ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ 7 ਵੋਲਵੋ ਬੱਸਾਂ ਨਵੀਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਵੱਲ ਆਉਣ-ਜਾਣ ਲੱਗੀਆਂ-: ਅਰੁਨਾ ਚੌਧਰੀ

ਚੰਡੀਗੜ, 8 ਜੁਲਾਈ(ਪੱਤਰ ਪਰੇਰਕ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਤੇ ਦਿਸ਼ਾ ਨਿਰਦੇਸ਼ਾਂ ਹੇਠ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਜਿੱਥੇ ਘਾਟੇ ਤੋਂ ਵੱਧ ਵੱਲ ਚੱਲ ਰਹੀ ਹੈ ਉਥੇ ਨਵੀਆਂ ਬੱਸਾਂ ਦੀ ਫਲੀਟ ਅਤੇ ਨਵੇਂ ਰੂਟ ਦੇ ਚੱਲਣ ਨਾਲ ਸੂਬਾਂ ਵਾਸੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ। ਪੀ.ਆਰ.ਟੀ.ਸੀ. ਵੱਲੋਂ ਪਰਵਾਸੀਆਂ ਪੰਜਾਬੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਪੰਜ ਵੱਡੇ ਸ਼ਹਿਰਾਂ ਤੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਵੱਲ ਆਉਣ-ਜਾਣ ਲਈ 7 ਵੋਲਵੋ ਬੱਸਾਂ ਚਲਾਈਆਂ ਗਈਆਂ ਹਨ ਜਿਸ ਨੂੰ ਜਬਰਦਸਤ ਹੁੰਗਾਰਾ ਮਿਲਿਆ ਹੈ। ਇਹ ਖੁਲਾਸਾ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਪਰਵਾਸੀ ਭਾਰਤੀ ਵੱਖ-ਵੱਖ ਦੇਸ਼ਾਂ ਦੀ ਉਡਾਣ ਫੜਨ ਲਈ ਨਵੀਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਜਾਂਦੇ ਹਨ। ਇਸ ਤੋਂ ਪਹਿਲਾਂ ਪੀ.ਆਰ.ਟੀ.ਸੀ. ਦੀ ਵੋਲਵੋ ਬੱਸ ਸਿਰਫ ਸਵਾਰੀਆਂ ਨੂੰ ਹਵਾਈ ਅੱਡੇ ’ਤੇ ਛੱਡ ਕੇ ਆਉਦੀ ਸੀ, ਉਥੋਂ ਸਵਾਰੀਆਂ ਨੂੰ ਲਿਆਉਣ ਦੀ ਆਗਿਆ ਨਹੀਂ ਸੀ। ਪੀ.ਆਰ.ਟੀ.ਸੀ. ਵੱਲੋਂ ਹੁਣ ਸੱਤ ਵੋਲਵੋ ਬੱਸਾਂ ਚਲਾਈਆਂ ਗਈਆਂ ਹਨ ਜਿਹੜੀਆਂ ਪਟਿਆਲਾ, ਜਲੰਧਰ, ਅੰਮਿ੍ਰਤਸਰ, ਲੁਧਿਆਣਾ ਤੇ ਹੁਸ਼ਿਆਰਪੁਰ ਤੋੋਂ ਹਵਾਈ ਅੱਡੇ ਨੂੰ ਜਾਂਦੀਆਂ ਹਨ ਅਤੇ ਉਥੋਂ ਸਵਾਰੀਆਂ ਲੈ ਕੇ ਵਾਪਸ ਆਉਦੀਆਂ ਹਨ। ਇਹ ਸੇਵਾ ਪਹਿਲੀ ਜੁਲਾਈ ਤੋਂ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਵਧੀਆ ਹੁੰਗਾਰਾ ਮਿਲਿਆ ਹੈ। ਉਨਾਂ ਕਿਹਾ ਕਿ ਇਸ ਨਾਲ ਹਵਾਈ ਅੱਡੇ ਜਾਣ ਵਾਲੇ ਪੰਜਾਬੀਆਂ ਨੂੰ ਸੌਖਾ ਵੀ ਹੋਇਆ ਅਤੇ ਨਿੱਜੀ ਵਾਹਨਾਂ ’ਤੇ ਜਾਣ ਦਾ ਖਰਚਾ ਵੀ ਘਟਿਆ ਹੈ। ਇਨਾਂ ਵੋਲਵੋ ’ਤੇ ਸਫਰ ਕਰਨ ਦੇ ਇਛੁੱਕ ਟਿਕਟਾਂ ਦੀ ਆਨ-ਲਾਈਨ ਬੁਕਿੰਗ ਕਰ ਸਕਦੇ ਹਨ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਜਨਤਕ ਬੱਸ ਸੇਵਾ ਨੂੰ ਪ੍ਰਫੁੱਲਤ ਕਰਨ ਦੇ ਇਰਾਦੇ ਤਹਿਤ ਪੀ.ਆਰ.ਟੀ.ਸੀ. ਵੱਲੋਂ ਨਿਵੇਕਲੇ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਵਿੱਚ 250 ਬੱਸਾਂ ਫਲੀਟ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ ਜਿਨਾਂ ਵਿੱਚੋਂ 150 ਕਿਲੋ ਮੀਟਰ ਸਕੀਮ ਅਤੇ 100 ਪੀ.ਆਰ.ਟੀ.ਸੀ. ਦੀਆਂ ਸ਼ਾਮਲ ਹਨ। ਉਨਾਂ ਦੱਸਿਆ ਕਿ ਆਉਦੇ ਸਮੇਂ ਵਿੱਚ 100 ਹੋਰ ਨਵੀਆਂ ਬੱਸਾਂ ਪੀ.ਆਰ.ਟੀ.ਸੀ. ਦੀ ਫਲੀਟ ਵਿੱਚ ਸ਼ਾਮਲ ਕੀਤੇ ਜਾਣ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ ਸੱਤ ਵਾਤਾਨਕੂਲ (ਐਚ.ਵੀ.ਏ.ਸੀ.) ਬੱਸਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨੂੰ ਚਲਾਈਆਂ ਜਾਣਗੀਆਂ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਨੂੰ ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ ਅਤੇ ਨਵੇਂ ਰੂਟਾਂ ਨੂੰ ਸ਼ਾਮਲ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦਾ ਕੋਈ ਵੀ ਪਿੰਡ, ਕਸਬਾ ਜਾਂ ਸ਼ਹਿਰ ਬੱਸ ਸੇਵਾ ਤੋਂ ਵਾਂਝਾ ਨਾ ਰਹਿ ਸਕੇ।