ਸਾਫ-ਸੁਥਰਾ ਵਾਤਾਵਰਣ ਪ੍ਰਦਾਨ ਕਰਨਾ ਮਿਸ਼ਨ ਤੰਦਰੁਸਤ ਪੰਜਾਬ ਦਾ ਅਹਿਮ ਹਿੱਸਾ

ਮੋਗਾ 6 ਜੁਲਾਈ: (ਜਸ਼ਨ):ਤੰਦਰੁਸਤ ਪੰਜਾਬ‘ ਮਿਸ਼ਨ ਤਹਿਤ ਘਰ-ਘਰ ਹਰਿਆਲੀ ਲਿਆਉਣ ਦੇ ਮਕਸਦ ਨਾਲ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਜਗਤਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡ ਨੱਥੂਵਾਲਾ ਵਿਖੇ ਵਿਖੇ ਪੌਦੇ ਲਗਾਏ ਗਏ। ਇਸ ਮੌਕੇ ਕਰ ਤੇ ਆਬਕਾਰੀ ਅਫ਼ਸਰ ਸ਼ਕੁੰਤਲਾ ਦੇਵੀ ਅਤੇ ਕਰ ਤੇ ਆਬਕਾਰੀ ਇੰਸਪੈਕਟਰ ਰਜੇਸ਼ ਕੁਮਾਰ ਵੀ ਮੌਜੂਦ ਸਨ। ਇਸ ਮੌਕੇ ਕਰ ਤੇ ਆਬਕਾਰੀ ਅਫ਼ਸਰ ਸ਼ਕੁੰਤਲਾ ਦੇਵੀ ਵੱਲੋ ਪਿੰਡ ਵਾਸੀਆਂ ਨੂੰ ਵਾਤਾਵਰਨ ਦੀ ਸੰਭਾਲ, ਪ੍ਰਦੂਸ਼ਣ ਮੁਕਤ ਪੰਜਾਬ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।ਉਨਾਂ ਦੱਸਿਆ ਕਿ ਸਾਫ-ਸੁਥਰਾ ਵਾਤਾਵਰਣ ਪ੍ਰਦਾਨ ਕਰਨਾ ਮਿਸ਼ਨ ਤੰਦਰੁਸਤ ਪੰਜਾਬ ਦਾ ਅਹਿਮ ਹਿੱਸਾ ਹੈ ਤੇ ਜੰਗਲਾਤ ਵਿਭਾਗ ਵੱਲੋਂ ਵੀ ਘਰ-ਘਰ ਹਰਿਆਲੀ ਮੁਹਿੰਮ ਅਧੀਨ ਹਰੇਕ ਘਰ ਵਿੱਚ ਬੂਟੇ ਲਗਾਏ ਜਾ ਰਹੇ ਹਨ ਤਾਂ ਜੋ ਸਾਡਾ ਵਾਤਾਵਰਣ ਸਵੱਛ ਬਣਿਆ ਰਹੇ। ਉਨਾਂ ਮੌਜੂਦਾ ਪ੍ਰਦੂਸ਼ਣ ਭਰੇ ਮਹੌਲ ਨੂੰ ਸਾਫ਼-ਸੁਥਰਾ ਰੱਖਣ ਲਈ ਪਿੰਡ ਵਾਸੀਆਂ ਨੂੰ ਵੱਧ ਤੋ ਵੱਧ ਬੂਟੇ ਲਗਾ ਕੇ ਉਨਾਂ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ। ਉਨਾਂ ਵਾਤਾਵਰਣ ਦੀ ਸੁੱਧਤਾ ਲਈ ਪੋਦਿਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਰੁੱਖ਼ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਅਤੇ ਇਨਾਂ ਤੋਂ ਬਿਨਾਂ ਮਨੁੱਖ ਦਾ ਕੋਈ ਅਧਾਰ ਨਹੀਂ ਹੈ। ਉਨਾਂ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਫ਼ਲ ਬਣਾਉਣ ਲਈ ਸਾਡੇ ਵਾਤਾਵਰਨ ਦਾ ਸ਼ੁੱਧ ਤੇ ਸਾਫ਼-ਸੁਥਰਾ ਹੋਣਾ ਬਹੁਤ ਜ਼ਰੂਰੀ ਹੈ, ਜੋ ਕਿ ਵੱਧ ਤੋਂ ਵੱਧ ਪੌਦੇ ਲਗਾਉਣ ਨਾਲ ਹੀ ਸੰਭਵ ਹੋ ਸਕਦਾ ਹੈ।