ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਸੁਸ਼ਮਾ ਸਵਰਾਜ ਨਾਲ ਮੁਲਾਕਾਤ,ਪਰਵਾਸੀ ਲਾੜਿਆਂ ਹੱਥੋਂ ਸਤਾਈਆਂ ਔਰਤਾਂ ਦਾ ਮਾਮਲਾ ਉਠਾਇਆ

ਚੰਡੀਗੜ੍ਹ, 6 ਜੁਲਾੲ(ਪੱਤਰ ਪਰੇਰਕ)-ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਨਵੀਂ ਦਿੱਲੀ ਵਿਖੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪਰਵਾਸੀ ਲਾੜਿਆਂ ਵੱਲੋਂ ਸਤਾਈਆਂ ਔਰਤਾਂ ਦਾ ਮਾਮਲਾ ਚੁੱਕਿਆ ਅਤੇ ਅਜਿਹੇ ਕੇਸਾਂ ਦੇ ਛੇਤੀ ਤੇ ਸਮਾਂਬੱਧ ਨਿਬੇੜੇ ਲਈ ਚਾਰਾਜੋਈ ਕਰਨ ਦੀ ਅਪੀਲ ਕੀਤੀ। ਸ੍ਰੀਮਤੀ ਗੁਲਾਟੀ ਨੇ ਕਿਹਾ ਕਿ ਇਕੱਲੇ ਪੰਜਾਬ ਵਿੱਚ ਅਜਿਹੇ 30 ਹਜ਼ਾਰ ਕੇਸ ਅਦਾਲਤਾਂ ਵਿੱਚ ਲਟਕ ਰਹੇ ਹਨ, ਜਿਨ੍ਹਾਂ ਵਿੱਚ ਔਰਤਾਂ ਨੂੰ ਆਪਣੇ ਪਰਵਾਸੀ ਪਤੀਆਂ ਤੋਂ ਇਨਸਾਫ਼ ਦੀ ਦਰਕਾਰ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਕੇਸਾਂ ਦੇ ਛੇਤੀ ਨਿਬੇੜੇ ਲਈ ਮਦਦ ਕੀਤੀ ਜਾਵੇ ਅਤੇ ਸਖ਼ਤ ਕਾਨੂੰਨ ਬਣਾਏ ਜਾਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੇਸਾਂ ਦੀ ਭਾਰਤ ਵਿੱਚ ਮੁੱਢਲੀ ਜਾਂਚ ਵਿੱਚ ਪਰਵਾਸੀ ਭਾਰਤੀ ਮੁਲਜ਼ਮ ਪਾਇਆ ਜਾਂਦਾ ਹੈ ਤਾਂ ਉਸ ਕੇਸ ਵਿੱਚ ਮੁਲਜ਼ਮ ਦੀ ਤੁਰੰਤ ਹਵਾਲਗੀ ਲਈ ਕੋਸ਼ਿਸ਼ਾਂ ਕੀਤੀਆਂ ਜਾਣ ਅਤੇ ਉਨ੍ਹਾਂ ਦੇ ਪਾਸਪੋਰਟ ਉਦੋਂ ਤੱਕ ਜ਼ਬਤ ਕੀਤੇ ਜਾਣ, ਜਦੋਂ ਤੱਕ ਉਹ ਆਪਣੀਆਂ ਛੱਡੀਆਂ ਪਤਨੀਆਂ ਨੂੰ ਢੁਕਵਾਂ ਮੁਆਵਜ਼ਾ ਨਹੀਂ ਦੇ ਦਿੰਦੇ। ਇਸ ਫੈਸਲੇ ਨਾਲ ਜਿੱਥੇ ਪੀੜਤ ਔਰਤਾਂ ਨੂੰ ਇਨਸਾਫ਼ ਮਿਲੇਗਾ, ਉਥੇ ਹੋਰ ਵੀ ਪਰਵਾਸੀ ਭਾਰਤੀ ਲਾੜਿਆਂ ਨੂੰ ਨਸੀਹਤ ਮਿਲੇਗੀ ਕਿ ਉਹ ਅਜਿਹਾ ਕੰਮ ਨਾ ਕਰਨ। ਚੇਅਰਪਰਸਨ ਨੇ ਸੁਸ਼ਮਾ ਸਵਰਾਜ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਵਿੱਚ ਦਾਖ਼ਲ ਦੇ ਕੇ ਢੁਕਵੀਂ ਕਾਰਵਾਈ ਕਰਨ ਅਤੇ ਸਖ਼ਤ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰਨ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਨੇ ਇਸ ਮਾਮਲੇ ਵਿੱਚ ਢੁਕਵੀਂ ਕਾਰਵਾਈ ਦਾ ਭਰੋਸਾ ਦਿੱਤਾ ਹੈ।