‘ਆਪਣੀਆਂ ਜੜਾਂ ਨਾਲ ਜੁੜੋ’ ਸਕੀਮ ਦੇ ਕੋਆਰਡੀਨੇਟਰ ਵਰਿੰਦਰ ਸਿੰਘ ਖੇੜਾ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ

ਚੰਡੀਗੜ, 8 ਜੁਲਾਈ(ਪੱਤਰ ਪਰੇਰਕ)-ਪੰਜਾਬ ਸਰਕਾਰ ਵੱਲੋਂ ‘ਆਪਣੀਆਂ ਜੜਾਂ ਨਾਲ ਜੁੜੋ’ ਸਕੀਮ ਤਹਿਤ ਨਿਯੁਕਤ ਕੀਤੇ ਸਥਾਨਕ ਕੋਆਰਡੀਨੇਟਰ ਤੇ ਬਰਤਾਨੀਆ ਤੋਂ ਐਨ.ਆਰ.ਆਈ. ਵਰਿੰਦਰ ਸਿੰਘ ਖੇੜਾ ਨੇ ਮੁੱਖ ਮੰਤਰੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਇਸ ਸਕੀਮ ਤਹਿਤ 6 ਤੋਂ 17 ਅਗਸਤ ਤੱਕ ਬਰਤਾਨੀਆ ਤੋਂ ਆਉਣ ਵਾਲੇ ਨੌਜਵਾਨਾਂ ਦੇ ਪਹਿਲੇ ਬੈਚ ਲਈ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।ਇਹ ਪ੍ਰਗਟਾਵਾ ਕਰਦਿਆਂ ਸ੍ਰੀ ਖੇੜਾ ਨੇ ਦੱਸਿਆ ਕਿ ਉਨਾਂ ਨੇ ਮੁੱਖ ਮੰਤਰੀ ਨੂੰ ਇਨਾਂ ਨੌਜਵਾਨਾਂ ਨੂੰ ਆਪਣੇ ਪੁਰਖਿਆਂ ਦੀ ਧਰਤੀ ਲਿਆਉਣ ਬਾਰੇ ਹੁਣ ਤੱਕ ਕੀਤੇ ਇੰਤਜ਼ਾਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨਾਂ ਇਹ ਵੀ ਦੱਸਿਆ ਕਿ ਇਸ ਵੇਲੇ ਇੰਗਲੈਂਡ ਵਿੱਚ ਇਸ ਵੇਲੇ ਲਗਪਗ 10 ਲੱਖ ਪਰਵਾਸੀ ਭਾਰਤੀ ਰਹਿ ਰਹੇ ਹਨ ਜਿਨਾਂ ਵਿੱਚੋਂ ਪੰਜ ਲੱਖ ਪੰਜਾਬੀ ਹਨ। ਉਨਾਂ ਕਿਹਾ ਕਿ ਉਥੇ ਵਸਦੇ ਪੰਜਾਬੀ ਨੌਜਵਾਨ ਇੱਥੇ ਆਉਣ ਲਈ ਉਤਸੁਕ ਹਨ ਅਤੇ ਸੂਬਾ ਸਰਕਾਰ ਵੱਲੋਂ ਇਹ ਸਕੀਮ ਨਾਲ ਕੀਤੀ ਗਈ ਨਿਵੇਕਲੀ ਪਹਿਲ ਨਾਲ ਉਨਾਂ ਨੂੰ ਹੋਰ ਉਤਸ਼ਾਹ ਮਿਲੇਗਾ। ਸ੍ਰੀ ਖੇੜਾ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਉਹ ਪੂਰੀ ਲਗਨ ਤੇ ਸਮਰਪਿਤ ਭਾਵਨਾ ਨਾਲ ਨਿਭਾਉਣਗੇ।ਉਨਾਂ ਦੱਸਿਆ ਕਿ ਇਹ ਬੈਚ 16-22 ਸਾਲ ਤੱਕ ਦੀ ਉਮਰ ਦੇ 10 ਲੜਕੇ-ਲੜਕੀਆਂ ’ਤੇ ਅਧਾਰਿਤ ਹੋਵੇਗਾ। ਉਨਾਂ ਕਿ ਇਹ ਐਨ.ਆਰ.ਆਈ. ਨੌਜਵਾਨ ਅੰਮਿ੍ਰਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਤੋਂ ਇਲਾਵਾ ਜਲਿਆਂ ਵਾਲਾ ਬਾਗ, ਵਾਹਘਾ ਬਾਰਡਰ, ਜੰਗੀ ਯਾਦਗਾਰ, ਜੰਗ-ਏ-ਆਜ਼ਾਦੀ ਕਰਤਾਰਪੁਰ (ਜਲੰਧਰ), ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰ ਬੰਗਾ, ਖਾਲਸਾ ਵਿਰਾਸਤ ਕੰਪਲੈਕਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਜਾਣਗੇ। ਇਹ ਨੌਜਵਾਨ ਇਕ ਜਾਂ ਦੋ ਦਿਨ ਆਪਣੇ ਪੁਰਖਿਆਂ ਦੇ ਪਿੰਡ ਵਿੱਚ ਬਿਤਾਉਣਗੇ ਅਤੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ’ਤੇ ਹੋਣ ਵਾਲੇ ਸਮਾਗਮਾਂ ਵਿੱਚ ਵੀ ਸ਼ਿਰਕਤ ਕਰਨਗੇ। ਉਨਾਂ ਕਿਹਾ ਕਿ ਪਹਿਲੇ ਗਰੁੱਪ ਦੇ ਟੂਰ ਤੋਂ ਬਾਅਦ ਉਹ ਯੂਰਪ ਦੇ ਬਾਕੀ ਮੁਲਕਾਂ ਤੋਂ ਵੀ ਦੂਜਾ ਟੂਰ ਲਿਆਉਣ ਸਬੰਧੀ ਸੂਬਾ ਸਰਕਾਰ ਨੂੰ ਤਜਵੀਜ਼ ਭੇਜਣਗੇ ਤਾਂ ਕਿ ਉਥੇ ਵਸਦੇ ਪਰਵਾਸੀ ਪੰਜਾਬੀਆਂ ਦੇ ਬੱਚੇ ਵੀ ਆਪਣੇ ਅਮੀਰ ਵਿਰਸੇ ਅਤੇ ਗੌਰਵਮਈ ਵਿਰਾਸਤ ਤੋਂ ਜਾਣੰੂ ਹੋ ਸਕਣ।