ਭੁੱਖ ਹੜਤਾਲ ਦੇ 6ਵੇਂ ਦਿਨ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਭਰਵਾਂ ਸਮਰਥਨ

ਕੋਟਕਪੂਰਾ, 6 ਜੁਲਾਈ (ਗੁਰਿੰਦਰ ਸਿੰਘ) :- ਸਥਾਨਕ ਬੱਤੀਆਂ ਵਾਲੇ ਚੌਂਕ ’ਚ ਨਸ਼ਾ ਵਿਰੋਧੀ ਫਰੰਟ ਵੱਲੋਂ ਸ਼ੁਰੂ ਕੀਤੀ  ਗਈ ਸੰਕੇਤਕ ਭੁੱਖ ਹੜਤਾਲ ਦੇ ਛੇਵੇਂ ਦਿਨ ਉੱਘੇ ਸਿੱਖ ਪ੍ਰਚਾਰਕ ਬਾਬਾ ਅਵਤਾਰ ਸਿੰਘ ਸਾਧਾਂਵਾਲਾ ਪੂਰੇ ਜਥੇ ਸਮੇਤ ਭੁੱਖ ਹੜਤਾਲ ’ਤੇ ਬੈਠੇ, ਉਹਨਾਂ ਤੋਂ ਇਲਾਵਾ ਅੱਜ ਮਨਪ੍ਰੀਤ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਮੜਾਕ ਅਤੇ ਪ੍ਰਣਾਮ ਸਿੰਘ ਖਾਰਾ ਵੀ ਭੁੱਖ ਹੜਤਾਲ ’ਤੇ ਬੈਠਣ ਵਾਲਿਆਂ ’ਚ ਸ਼ਾਮਲ ਹਨ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪ੍ਰੋ. ਸਾਧੂ ਸਿੰਘ ਮੈਂਬਰ ਪਾਰਲੀਮੈਂਟ, ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਜੈਤੋ ਤੋਂ ਵਿਧਾਇਕ ਬਲਦੇਵ ਸਿੰਘ, ਭਾਈ ਰਾਹੁਲ ਸਿੰਘ ਸਿੱਧੂ, ਮੱਖਣ ਸਿੰਘ ਨੰਗਲ ਸਮੇਤ ਅਨੇਕਾਂ ਉੱਘੀਆਂ ਸ਼ਖਸ਼ੀਅਤਾਂ ਇਕ ਤੋਂ ਵੱਧ ਵਾਰ ਹਾਜਰੀ ਭਰ ਚੁੱਕੀਆਂ ਹਨ ਤੇ ਉਕਤ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦੋਂ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਅਗਵਾਈ ਹੇਠ ਅਕਾਲੀ ਆਗੂਆਂ ਦੀ ਵੱਡੀ ਟੀਮ ਨੇ ਵੀ ਭੁੱਖ ਹੜਤਾਲ ’ਤੇ ਬੈਠੇ ਵਿਅਕਤੀਆਂ ਤੇ ਹਰਪਿੰਦਰ ਸਿੰਘ ਕੋਟਕਪੂਰਾ ਸਮੇਤ ਉਨਾ ਦੇ ਸਾਥੀਆਂ ਨਾਲ ਗੱਲਬਾਤ ਸਾਂਝੀ ਕੀਤੀ। ਆਪਣੇ ਸੰਬੋਧਨ ਦੌਰਾਨ ਬਾਬਾ ਅਵਤਾਰ ਸਿੰਘ ਅਤੇ ਦਲੇਰ ਸਿੰਘ ਡੋਡ ਨੇ ਨਸ਼ਿਆਂ ਨਾਲ ਨਿੱਤ ਦਿਹਾੜੇ ਹੋ ਰਹੀਆਂ ਮੌਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹਨਾਂ ਮਾਰੂ ਨਸ਼ਿਆਂ ਕਾਰਨ ਨੌਜਵਾਨ ਮੌਤ ਦੇ ਮੂੰਹ ਪੈ ਰਹੇ ਹਨ ਅਤੇ ਘਰਾਂ ਦੇ ਘਰ ਤਬਾਹ ਹੋ ਚੁੱਕੇ ਹਨ। ਅੱਜ ਧਰਨੇ ਦੇ ਛੇਵੇਂ ਦਿਨ ਵੀ ਪ੍ਰਸ਼ਾਸ਼ਨ ਤਰਫੋਂ ਕੋਈ ਅਧਿਕਾਰੀ ਗੱਲਬਾਤ ਕਰਨ ਨਹੀਂ ਪੁੱਜਾ ਪਰ ਵੱਖ-ਵੱਖ  ਸਿਆਸੀ ਪਾਰਟੀਆਂ, ਸਮਾਜਿਕ ਜਥੇਬੰਦੀਆਂ ਅਤੇ ਆਮ ਲੋਕਾਂ ਦਾ ਪੂਰਾ ਦਿਨ ਜਮਾਵੜਾ ਬਣਿਆ ਰਿਹਾ, ਭੁੱਖ ਹੜਤਾਲ ਦਾ ਸਮਰਥਨ ਕਰਨ ਸਾਥੀਆਂ ਸਮੇਤ ਪੁੱਜੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਜਿੱਥੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਲਈ ਗੰਭੀਰ ਹੋਵੇ, ਉਥੇ ਹੀ ਲੋਕਾਂ ਦਾ ਫਰਜ਼ ਬਣਦਾ ਹੈ ਕਿ ਚੰਦ ਵੋਟਾਂ ਖਾਤਰ ਲੋਕਾਂ ਨੂੰ ਨਸ਼ਾ ਵੰਡ ਕੇ ਕੁਰਾਹੇ ਪਾਉਣ ਵਾਲੇ ਸਿਆਸਤਦਾਨਾਂ ਦਾ ਵੀ ਸਮਾਜਿਕ ਬਾਈਕਾਟ ਕਰਨ।