ਗੁਰਦੀਪ ਸਿੰਘ ਬਰਾੜ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

ਸਾਦਿਕ, 6 ਜੁਲਾਈ (ਰਘਬੀਰ ਸਿੰਘ)-ਇੱਥੋਂ ਨੇੜਲੇ ਪਿੰਡ ਜਨੇਰੀਆਂ ਦੇ ਵਸਨੀਕ ਸ: ਗੁਰਦੀਪ ਸਿੰਘ ਬਰਾੜ ਜੋ ਪਿਛਲੇ ਦਿਨੀਂ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਇੱਥੋਂ ਦੇ ਇਤਿਹਾਸਿਕ ਗੁਰਦੁਆਰਾ ਜੰਡ ਸਾਹਿਬ ਵਿਖੇ ਹੋਇਆ। ਇਸ ਮੌਕੇ ਕੀਰਤਨੀ ਜਥੇ ਵੱਲੋਂ ਗੁਰਬਾਣੀ ਸ਼ਬਦਾਂ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਸੋਗ਼ ਸਮਾਗਮ ਵਿੱਚ ਇਲਾਕੇ ਦੇ ਦੀਆਂ ਰਾਜਨੀਤਿਕ ਸ਼ਖ਼ਸੀਅਤਾਂ ਤੋਂ ਇਲਾਵਾ ਸ: ਗੁਰਦੀਪ ਸਿੰਘ ਬਰਾੜ ਦੇ ਸਨੇਹੀਆਂ ਨੇ ਸ਼ਾਮਿਲ ਹੋ ਕੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਕਾਂਗਰਸੀ ਆਗੂ ਗੁਰਸ਼ਵਿੰਦਰ ਸਿੰਘ ਮਚਾਕੀ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮਰਹੂਮ ਸ: ਗੁਰਦੀਪ ਸਿੰਘ ਬਰਾੜ ਦੇ ਜੀਵਨ ’ਤੇ ਝਾਤ ਪਾਉਂਦਿਆਂ ਕਿਹਾ ਕਿ ਸ: ਬਰਾੜ ਬਹੁਤ ਹੀ ਨੇਕ ਅਤੇ ਦਇਆਵਾਨ ਇਨਸਾਨ ਸਨ ਜੋ ਗ਼ਰੀਬਾਂ ਅਤੇ ਲੋੜਵੰਦਾਂ ਦੀ ਮੱਦਦ ਲਈ ਹਮੇਸ਼ਾਂ ਤਿਆਰ ਰਹਿੰਦੇ ਸਨ। ਉਨਾਂ ਕਿਹਾ ਕਿ ਕਿ ਅੱਜ ਅੰਤਿਮ ਅਰਦਾਸ ’ਤੇ ਹੋਇਆ ਇਹ ਭਾਰੀ ਇਕੱਠ ਇਸ ਗੱਲ ਦਾ ਗਵਾਹ ਹੈ ਕਿ ਸ: ਬਰਾੜ ਹੁਰਾਂ ਦਾ ਇਲਾਕੇ ਵਿੱਚ ਕਿਵੇਂ ਦਾ ਰਸੂਖ਼ ਰਿਹਾ ਹੋਵੇਗਾ। ਇਸ ਮੌਕੇ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਧਾਲੀਵਾਲ, ਸੁਖਦੇਵ ਸਿੰਘ ਸਰਪੰਚ ਸੰਗਰਾਹੂਰ, ਦਲਜੀਤ ਸਿੰਘ ਢਿੱਲੋਂ ਸਾਬਾਕ ਸਰਪੰਚ, ਪਾਲ ਸਿੰਘ ਸੰਧੂ, ਜ਼ਿਲਾ ਪ੍ਰਧਾਨ ਭਾਕਿਯੂ (ਕਾਦੀਆਂ) ਜਸਪਿੰਦਰ ਸਿੰਘ, ਸਾਬਕਾ ਸਰਪੰਚ ਈਸ਼ਵਰ ਸਿੰਘ ਝੋਕ, ਗੁਲਜੀਤ ਸਿੰਘ ਢਿੱਲੋਂ, ਬੋਹੜ ਸਿੰਘ ਥਿੰਦ ਅਤੇ ਗੁਰਪ੍ਰੀਤ ਸਾਦਿਕ ਤੋਂ ਇਲਾਵਾ ਸਾਦਿਕ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਸ: ਗੁਰਦੀਪ ਸਿੰਘ ਬਰਾੜ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।