ਸ਼ਹਿਨਸ਼ਾਹ ਵਲੀ ਦੇ ਦਰਗਾਹ ’ਤੇ ਸਲਾਨਾ ਮੇਲਾ ਕਰਵਾਇਆ,ਗਾਇਕ ਜੋੜੀ ਵੀਰ ਦਵਿੰਦਰ ਤੇ ਬੀਬਾ ਸੁਖਰੀਤ ਕੌਰ ਬੰਨਿਆ ਰੰਗ

ਧਰਮਕੋਟ,8 ਜੁਲਾਈ (ਸਤਨਾਮ ਸਿੰਘ ਘਾਰੂ)- ਹਰ ਸਾਲ ਦੀ ਤਰਾਂ ਪੀਰ ਬਾਬਾ ਸ਼ਹਿਨਸਾਹ ਵਲੀ ਦੀ ਦਰਗਾਹ ਪਿੰਡ ਚੌਧਰੀ ਵਾਲਾ ਵਿਖੇ ਐਨ.ਆਰ.ਆਈ ਵੀਰਾਂ, ਮੇਲਾ ਪ੍ਰਬੰਧਕ ਕਮੇਟੀ, ਸਮੂਹ ਗ੍ਰਾਂਮ ਪੰਚਾਇਤ, ਨਗਰ ਨਿਵਾਸੀ ਸੰਗਤਾਂ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ (ਰਜਿ.) ਵੱਲੋਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਸਭ ਤੋਂ ਪਹਿਲਾਂ ਮੇਲਾ ਕਮੇਟੀ ਵੱਲੋਂ ਬਾਬਾ ਜੀ ਦੀ ਦਰਗਾਹ ਉਪਰ ਚਾਦਰ ਚੜਾਉਣ ਦੀ ਰਸਮ ਕੀਤੀ ਗਈ। ਮੇਲੇ ਦੌਰਾਨ ਸਾੲੀਂ ਬਾਪੂ ਚੰਗਿਆੜੇ ਸ਼ਾਹ , ਬਾਬਾ ਨਿੱਕੇ ਸਾਹ ਮੁੱਖ ਸੇਵਾਦਾਰ ਬਾਬਾ ਟੱਲ ਸ਼ਾਹ ਧਰਮਕੋਟ, ਝਿਰਮਲ ਸਿੰਘ ਮੁੱਖ ਸੇਵਾਦਾਰ ਬਾਬਾ ਅਬਦੁਲੋ ਸ਼ਾਹ ਵਿਸ਼ੇਸ ਤੌਰ ਤੇ ਹਾਜਰ ਹੋਏ। ਸੱਭਿਆਚਾਰਕ ਸਟੇਜ ਦੀ ਸ਼ੁਰੂਆਤ ਮਾਲਵੇ ਦੀ ਪ੍ਰਸਿੱਧ ਗਾਇਕਾ ਮੈਡਮ ਰੰਜਨਾ ਵੱਲੋਂ ਧਾਰਮਿਕ ਗੀਤ ਨਾਲ ਕੀਤੀ ਗਈ, ਬਾਅਦ ਵਿਚ ਗਾਇਕ ਜੋੜੀ ਪੱਪੂ ਸੰਗਲਾ ਅਤੇ ਮਨਦੀਪ ਦੀਪੀ ਅਤੇ ਉਭਰਦੀ ਗਾਇਕਾ ਮਨੂੰ ਅਰੋੜਾ ਨੇ ਵੀ ਹਾਜਰੀ ਲਗਾਈ। ਉਪਰੰਤ ਪੰਜਾਬ ਦੀ ਨਾਮਵਰ ਗਾਇਕ ਜੋੜੀ ਵੀਰ ਦਵਿੰਦਰ ਤੇ ਬੀਬਾ ਸੁਖਰੀਤ ਕੌਰ ਨੇ ਆਪਣੇ ਪ੍ਰਸਿੱਧ ਗੀਤਾਂ ਨਾਲ ਦੇਰ ਸ਼ਾਮ ਤੱਕ ਸਮਾਂ ਬੰਨੀ ਰੱਖਿਆ। ਕਮੇਡੀਅਨ ਜੋੜੀ ਤਾਰਾ ਗੱਪੀ ਅਤੇ ਧੰਨੋ ਨੇ ਹਾਸਰਸ ਵਿਅੰਗਾਂ ਨਾਲ ਸਰੋਤਿਆਂ ਦੇ ਢਿੱਡੀਂ ਪੀੜਾਂ ਪਾਈਆਂ। ਉਪਰੰਤ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਮੇਲੇ ਦੌਰਾਨ ਠੰਡੇ ਮਿੱਠੇ ਜਲ ਦੀ ਸ਼ਬੀਲ, ਜਲੇਬੀਆਂ ਅਤੇ ਗੁਰੂ ਦਾ ਲੰਗਰ ਸਾਰਾ ਦਿਨ ਵਰਤਦਾ ਰਿਹਾ। ਮੰਚ ਸੰਚਾਲਣ ਦੀ ਭੁਮਿਕਾ ਬਨਾਰਸੀ ਨੇ ਬਾਖੂਬੀ ਨਿਭਾਈ। ਇਸ ਮੌਕੇ ਕਲੱਬ ਪ੍ਰਧਾਨ ਬਲਜੀਤ ਸਿੰਘ ਬੱਲੀ, ਕਰਨੈਲ ਸਿੰਘ ਚੇਅਰਮੈਂਨ, ਝਿਰਮਲ ਸਿੰਘ, ਮਨਜੀਤ ਸਿੰਘ ਖਹਿਰਾ, ਨਛੱਤਰ ਸਿੰਘ ਖਹਿਰਾ, ਦਿਲਬਾਗ ਸਿੰਘ ਕਮਾਲਕੇ ਪ੍ਰਧਾਨ, ਬਿੱਕਰ ਸਿੰਘ ਫਿਰੋਜਵਾਲਾ, ਜਿਉਣ ਸਿੰਘ, ਸਰਪੰਚ ਤਰਲੋਕ ਸਿੰਘ, ਪ੍ਰਤਾਪ ਸਿੰਘ, ਰਕੇਸ ਲੋਟਾ, ਗੁਰਦੀਪ ਸਿੰਘ, ਬਾਬਾ ਲਖਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜਰ ਸਨ।