, ਜਸਕਰਨ ਸਿੰਘ ਨੱਥਲਵਾਲਾ, ਨਿਰਮਲ ਸਿੰਘ ਚਹਿਲ ਤੇ ਨਛੱਤਰ ਸਿੰਘ ਬਲਾਕ ਪ੍ਰਧਾਨ ਵੀ ਆਗੂ ਹਾਜਰ ਸਨ।