ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਅਧਿਕਾਰੀ ਯੋਗ ਲਾਭਪਾਤਰਾਂ ਨੂੰ ਵੱਖ-ਵੱਖ ਸਕੀਮਾਂ ਦਾ ਬਣਦਾ ਲਾਭ ਦੇਣਾ ਯਕੀਨੀ ਬਣਾਉਣ-ਡਿਪਟੀ ਕਮਿਸ਼ਨਰ

ਮੋਗਾ 6 ਜੁਲਾਈ:(ਜਸ਼ਨ)- ਜ਼ਿਲੇ ਦੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲੋੜਵੰਦ ਪ੍ਰਾਰਥੀਆਂ ਦੀਆਂ ਦਰਖਾਸਤਾਂ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਯੋਗ ਲਾਭਪਾਤਰਾਂ ਨੂੰ ਵੱਖ-ਵੱਖ ਸਕੀਮਾਂ ਦਾ ਬਣਦਾ ਲਾਭ ਦੇਣਾ ਯਕੀਨੀ ਬਣਾਉਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਮੀਟਿੰਗ ਹਾਲ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਦੂਜੇ ਪੜਅ ਅਧੀਨ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਸਰਕਾਰੀ ਸਕੀਮਾਂ ਦਾ ਜਾਇਜ਼ਾ ਲੈਣ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਜੇਸ਼ ਤਿ੍ਰਪਾਠੀ ਵੀ ਮੌਜੂਦ ਸਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਕੋਈ ਵੀ ਯੋਗ ਲਾਭਪਾਤਰ ਲਾਭ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨਾਂ ਸਬੰਧਤ ਵਿਭਾਗਾਂ ਵਿਸ਼ੇਸ਼ ਕਰਕੇ ਸਿਹਤ, ਸਮਾਜਿਕ ਸੁਰੱਖਿਆ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਖੁਰਾਕ ਤੇ ਸਿਵਲ ਸਪਲਾਈ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਮ ਲੋਕਾਂ ਨੂੰ ਆਪੋ-ਆਪਣੇ ਵਿਭਾਗ ਨਾਲ ਸਬੰਧਤ ਸਰਕਾਰੀ ਯੋਜਨਾਵਾਂ ਦਾ ਲਾਭ ਦਿਵਾਉਣ ਲਈ ਲੋਕਾਂ ਤੱਕ ਖੁਦ ਪਹੁੰਚ ਕਰਨ, ਤਾਂ ਜੋ ਯੋਗ ਹੋਣ ਦੇ ਬਾਵਜੂਦ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੋਂ ਵਿਰਵੇ ਲੋਕ ਵੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦਾ ਲਾਭ ਪ੍ਰਾਪਤ ਕਰ ਸਕਣ। ਉਨਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਵੱਲੋਂ ਕੈਂਪਾਂ ਵਿੱਚ ਪ੍ਰਾਰਥੀਆਂ ਪਾਸੋਂ ਦਰਖਾਸਤਾਂ ਪ੍ਰਾਪਤ ਕਰਨ ਉਪਰੰਤ ਮੌਕੇ ‘ਤੇ ਹੀ ਵੇਰੀਫ਼ੀਕੇਸ਼ਨ ਕਰਕੇ ਲਾਭਪਾਤਰੀ ਨੂੰ ਲਾਭ ਦੇਣ ਦੀ ਯੋਗ ਕਾਰਵਾਈ ਤਰੁੰਤ ਸ਼ੁਰੂ ਕੀਤੀ ਜਾਵੇ। ਉਨਾਂ ਮੀਟਿੰਗ ਵਿੱਚ ਹਾਜ਼ਰ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਉਹ ਇਸ ਯੋਜਨਾ ਤਹਿਤ ਪਿੰਡਾਂ ਵਿੱਚ ਲਗਾਏ ਜਾ ਰਹੇ ਕੈਂਪਾਂ ਬਾਰੇ ਅਗਾਊ ਮੁਨਾਦੀ ਕਰਵਾਉਣ ਨੂੰ ਯਕੀਨੀ ਬਣਾਉਣ, ਤਾਂ ਜੋ ਵੱਧ ਤੋਂ ਵੱਧ ਲੋਕ ਕੈਂਪਾਂ ਵਿੱਚ ਜਾ ਕੇ ਭਲਾਈ ਸਕੀਮਾਂ ਦਾ ਲਾਹਾ ਪ੍ਰਾਪਤ ਕਰ ਸਕਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਜੇਸ਼ ਤਿ੍ਰਪਾਠੀ ਨੇ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਦੂਜੇ ਪੜਾਅ ਅਧੀਨ ਜ਼ਿਲੇ ਦੇ 406 ਲਾਭਪਾਤਰੀਆਂ ਦੀ ਸ਼ਨਾਖਤ ਕੀਤੀ ਗਈ ਹੈ, ਜਿੰਨਾਂ ਨੂੰ ਜਲਦੀ ਹੀ ਵੇਰੀਫ਼ੀਕੇਸ਼ਨ ਕਰਨ ਉਪਰੰਤ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਮੁਹੱਈਆ ਕਰਵਾ ਦਿੱਤਾ ਜਾਵੇਗਾ। ਉਨਾਂ ਜ਼ਿਲੇ ਦੇ ਸਮੂਹ ਐਸ.ਡੀ.ਐਮਜ਼ ਨੂੰ ਕੈਂਵਿੱਚ ਜਾਤੀ ਸਰਟੀਫੀਕੇਟ ਦੇ ਫ਼ਾਰਮ ਉਪਲੱਭਧ ਕਰਵਾ ਕੇ ਲੋੜਵੰਦਾਂ ਨੂੰ ਜਾਤੀ ਸਰਟੀਫ਼ੀਕੇਟ ਜਾਰੀ ਕਰਨ ਦੇ ਵੀ ਆਦੇਸ਼ ਦਿੱਤੇ, ਕਿਉਕਿ ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਮੁਹੱਈਆ ਕਰਵਾਉਣ ਸਮੇਂ ਆਇਲ ਕਾਰਪੋਰੇਸ਼ਨ ਵੱਲੋਂ ਜਾਤੀ ਸਰਟੀਫ਼ੀਕੇਟ ਦੀ ਮੰਗ ਕਰਨ ‘ਤੇ ਉਨਾਂ ਨੂੰ ਦਿੱਕਤ ਪੇਸ਼ ਆਉਂਦੀ ਹੈ। ਇਸ ਮੀਟਿੰਗ ਵਿੱਚ ਐਸ.ਡੀ.ਐਮ ਮੋਗਾ ਸੁਖਪ੍ਰੀਤ ਸਿੰਘ, ਐਸ.ਡੀ.ਐਮ ਬਾਘਾਪੁਰਾਣਾ ਅਮਰਬੀਰ ਸਿੰਘ ਸਿੱਧੂ, ਐਸ.ਡੀ.ਐਮ ਧਰਮਕੋਟ ਗੁਰਵਿੰਦਰ ਸਿੰਘ ਜੌਹਲ, ਸਹਾਇਕ ਕਮਿਸ਼ਨਰ(ਜ) ਲਾਲ ਵਿਸਵਾਸ਼ ਬੈਸ, ਸਹਾਇਕ ਸਿਵਲ ਸਰਜਨ ਏ.ਐਸ ਗਿੱਲ, ਲੀਡ ਜ਼ਿਲਾ ਮੈਨੇਜਰ ਸਵਰਨਜੀਤ ਸਿੰਘ ਗਿੱਲ, ਜ਼ਿਲਾ ਪ੍ਰੋਗਰਾਮ ਅਫ਼ਸਰ ਰੁਪਿੰਦਰ ਕੌਰ, ਜ਼ਿਲਾ ਸਿੱਖਿਆ ਅਫ਼ਸਰ ਗੁਰਦਰਸ਼ਨ ਸਿੰਘ ਬਰਾੜ, ਜ਼ਿਲਾ ਰੋਜ਼ਗਾਰ ਤੇ ਜਨਰੇਸ਼ਨ ਅਫ਼ਸਰ ਪਰਮਿੰਦਰ ਕੌਰ ਅਤੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਆਦਿ ਹਾਜ਼ਰ ਸਨ।