ਸਾਦਿਕ ਦਾ ਖੇਡ ਸਟੇਡੀਅਮ ਬਣਿਆ ਨਸ਼ੇੜੀਆਂ ਦਾ ਅੱਡਾ, ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ

ਸਾਦਿਕ, 6 ਜੁਲਾਈ (ਰਘਬੀਰ ਸਿੰਘ))-ਪੰਜਾਬ ਅੰਦਰ ‘ਮਰੋ ਜਾਂ ਵਿਰੋਧ ਕਰੋ’ ਦੇ ਤਹਿਤ ‘ਚਿੱਟੇ ਖਿਲਾਫ਼ ਕਾਲਾ ਹਫਤਾ’ ਮਨਾਇਆ ਜਾ ਰਿਹਾ ਹੈ ਅਤੇ ਵੱਖ-ਵੱਖ ਥਾਵਾਂ ਤੇ ਆਮ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਚਿੰਤਕ ਲੋਕਾਂ ਵੱਲੋਂ ਨਸ਼ਿਆਂ ਖਿਲਾਫ਼ ਰੋਸ ਮਾਰਚ ਕੱਢੇ ਜਾ ਰਹੇ ਹਨ ’ਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨਸ਼ੇ ਦੇ ਵਗ ਰਹੇ ਦਰਿਆ ’ਚ ਰੁੜਦੀ ਜਾ ਰਹੀ ਨੌਜੁਵਾਨੀ ਨੂੰ ਬਚਾਇਆ ਜਾ ਸਕੇ। ਨਸ਼ੇੜੀ ਲੋਕਾਂ ’ਤੇ ਇਸ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਨਸ਼ੇ ਦੇ ਆਦੀ ਲੋਕਾਂ ਨੇ ਆਪਣਾ ਕੰਮ ਜਾਰੀ ਰੱਖਿਆ ਹੋਇਆ ਹੈ ਅਤੇ ਉਹ ਜਨਤਕ ਥਾਵਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਹੇ ਹਨ ਤੇ ਉਹ ਚੋਰੀ ਛਿੱਪੇ ਇੱਥੇ ਆ ਕੇ ਆਪਣਾ ਝੱਸ ਪੂਰਾ ਕਰਦੇ ਹਨ। ਇਸ ਦੀ ਤਾਜ਼ਾ ਮਿਸਾਲ ਸਾਦਿਕ ਵਿਖ ਬਣੇ ਖੇਡ ਸਟੇਡੀਅਮ ਤੋਂ ਮਿਲਦੀ ਹੈ ਜਿੱਥੇ ਨਸ਼ਾ ਕਰਨ ਵਾਲੇ ਲੋਕ ਆ ਕੇ ਆਪਣਾ ਸਮਾਂ ਬਤੀਤ ਕਰਦੇ ਹਨ ਤੇ ਇੱਥੇ ਹੀ ਉਹ ਆਪਣਾ ਨਸ਼ੇ ਦਾ ਝੱਸ ਵੀ ਪੂਰਾ ਕਰਦੇ ਹਨ। ਇਸ ਖੇਡ ਸਟੇਡੀਅਮ ਵਿਚ ਬਣੀ ਝੌਪੜੀ ਹੇਠਾਂ ਅਨੇਕਾਂ ਹੀ ਨਸ਼ੇ ਵਾਲੀਆਂ ਗੋਲੀਆਂ ਦੇ ਖਾਲੀ ਪੱਤੇ, ਸਰਿੰਜ਼ਾਂ, ਖਾਲੀ ਪੁੜੀਆਂ ਤੋਂ ਇਲਾਵਾ ਐਸ.ਆਰ.ਦੀਆਂ ਖਾਲੀ ਡੱਬੀਆਂ ਵੀ ਪਈਆਂ ਮਿਲੀਆਂ ਹਨ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਜੇ ਵੀ ਲੋਕ ਨਸ਼ੇ ਦੀ ਮਾਰ ਹੇਠ ਚੱਲ ਰਹੇ ਹਨ। ਇਸ ਸੰਬਧੀ ਜਦੋਂ ਥਾਣਾ ਸਾਦਿਕ ਦੇ ਮੁੱਖ ਅਫ਼ਸਰ ਇੰਸਪੈਕਟਰ ਇਕਬਾਲ ਸਿੰਘ ਨਾਲ ਗੱਲ ਕੀਤੀ ਤਾਂ ੳਨਾਂ ਕਿਹਾ ਕਿ ਇਹ ਵਧੀਆ ਗੱਲ ਹੈ ਕਿ ਇਹ ਮਸਲਾ ੳਨਾਂ ਦੇ ਧਿਆਨ ’ਚ ਲਿਆਂਦਾ ਹੈ ਤੇ ਉਨਾਂ ਇਸ ਤੇ ਤੁੰਰਤ ਕਾਰਵਾਈ ਕਰਦਿਆਂ ਆਪਣੇ ਸਾਥੀਆਂ ਨੂੰ ਸਵੇਰ ਸ਼ਾਮ ਜਨਤਕ ਸਥਾਨਾਂ ਦੀ ਗਸ਼ਤ ਕਰਨ ਲਈ ਸਖ਼ਤ ਹਦਾਇਤ ਕੀਤੀ ਅਤੇ ਭਰੋਸਾ ਦੁਆਇਆ ਕਿ ਉਹ ਜਨਤਕ ਥਾਵਾਂ ਨੂੰ ਨਸ਼ੇੜੀਆਂ ਦਾ ਅੱਡਾ ਨਹੀਂ ਬਣਨ ਦੇਣਗੇ।